ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਰੌਸ਼ਨ ਰਾਹ

08:32 AM Oct 14, 2024 IST

ਕੇ ਸੀ ਰੁਪਾਣਾ

ਵੋਟਾਂ ਪੈਣ ਤੋਂ ਬਾਅਦ ਸਮਾਨ ਜਮ੍ਹਾਂ ਕਰਵਾਉਣ ਲਈ ਵਾਰੀ ਆਉਣ ’ਤੇ ਸਾਰਾ ਸਮਾਨ ਮੁਲਾਜ਼ਮ ਨੂੰ ਸੌਂਪ ਦਿੱਤਾ। ਉਹਨੇ ਚੈੱਕ ਕਰ ਕੇ ਸਵੀਕਾਰ ਕੀਤਾ, ਨਾਲ ਹੀ ਅਪਣੱਤ ਨਾਲ ਆਖਿਆ, “ਸਰ ਪਛਾਣਿਆ ਮੈਨੂੰ! ਮੈਂ ਤੁਹਾਡਾ ਵਿਦਿਆਰਥੀ ਰਿਹਾਂ। ਸ਼ਾਇਦ ਤੁਹਾਨੂੰ ਯਾਦ ਹੋਵੇ... ਉਸ ਸਾਲ ਮੇਰੇ ਜਮਾਤੀ ਅਰਸ਼ ਨਾਲ ਵਾਪਰੀ ਘਟਨਾ ਪਿੱਛੋਂ ਸਕੂਲ ਵਿੱਚ ਸਹਿਮ ਦਾ ਮਾਹੌਲ ਬਣ ਗਿਆ ਸੀ।”
ਘਰ ਪਹੁੰਚ ਕੇ ਮੈਂ ਤਿੰਨ ਦਹਾਕੇ ਪਹਿਲਾਂ ਆਪਣੇ ਪੁਰਾਣੇ ਸਕੂਲ ਦੀਆਂ ਯਾਦਾਂ ਦੇ ਪੰਨੇ ਪਲਟਣ ਲੱਗਾ। ਸਕੂਲ ਅਧਿਆਪਕ ਵਜੋਂ ਪਹਿਲੀ ਨਿਯੁਕਤੀ ਸੀ। ਵਿਦਿਆਰਥੀਆਂ ਨੂੰ ਗਿਆਨ ਵੰਡਣ ਦੇ ਉਤਸ਼ਾਹ ਵਿੱਚ ਦਿਨ ਬੀਤਦੇ ਦਾ ਪਤਾ ਨਹੀਂ ਸੀ ਲਗਦਾ। ਸਕੂਲ ਪਿੰਡੋਂ ਦੂਰ ਹੋਣ ਕਾਰਨ ਰੈਣ ਬਸੇਰਾ ਸਕੂਲ ਵਾਲਾ ਪਿੰਡ ਹੀ ਸੀ ਜਿੱਥੇ ਅਸੀਂ ਐਡਹਾਕ ਭਰਤੀ ਹੋਏ ਦੋ ਅਧਿਆਪਕ ਇਕੱਠੇ ਰਹਿੰਦੇ ਸਾਂ।
ਅਚਾਨਕ ਵਾਪਰੀ ਘਟਨਾ ਨੇ ਸਕੂਲ ਦਾ ਮਾਹੌਲ ਬਦਲ ਦਿੱਤਾ। ਨਲਕੇ ਤੋਂ ਪਾਣੀ ਪੀਣ ਗਿਆ ਸੱਤਵੀਂ ਵਿੱਚ ਪੜ੍ਹਦਾ ਅਰਸ਼ ਅਚਾਨਕ ਡਿੱਗ ਕੇ ਬੇਹੋਸ਼ ਹੋ ਗਿਆ। ਹੋਸ਼ ਵਿੱਚ ਆਇਆ ਤਾਂ ਚੀਕਾਂ ਮਾਰਨ ਲੱਗ ਪਿਆ। ਸਕੂਲ ਵਿੱਚ ਰੌਲਾ ਪੈ ਗਿਆ। ਅਰਸ਼ ਨੂੰ ਡਾਕਟਰੀ ਸਹਾਇਤਾ ਦੇ ਕੇ ਘਰ ਭੇਜ ਦਿੱਤਾ ਗਿਆ। ਅਗਲੇ ਦੋ ਤਿੰਨ ਦਿਨਾਂ ਵਿੱਚ ਬੱਚਿਆਂ ਦੇ ਬੇਹੋਸ਼ ਹੋ ਕੇ ਡਿੱਗਣ ਦੀਆਂ ਲਗਾਤਾਰ ਕਈ ਘਟਨਾਵਾਂ ਵਾਪਰ ਗਈਆਂ। ਡਰ ਨਾਲ ਸਕੂਲ ਵਿੱਚ ਬੱਚਿਆਂ ਦੀ ਗਿਣਤੀ ਘਟਣ ਲੱਗੀ। ਪਿੰਡ ਵਿੱਚ ਚਰਚਾ ਛਿੜ ਪਈ। ਕਹਿੰਦੇ, ਸਕੂਲ ਵਾਲੀ ਜਗ੍ਹਾ ’ਤੇ ਪਹਿਲਾਂ ਝਿੜੀ ਹੁੰਦੀ ਸੀ ਜਿੱਥੇ ਕੋਈ ਦਰਵੇਸ਼ ਰਹਿੰਦਾ ਸੀ। ਪਿੰਡ ਦੇ ਲੋੜਵੰਦ ਮਰੀਜ਼ਾਂ ਦੀ ਦਵਾਈ ਬੂਟੀ ਕਰਦਾ, ਹੱਥ-ਹਥੌਲਾ ਵੀ ਕਰ ਦਿੰਦਾ। ਉਹਦੇ ਗੁਜ਼ਰ ਜਾਣ ਬਾਅਦ ਪੰਚਾਇਤ ਨੇ ਸਾਰੀ ਜਗ੍ਹਾ ਸਕੂਲ ਲਈ ਦਾਨ ਕਰ ਦਿੱਤੀ।
ਲੋਕਾਂ ਦਾ ਮੰਨਣਾ ਸੀ ਕਿ ਘਟਨਾਵਾਂ ਪਿੱਛੇ ਉਸੇ ਦਰਵੇਸ਼ ਦੀ ‘ਕ੍ਰੋਪੀ’ ਹੈ ਕਿਉਂਕਿ ਦਰਵੇਸ਼ ਦੀ ਮਾਨਤਾ ਨਹੀਂ ਸੀ ਹੋਈ। ਪ੍ਰਿੰਸੀਪਲ ਵਿਗੜ ਰਹੇ ਵਿਦਿਅਕ ਮਾਹੌਲ ਤੋਂ ਪ੍ਰੇਸ਼ਾਨ ਸਨ। ਉਨ੍ਹਾਂ ਸਟਾਫ ਕੋਲ ਇਹ ਫ਼ਿਕਰਮੰਦੀ ਜ਼ਾਹਿਰ ਕੀਤੀ ਤੇ ਮਸਲੇ ਦੇ ਹੱਲ ਲਈ ਸੁਝਾਅ ਮੰਗੇ। ਬਹੁ-ਗਿਣਤੀ ਅਧਿਆਪਕ ਪਿੰਡ ਵਾਲਿਆਂ ਦੀ ਦਲੀਲ ਨਾਲ ਸਹਿਮਤ ਹੁੰਦਿਆਂ ਦਰਵੇਸ਼ ਦੀ ਮਾਨਤਾ ਲਈ ਰਾਜ਼ੀ ਸਨ। ਮੇਰੇ ਨਾਲ ਰਹਿੰਦੇ ਅਧਿਆਪਕ ਨਵਦੀਪ ਨੇ ਵੱਖਰਾ ਮੱਤ ਰੱਖਿਆ। ਉਹਦਾ ਤਰਕ ਸੀ ਕਿ ‘ਜੇ ਆਪਾਂ ਪਿੰਡ ਵਾਲਿਆਂ ਦੀਆਂ ਮਾਨਤਾਵਾਂ ’ਤੇ ਹੀ ਫੁੱਲ ਚੜ੍ਹਾਉਣੇ ਹਨ ਤਾਂ ਆਪਣੇ ਪੜ੍ਹੇ ਲਿਖੇ ਹੋਣ ਦਾ ਕੀ ਫਾਇਦਾ ਹੋਇਆ? ਵਿਗਿਆਨ ਦੇ ਯੁੱਗ ਵਿੱਚ ਵਹਿਮਾਂ ਭਰਮਾਂ ਤੇ ਅੰਧਵਿਸ਼ਵਾਸਾਂ ਦੀ ਕੋਈ ਤੁਕ ਨਹੀਂ ਬਣਦੀ। ਹਰ ਘਟਨਾ ਪਿੱਛੇ ਕੋਈ ਕਾਰਨ ਜ਼ਰੂਰ ਹੁੰਦਾ। ਕਾਰਨਾਂ ਦੀ ਪੜਤਾਲ ਕਰ ਕੇ ਅਸੀਂ ਸੱਚ ਜਾਣ ਸਕਦੇ ਹਾਂ।’ ਨਵਦੀਪ ਵੱਲੋਂ ਘਟਨਾ ਦੀ ਤਹਿ ਤੱਕ ਜਾਣ ਲਈ ਆਗਿਆ ਮੰਗਣ ’ਤੇ ਪ੍ਰਿੰਸੀਪਲ ਨੇ ਖੁਸ਼ੀ ਨਾਲ ਹਾਮੀ ਭਰ ਦਿੱਤੀ।
ਅਗਲੇ ਹੀ ਦਿਨ ਨਵਦੀਪ ਨੇ ਅਰਸ਼ ਵਾਲੀ ਜਮਾਤ ਦੇ ਸਾਰੇ ਵਿਦਿਆਰਥੀਆਂ ਤੋਂ ਉਸ ਦੇ ਸੁਭਾਅ ਤੇ ਵਰਤ-ਵਿਹਾਰ ਬਾਰੇ ਜਾਣਿਆ। ਛੁੱਟੀ ਮਗਰੋਂ ਅਸੀਂ ਦੋਵੇਂ ਅਰਸ਼ ਦੇ ਘਰ ਗਏ। ਪਰਿਵਾਰ ਬਾਰੇ ਮੁਢਲੀ ਪੁੱਛ ਪੜਤਾਲ ਕੀਤੀ। ਅਰਸ਼ ਦੀ ਮਾਂ ਤੋਂ ਘਰ ਵਿੱਚ ਚਲਦੇ ਕਿਸੇ ਝਗੜੇ ਜਾਂ ਤਣਾE ਬਾਰੇ ਪੁੱਛਿਆ। ਉਹਨੇ ਦੱਸਿਆ ਕਿ ਝਗੜਾ ਤਾਂ ਘਰੇ ਕਈ ਮਹੀਨਿਆਂ ਤੋਂ ਚੱਲ ਰਿਹਾ। ਅਰਸ਼ ਪੜ੍ਹਨ ਵਿੱਚ ਹੁਸ਼ਿਆਰ ਹੈ। ਪੜ੍ਹ ਲਿਖ ਕੇ ਤਰੱਕੀ ਕਰਨਾ ਚਾਹੁੰਦਾ। ਬਾਪ ਦੀ ਇੱਛਾ ਹੈ ਕਿ ਇਹ ਸਕੂਲੋਂ ਹਟ ਕੇ ਉਸ ਨਾਲ ਖੇਤ ਦੇ ਕੰਮ ਵਿੱਚ ਹੱਥ ਵਟਾਵੇ। ਅਰਸ਼ ਨੂੰ ਸਕੂਲ ਪੜ੍ਹਨੋਂ ਰੋਕਣ ਲਈ ਕੁੱਟ-ਮਾਰ ਵੀ ਕਰ ਚੁੱਕਾ ਹੈ ਪਰ ਅਰਸ਼ ਪੜ੍ਹਾਈ ਲਈ ਬਜ਼ਿਦ ਹੈ।
“ਜਿਹੜੀ ਦਰਵੇਸ਼ ਦੀ ਕ੍ਰੋਪੀ ਵਾਲੀ ਚਰਚਾ ਪਿੰਡ ਵਿੱਚ ਚਲਦੀ ਹੈ... ਉਹ?” ਨਵਦੀਪ ਨੇ ਪੁੱਛਿਆ।
“ਇਹ ਤਾਂ ਵੀਰ ਜੀ, ਐਵੇਂ ਬਿਨਾਂ ਸਿਰ ਪੈਰ ਦੀਆਂ ਗੱਲਾਂ ਨੇ। ਨਾਲੇ ਜੇ ਕੋਈ ਦਰਵੇਸ਼ ਹੋਇਆ ਵੀ ਹੋਊ ਤਾਂ ਉਸ ਦਾ ਭਲਾ ਪੜ੍ਹਨ ਆਲੇ ਜੁਆਕਾਂ ਨੇ ਕੀ ਵਿਗੜਿਆ?”
