ਪੇਪਰ ਲੀਕ ਲੁਕਾਉਣ ਲਈ ਬੀਪੀਐੱਸਸੀ ਉਮੀਦਵਾਰਾਂ ’ਤੇ ਕੀਤਾ ਗਿਆ ਅਤਿਆਚਾਰ: ਖੜਗੇ
ਨਵੀਂ ਦਿੱਲੀ, 30 ਦਸੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅੱਜ ਭਾਜਪਾ ’ਤੇ ਦੇਸ਼ ਭਰ ਵਿੱਚ ਪੇਪਰ ਲੀਕ ਮਾਫੀਆ ਦਾ ਜਾਲ ਵਿਛਾਉਣ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਪਟਨਾ ਵਿੱਚ ਬਿਹਾਰ ਪਬਲਿਕ ਸਰਵਿਸ ਕਮਿਸ਼ਨ (ਬੀਪੀਐੱਸਸੀ) ਉਮੀਦਵਾਰਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਪੇਪਰ ਲੀਕ ਅਤੇ ਧਾਂਦਲੀ ਨੂੰ ਲੁਕਾਉਣ ਲਈ ਕੀਤਾ ਗਿਆ ਹੈ। ਇਸ ਦੌਰਾਨ ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਵੀ ‘ਦੋਹਰੇ ਇੰਜਣ’ ਵਾਲੀ ਭਾਜਪਾ ਸਰਕਾਰ ’ਤੇ ਨੌਜਵਾਨਾਂ ’ਤੇ ‘ਦੋਹਰੇ ਜ਼ੁਲਮ’ ਕਰਨ ਦਾ ਦੋਸ਼ ਲਾਇਆ।
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਬੀਪੀਐੱਸਸੀ ਪ੍ਰੀਖਿਆ ਰੱਦ ਕਰਨ ਦੀ ਮੰਗ ਕਰ ਰਹੇ ਪ੍ਰਦਰਸ਼ਨਕਾਰੀ ਵਿਦਿਆਰਥੀਆਂ ’ਤੇ ਲਾਠੀਚਾਰਜ ਕਰਨ ਦੀ ਨਿਖੇਧੀ ਕੀਤੀ। ਉਨ੍ਹਾਂ ਐਕਸ ’ਤੇ ਕਿਹਾ, ‘ਜਦੋਂ ਧਾਂਦਲੀ ਦਾ ਪਤਾ ਲਗਦਾ ਹੈ ਤਾਂ ਭਾਜਪਾ ਬੇਸ਼ਰਮੀ ਨਾਲ ਇਸ ਦਾ ਖੰਡਨ ਕਰਦੀ ਹੈ ਜਾਂ ਲਾਠੀਚਾਰਜ ਕਰਕੇ ਨੌਜਵਾਨਾਂ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਕਰਦੀ ਹੈ।’ ਘਟਨਾ ਦੀ ਵੀਡੀਓ ਸਾਂਝੀ ਕਰਦਿਆਂ ਕਾਂਗਰਸ ਪ੍ਰਧਾਨ ਨੇ ਦਾਅਵਾ ਕੀਤਾ ਕਿ ਐੱਨਡੀਏ ਸਰਕਾਰ ਨੇ ਪੇਪਰ ਲੀਕ ਅਤੇ ਧਾਂਦਲੀ ਲੁਕਾਉਣ ਲਈ ਬਿਹਾਰ ਵਿੱਚ ਬੀਪੀਐੱਸਸੀ ਉਮੀਦਵਾਰਾਂ ’ਤੇ ਬੇਰਹਿਮੀ ਨਾਲ ਲਾਠੀਚਾਰਜ ਅਤੇ ਅਣਮਨੁੱਖੀ ਅਤਿਆਚਾਰ ਕੀਤੇ।
