ਬਟਾਲਾ ਤੋਂ ਮੁਹਾਲੀ ਆ ਰਹੀ ਨਿੱਜੀ ਬੱਸ ਦੀ ਬਰੇਕ ਫੇਲ੍ਹ, ਨਾਬਾਲਗ ਸਣੇ 3 ਹਲਾਕ
ਦਲਬੀਰ ਸੱਖੋਵਾਲੀਆ
ਬਟਾਲਾ, 30 ਸਤੰਬਰ
ਇਥੋਂ ਨੇੜਲੇ ਪਿੰਡ ਸ਼ਾਹਬਾਦ ਵਿਚ ਅੱਜ ਤੇਜ਼ ਰਫ਼ਤਾਰ ਨਿੱਜੀ ਬੱਸ ਦੇ ਸੜਕ ਕੰਢੇ ਸ਼ੈੱਡ ਨਾਲ ਟਕਰਾਉਣ ਕਰਕੇ ਬੱਸ ਵਿਚ ਸਵਾਰ ਇਕ ਨਾਬਾਲਗ ਸਣੇ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ ਜਦੋਂਕਿ 21 ਮੁਸਾਫ਼ਰ ਜ਼ਖ਼ਮੀ ਦੱਸੇ ਜਾਂਦੇ ਹਨ। ਜ਼ਖ਼ਮੀਆਂ ਵਿਚੋਂ 6 ਦੀ ਹਾਲਤ ਗੰਭੀਰ ਹੈ, ਜਿਨ੍ਹਾਂ ਨੂੰ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ ਰੈਫ਼ਰ ਕੀਤਾ ਗਿਆ ਹੈ, ਜਦੋਂਕਿ ਬਾਕੀ ਬਟਾਲਾ ਦੇ ਹਸਪਤਾਲ ਵਿਚ ਜ਼ੇਰੇ ਇਲਾਜ ਹਨ। ਮਾਮੂਲੀ ਜ਼ਖ਼ਮੀਆਂ ਨੂੰ ਮੁੱਢਲੀ ਸਹਾਇਤਾ ਮਗਰੋਂ ਘਰ ਭੇਜ ਦਿੱਤਾ ਗਿਆ ਹੈ। ਬਟਾਲਾ-ਕਾਦੀਆਂ ਰੋਡ ’ਤੇ ਵਾਪਰਿਆ ਹਾਦਸਾ ਇੰਨਾ ਭਿਆਨਕ ਸੀ ਕਿ ਇਕ ਔਰਤ ਦੀ ਧੌਣ ਧੜ ਨਾਲੋਂ ਵੱਖ ਹੋ ਗਈ। ਨਿੱਜੀ ਬੱਸ ਬਟਾਲਾ ਤੋਂ ਮੁਹਾਲੀ ਜਾ ਰਹੀ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਹਾਦਸੇ ’ਤੇ ਦੁੱਖ ਜਤਾਇਆ ਹੈ। ਮੁੱਢਲੀ ਜਾਂਚ ਵਿਚ ਹਾਦਸੇ ਦਾ ਕਾਰਨ ਬੱਸ ਦੀ ਬਰੇਕ ਫੇਲ੍ਹ ਹੋਣਾ ਦੱਸਿਆ ਜਾ ਰਿਹਾ ਹੈ। ਹਾਦਸੇ ਮਗਰੋਂ ਹਲਕਾ ਵਿਧਾਇਕ ਅਮਨਸ਼ੇਰ ਸਿੰਘ ਕਲਸੀ, ਪੰਜਾਬ ਅਸੈਂਬਲੀ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ, ਭਾਜਪਾ ਆਗੂ ਤੇ ਸਾਬਕਾ ਵਿਧਾਇਕ ਬਲਵਿੰਦਰ ਸਿੰਘ ਲਾਡੀ, ਸਾਬਕਾ ਕੈਬਨਿਟ ਮੰਤਰੀ ਕੈਪਟਨ ਬਲਬੀਰ ਸਿੰਘ ਬਾਠ, ਭਾਜਪਾ ਆਗੂ ਹੀਰਾ ਵਾਲੀਆ, ਸਿਵਲ ਸਰਜਨ ਡਾ. ਭਾਰਤ ਭੂਸ਼ਣ, ਐੱਸਐੱਸਪੀ ਕਾਸਿਮ ਸੁਹੇਲ ਮੀਰ ਸਮੇਤ ਹੋਰਨਾਂ ਨੇ ਹਸਪਤਾਲ ਪਹੁੰਚ ਕੇ ਜ਼ਖ਼ਮੀਆਂ ਦੀ ਖ਼ਬਰਸਾਰ ਲਈ ਤੇ ਉਨ੍ਹਾਂ ਦੇ ਛੇਤੀ ਸਿਹਤਯਾਬ ਹੋਣ ਦੀ ਕਾਮਨਾ ਕੀਤੀ। ਵਿਧਾਇਕ ਕਲਸੀ ਨੇ ਕਿਹਾ ਕਿ ਜ਼ਖ਼ਮੀਆਂ ਦੇ ਇਲਾਜ ਦਾ ਸਾਰਾ ਖਰਚਾ ਪੰਜਾਬ ਸਰਕਾਰ ਚੁੱਕੇਗੀ।
ਜਾਣਕਾਰੀ ਮੁਤਾਬਕ ਬਟਾਲਾ ਤੋਂ ਮੁਹਾਲੀ ਜਾ ਰਹੀ ਨਿੱਜੀ ਬੱਸ (ਪੀਬੀ07 ਬੀਵੀ 6557) ਵਿੱਚ ਤਿੰਨ ਦਰਜਨ ਦੇ ਕਰੀਬ ਸਵਾਰੀਆਂ ਬੈਠੀਆਂ ਸਨ। ਬੱਸ ਜਦੋਂ ਪਿੰਡ ਸ਼ਾਹਬਾਦ ਦੀ ਜੂਹ ’ਚ ਗਈ ਤਾਂ ਅਚਾਨਕ ਬੱਸ ਦੀ ਬਰੇਕ ਫੇਲ੍ਹ ਹੋ ਗਈ। ਹਾਦਸੇ ਵਿਚ ਬੱਸ ’ਚ ਸਵਾਰ ਤਿੰਨ ਜਣਿਆਂ ਦੀ ਮੌਕੇ ’ਤੇ ਮੌਤ ਹੋ ਗਈ। ਮ੍ਰਿਤਕਾਂ ’ਚ ਅਭਿਜੋਤ ਸਿੰਘ (13) ਪੁੱਤਰ ਭੁਪਿੰਦਰ ਸਿੰਘ ਪਿੰਡ ਸੰਗਤਪੁਰਾ (ਨੇੜੇ ਬਟਾਲਾ), ਕਾਲੂ ਸਿੰਘ (26) ਪਿੰਡ ਤਲਵੰਡੀ ਖੁੰਬਣ ਅਤੇ ਇੱਕ ਅਣਪਛਾਤੀ ਔਰਤ, ਜਿਸ ਦੀ ਧੌਣ ਧੜ ਤੋਂ ਵੱਖ ਹੋ ਗਈ, ਸ਼ਾਮਲ ਹਨ। ਮ੍ਰਿਤਕ ਅਭਿਜੋਤ ਦਾ ਪਿਤਾ ਭੁਪਿੰਦਰ ਸਿੰਘ ਜਿੱਥੇ ਗੰਭੀਰ ਜ਼ਖ਼ਮੀ ਹੈ, ਉਥੇ ਕਾਲੂ ਸਿੰਘ ਦੀ ਪਤਨੀ ਜੋਤੀ ਵੀ ਜ਼ਖ਼ਮੀ ਹੈ। ਹੋਰਨਾਂ ਜ਼ਖ਼ਮੀਆਂ ’ਚ ਡੀਏਵੀ ਸੈਨੇਜਰੀ ਸਕੂਲ ਬਟਾਲਾ ਦੀ ਵਿਦਿਆਰਥਣ ਤ੍ਰਿਸ਼ਕਾ, ਕੋਮਲ ਬਟਾਲਾ, ਕੁਲਦੀਪ ਸਿੰਘ ਪਿੰਡ ਲੀਲ ਕਲਾ, ਰਜਵੰਤ ਕੌਰ ਪਿੰਡ ਚੀਮਾ, ਹਰਪ੍ਰੀਤ ਕੌਰ ਲਖਨਪੁਰਾ, ਪੱਪੂ ਕਾਪਾ ਕਾਦੀਆਂ, ਹਰੀ ਸ਼ੰਕਰ ਪ੍ਰਾਂਤ ਬਿਹਾਰ, ਰਾਜਵਿੰਦਰ ਕੌਰ ਤੁੱਗਲਵਾਲ, ਗੁਰਦੀਸ਼ ਕੌਰ ਔਲਖ ਕਲਾ, ਅਰਸ਼ਦੀਪ ਕੌਰ ਵਿੱਠਵਾਂ, ਸਾਹਿਲ ਬਟਾਲਾ, ਜੋਤੀ ਹਸਨਪੁਰਾ, ਹੈੱਡ ਟੀਚਰ ਸੁਖਪਾਲ ਕੌਰ ਕਾਦੀਆਂ, ਅਮਨਪ੍ਰੀਤ ਕੌਰ ਬਟਾਲਾ, ਏਕਤਾ ਆਦਿ ਸ਼ਾਮਲ ਹਨ।