“ਇੰਝ ਕਰਨਾ, ਤੁਸੀਂ ਕੱਲ੍ਹ ਅਰਸ਼ ਦੇ ਬਾਪ ਨੂੰ ਪ੍ਰਿੰਸੀਪਲ ਕੋਲ ਭੇਜ ਦੇਣਾ।”... ਤੇ ਅਸੀਂ ਵਾਪਸ ਪਰਤ ਆਏ। ਸਕੂਲ ਪਹੁੰਚ ਕੇ ਸਾਰੀ ਪੜਤਾਲ ਤੇ ਸੰਭਾਵਨਾ ਨਵਦੀਪ ਨੇ ਪ੍ਰਿੰਸੀਪਲ ਨਾਲ ਸਾਂਝੀ ਕਰ ਲਈ।
ਅਗਲੇ ਦਿਨ ਸਕੂਲ ਆਏ ਅਰਸ਼ ਦੇ ਬਾਪ ਨਾਲ ਪ੍ਰਿੰਸੀਪਲ ਨੇ ਸੁਖਾਵੇਂ ਮਾਹੌਲ ਵਿੱਚ ਗੱਲਬਾਤ ਕੀਤੀ। ਉਹ ਅਰਸ਼ ਦੇ ਚੰਗੇ ਭਵਿੱਖ ਲਈ ਖੇਤੀ ਖੁਦ ਸੰਭਾਲਣ ਤੇ ਅਰਸ਼ ਨੂੰ ਪੜ੍ਹਾਉਣ ਵਾਸਤੇ ਖੁਸ਼ੀ ਨਾਲ ਸਹਿਮਤ ਹੋ ਗਿਆ।
ਅਰਸ਼ ਸਕੂਲ ਆਉਣ ਲੱਗ ਪਿਆ। ਪ੍ਰਿੰਸੀਪਲ ਦੇ ਕਹਿਣ ’ਤੇ ਨਵਦੀਪ ਨੇ ਸਵੇਰ ਦੀ ਸਭਾ ਵਿੱਚ ਕਈ ਦਿਨ ਵਿਦਿਆਰਥੀਆਂ ਨੂੰ ਅੰਧਵਿਸ਼ਵਾਸ ਤੇ ਝੂਠੀਆਂ ਮਾਨਤਾਵਾਂ ਤੋਂ ਬਚਣ ਲਈ ਪ੍ਰੇਰਿਆ। ਹੌਲੀ-ਹੌਲੀ ਸਕੂਲ ਦਾ ਮਾਹੌਲ ਸੁਖਾਵੇਂ ਰੁਖ਼ ਹੋ ਗਿਆ। ਪਿੰਡ ਵਿੱਚ ਹੁੰਦੀ ਦਰਵੇਸ਼ ਦੀ ਮਾਨਤਾ ਵਾਲੀ ਚਰਚਾ ਵੀ ਮੁੱਕ ਗਈ। ਸਕੂਲ ਵਿੱਚ ਫਿਰ ਕਦੇ ਅਜਿਹੀ ਕੋਈ ਘਟਨਾ ਵੀ ਨਹੀਂ ਵਾਪਰੀ।
ਨਵਦੀਪ ਵੱਲੋਂ ਸਵੇਰ ਦੀ ਸਭਾ ਵਿੱਚ ਬੋਲੇ ਸ਼ਬਦ ਅੱਜ ਵੀ ਚੇਤਿਆਂ ਵਿੱਚ ਵਸੇ ਹਨ: ‘ਸੁਣੀਆਂ ਸੁਣਾਈਆਂ ਗੱਲਾਂ ਤੇ ਸਮਾਜ ਵਿੱਚ ਪ੍ਰਚਲਿਤ ਧਾਰਨਾਵਾਂ ਮਗਰ ਲੱਗਣ ਦੀ ਬਜਾਇ ਤਰਕ, ਚੇਤਨਾ ਤੇ ਪਰਖ-ਪੜਤਾਲ ਉਹ ਰੌਸ਼ਨ ਰਾਹ ਹੈ ਜਿਹੜਾ ਜ਼ਿੰਦਗੀ ਤੇ ਸਮਾਜ ਦੀ ਬਿਹਤਰੀ ਵੱਲ ਜਾਂਦਾ ਹੈ।

Advertisement

ਸੰਪਰਕ: 78140-77120

Advertisement
Advertisement