ਅੰਮ੍ਰਿਤਸਰ ਅਤੇ ਜਲੰਧਰ ਵਿੱਚ ਸਾਹ ਲੈਣਾ ਹੋਇਆ ਔਖਾ
ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 2 ਨਵੰਬਰ
ਦੀਵਾਲੀ ਦੇ ਜਸ਼ਨਾਂ ਤੋਂ ਇੱਕ ਦਿਨ ਬਾਅਦ ਅੱਜ ਅੰਮ੍ਰਿਤਸਰ ਅਤੇ ਜਲੰਧਰ ਵਿੱਚ ਹਵਾ ਪ੍ਰਦੂਸ਼ਣ ਵਿੱਚ ਭਾਰੀ ਵਾਧਾ ਦਰਜ ਕੀਤਾ ਗਿਆ। ਇਸ ਨਾਲ ਦੋਵਾਂ ਸ਼ਹਿਰਾਂ ਵਿੱਚ ਔਸਤ ਏਅਰ ਕੁਆਲਿਟੀ ਇੰਡੈਕਸ ਇੱਕ ਵਾਰ ਫਿਰ 350 ਦੇ ਅੰਕੜੇ ਨੂੰ ਪਾਰ ਕਰਨ ਨਾਲ ਸ਼ਹਿਰ ਗੈਸ ਚੈਂਬਰ ਹੀ ਬਣ ਗਏ। ਜਾਣਕਾਰੀ ਮੁਤਾਬਕ ਅੰਮ੍ਰਿਤਸਰ ਵਿੱਚ ਅੱਜ ਦੀ ਸਵੇਰ ਧੁੰਦਲੀ ਸੀ। ਸ਼ਾਮ ਤੱਕ ਦੂਰ ਤੱਕ ਦੇਖਣਾ ਵੀ ਅਸੰਭਵ ਹੋ ਗਿਆ ਸੀ। ਕਾਰਾਂ ਤੇ ਹੋਰ ਵਾਹਨ ਚਾਲਕ ਲਾਈਟਾਂ ਜਗਾ ਕੇ ਚੱਲਣ ਵਾਸਤੇ ਮਜਬੂਰ ਸਨ।
ਅੱਜ ਹਵਾ ਦੀ ਗੁਣਵੱਤਾ ਦਾ ਪੱਧਰ (ਏਅਰ ਕੁਆਲਿਟੀ ਇੰਡੈਕਸ) 369 ਨੂੰ ਛੋਹ ਗਿਆ ਜੋ ਪ੍ਰਦੂਸ਼ਣ ਮਾਪਣ ਦੀ ‘ਬਹੁਤ ਮਾੜੀ ਸ਼੍ਰੇਣੀ’ ਵਿੱਚ ਆਉਂਦਾ ਹੈ। ਇਹ ਲਗਾਤਾਰ ਤੀਜਾ ਦਿਨ ਹੈ ਜਦੋਂ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਔਸਤ 300 ਦੇ ਅੰਕੜੇ ਨੂੰ ਪਾਰ ਕਰ ਗਿਆ ਹੈ। ਵੇਰਵਿਆਂ ਮੁਤਾਬਕ ਰਾਤ ਨੂੰ ਸ਼ਹਿਰ ਵਿੱਚ ਵੱਡੀ ਗਿਣਤੀ ’ਚ ਪਟਾਕੇ ਚਲਾਏ ਗਏ। ਅੱਜ ਦੇਖਣ ਦੀ ਸਮਰੱਥਾ (ਵਿਜ਼ੀਬਿਲਟੀ) ਸਾਰਾ ਦਿਨ ਹੀ ਪ੍ਰਭਾਵਿਤ ਰਹੀ ਕਿਉਂਕਿ ਹਵਾ ਵਿੱਚ ਪ੍ਰਦੂਸ਼ਣ ਦੇ ਕਣ ਪਾਰਟੀਕੁਲੇਟ ਮੈਟਰ 2.5 ਦੀ ਮਾਤਰਾ ਵੀ ਕਾਫ਼ੀ ਵਧ ਗਈ ਸੀ। ਇਸ ਦੌਰਾਨ ਸਾਬਕਾ ਭਾਜਪਾ ਮੰਤਰੀ ਲਕਸ਼ਮੀ ਕਾਂਤਾ ਚਾਵਲਾ ਨੇ ਵਿਅੰਗ ਕਰਦਿਆਂ ਕਿਹਾ ਕਿ ਪ੍ਰਸ਼ਾਸਨ ਸੁੱਤਾ ਰਿਹਾ ਅਤੇ ਪਟਾਕੇ ਰਾਤ ਭਰ ਚੱਲਦੇ ਰਹੇ ਜਿਸ ਨੇ ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਦਾ ਪੱਧਰ ਸਿਖ਼ਰ ’ਤੇ ਪਹੁੰਚਾ ਦਿੱਤਾ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿੱਚ ਸਰਕਾਰਾਂ ਨੂੰ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ।
ਜਲੰਧਰ: ਹਵਾ ਦੀ ਗੁਣਵੱਤਾ ਦਾ ਸੂਚਕ ਅੰਕ 580 ਤੱਕ ਪੁੱਜਾ