ਕਾਂਗਰਸ ਆਗੂ ਪ੍ਰਿਯੰਕਾ ਗਾਂਧੀ ਨੇ ਦੋਸ਼ ਲਾਇਆ ਕਿ ਬਿਹਾਰ ਦੀ ‘ਦੋਹਰੇ ਇੰਜਣ’ ਵਾਲੀ ਭਾਜਪਾ ਸਰਕਾਰ ਨੌਜਵਾਨਾਂ ’ਤੇ ‘ਦੋਹਰੇ ਜ਼ੁਲਮ’ ਦਾ ਪ੍ਰਤੀਕ ਬਣ ਗਈ ਹੈ। ਕਾਂਗਰਸ ਜਨਰਲ ਸਕੱਤਰ ਨੇ ਕਿਹਾ, ‘ਸਰਕਾਰ ਦਾ ਕੰਮ ਪ੍ਰੀਖਿਆਵਾਂ ਵਿੱਚ ਭ੍ਰਿਸ਼ਟਾਚਾਰ, ਧਾਂਦਲੀ ਅਤੇ ਪੇਪਰ ਲੀਕ ਰੋਕਣਾ ਹੈ ਪਰ ਭ੍ਰਿਸ਼ਟਾਚਾਰ ਰੋਕਣ ਦੀ ਬਜਾਏ ਵਿਦਿਆਰਥੀਆਂ ਨੂੰ ਆਵਾਜ਼ ਉਠਾਉਣ ਤੋਂ ਰੋਕਿਆ ਜਾ ਰਿਹਾ ਹੈ।’ -ਪੀਟੀਆਈ
ਉਮੀਦਵਾਰਾਂ ਨੂੰ ਬੀਪੀਐੱਸਸੀ ਪ੍ਰੀਖਿਆ ਵਿੱਚ ਭਿ੍ਰਸ਼ਟਾਚਾਰ ਦਾ ਸ਼ੱਕ: ਪ੍ਰਸ਼ਾਂਤ ਕਿਸ਼ੋਰ
ਪਟਨਾ:
ਜਨ ਸੁਰਾਜ ਪਾਰਟੀ ਦੇ ਬਾਨੀ ਪ੍ਰਸ਼ਾਂਤ ਕਿਸ਼ੋਰ ਨੇ ਅੱਜ ਬੀਪੀਐੱਸਸੀ ਪ੍ਰੀਖਿਆ ਰਾਹੀਂ ਭਰੀਆਂ ਜਾਣ ਵਾਲੀਆਂ ਅਸਾਮੀਆਂ ਲਈ ਹਜ਼ਾਰਾਂ ਕਰੋੜ ਰੁਪਏ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ ਹੈ। ਉਨ੍ਹਾਂ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ ਵੱਲੋਂ ਦੋ ਹਫਤਿਆਂ ਤੋਂ ਹੋ ਰਹੀ ਇਸ ਹਲਚਲ ਬਾਰੇ ਇੱਕ ਵੀ ਸ਼ਬਦ ਨਾ ਬੋਲਣ ’ਤੇ ਨਿਰਾਸ਼ਾ ਜ਼ਾਹਰ ਕੀਤੀ। ਪ੍ਰਸ਼ਾਂਤ ਕਿਸ਼ੋਰ ਮੁੱਖ ਮੰਤਰੀ ਦੇ ਕਰੀਬੀ ਰਹੇ ਹਨ। ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘ਉਮੀਦਵਾਰ ਕੜਾਕੇ ਦੀ ਠੰਡ ਵਿੱਚ ਪ੍ਰਦਰਸ਼ਨ ਕਰਦਿਆਂ ਪੁਲੀਸ ਦੇ ਲਾਠੀਚਾਰਜ ਅਤੇ ਪਾਣੀ ਦੀਆਂ ਬੁਛਾੜਾਂ ਦਾ ਸਾਹਮਣਾ ਕਰ ਰਹੇ ਹਨ। ਮੁੱਖ ਮੰਤਰੀ ਦਿੱਲੀ ਵਿੱਚ ਹਨ। ਜਦੋਂ ਕੌਮੀ ਰਾਜਧਾਨੀ ਵਿੱਚ ਪੱਤਰਕਾਰਾਂ ਨੇ ਉਨ੍ਹਾਂ ਨੂੰ ਇਸ ਬਾਰੇ ਪੁੱਛਿਆ ਤਾਂ ਉਨ੍ਹਾਂ ਇੱਕ ਸ਼ਬਦ ਵੀ ਨਹੀਂ ਬੋਲਿਆ।’ ਉਨ੍ਹਾਂ ਕਿਹਾ, ‘ਵਿਰੋਧ ਕਰ ਰਹੇ ਉਮੀਦਵਾਰਾਂ ਦਾ ਮੰਨਣਾ ਹੈ ਕਿ ਬੀਪੀਐੱਸਸੀ ਦੀ ਮੁੜ ਪ੍ਰੀਖਿਆ ਦੇ ਹੁਕਮ ਇਸ ਕਰਕੇ ਨਹੀਂ ਦਿੱਤੇ ਜਾ ਰਹੇ ਕਿਉਂਕਿ ਇਸ ਸਬੰਧੀ ਕਰੋੜਾਂ ਰੁਪਏ ਦਾ ਭ੍ਰਿਸ਼ਟਾਚਾਰ ਪਹਿਲਾਂ ਹੀ ਹੋ ਚੁੱਕਾ ਹੈ।’ -ਪੀਟੀਆਈ