ਜਲੰਧਰ (ਪਾਲ ਸਿੰਘ ਨੌਲੀ): ਦੋ ਦਿਨ ਚੱਲੇ ਪਟਾਕਿਆਂ, ਪਰਾਲੀ ਨੂੰ ਅੱਗਾਂ ਲਗਾਉਣ ਦੀਆਂ ਵਾਪਰੀਆਂ ਘਟਨਾਵਾਂ ਅਤੇ ਫੈਕਟਰੀਆਂ ਵਿੱਚੋਂ ਨਿਕਲਦੇ ਧੂੰਏਂ ਨੇ ਜਲੰਧਰ ਵਾਸੀਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ। ਜਲੰਧਰ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਜਾਂ ਸੂਚਕ ਅੰਕ 580 (ਕਿਊਆਈ) ਤੱਕ ਚਲਾ ਗਿਆ ਹੈ ਜਦਕਿ ਇਹ ਆਮ ਤੌਰ ’ਤੇ 100 ਤੋਂ ਵੱਧ ਨਹੀਂ ਹੋਣਾ ਚਾਹੀਦਾ। ਦੋ ਦਿਨਾਂ ਦੇ ਧੂੰਏਂ ਅਤੇ ਧੁੰਦ ਕਾਰਨ ਸਮੌਗ ਵਾਲੀ ਸਥਿਤੀ ਪੈਦਾ ਹੋ ਗਈ ਹੈ ਜਿਸ ਕਾਰਨ ਬੱਚਿਆਂ ਅਤੇ ਬਜ਼ੁਰਗਾਂ ਨੂੰ ਸਾਹ ਲੈਣ ਵਿੱਚ ਪ੍ਰੇਸ਼ਾਨੀ ਆ ਰਹੀ ਹੈ। ਅੱਜ ਦਿਨ ਵੇਲੇ ਧੁੱਪ ਨਿਕਲਣ ਨਾਲ ਹਵਾ ਦੀ ਗੁਣਵੱਤਾ ਵਾਲਾ ਸੂਚਕ ਅੰਕ 580 ਤੋਂ ਘਟ ਕੇ 200 ਤੱਕ ਆ ਗਿਆ ਸੀ, ਪਰ ਰਾਤ ਅਤੇ ਸਵੇਰ ਨੂੰ ਸਮੌਗ ਕਾਰਨ ਸਥਿਤੀ ਵਿਗੜਦੀ ਜਾ ਰਹੀ ਹੈ। ਕਿਸਾਨ ਆਗੂ ਜਰਨੈਲ ਸਿੰਘ ਗੜ੍ਹਦੀਵਾਲਾ ਨੇ ਕਿਹਾ ਕਿ ਪਰਾਲੀ ਦਾ ਧੂੰਆਂ ਤਾਂ ਦੋ ਹਫ਼ਤਿਆਂ ਤੋਂ ਵੱਧ ਸਮੇਂ ਤੱਕ ਨਹੀਂ ਹੁੰਦਾ ਪਰ ਫੈਕਟਰੀਆਂ ਤਾਂ 365 ਦਿਨ ਧੂੰਆ ਛੱਡ ਕੇ ਹਵਾ ਨੂੰ ਜ਼ਹਿਰੀਲੀ ਬਣਾ ਰਹੀਆਂ ਹਨ। ਬੀਕੇਯੂ ਦੋਆਬਾ ਦੇ ਸੀਨੀਅਰ ਆਗੂ ਸਤਨਾਮ ਸਿੰਘ ਸਾਹਨੀ ਨੇ ਕਿਹਾ ਕਿ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਵੀ ਅਦਾਲਤਾਂ ਨੇ ਤੈਅ ਕੀਤਾ ਹੋਇਆ ਹੈ ਪਰ ਪ੍ਰਸ਼ਾਸਨ ਦੱਸੇ ਕਿ ਉਸ ਨੇ ਅੱਧੀ ਰਾਤ ਤੋਂ ਬਾਅਦ ਵੀ ਪਟਾਕੇ ਚਲਾ ਕੇ ਹਵਾ ਨੂੰ ਜ਼ਹਿਰੀਲੀ ਬਣਾਉਣ ਵਾਲਿਆਂ ਵਿਰੁੱਧ ਕਿੰਨੇ ਮਾਮਲੇ ਦਰਜ ਕੀਤੇ ਹਨ? ਉਨ੍ਹਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀ ਤਾਂ ਅਦਾਲਤਾਂ ਦੀਆਂ ਅੱਖਾਂ ਵਿੱਚ ਵੀ ਘੱਟਾ ਪਾ ਰਹੇ ਹਨ। ਹਰ ਵਾਰ ਦੀਵਾਲੀ ਮੌਕੇ ਪਟਾਕੇ ਚਲਾਉਣ ਦਾ ਸਮਾਂ ਤੈਅ ਕੀਤਾ ਜਾਂਦਾ ਹੈ, ਪਰ ਉਸ ਮਿੱਥੇ ਸਮੇਂ ਤੋਂ ਬਾਅਦ ਵੀ ਲੋਕ ਪਟਾਕੇ ਚਲਾਉਣੋ ਬੰਦ ਨਹੀਂ ਕਰਦੇ ਪਰ ਪੁਲੀਸ ਨੇ ਕਦੇ ਵੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਨਹੀਂ ਕੀਤੀ।