ਆੜ੍ਹਤੀਆਂ ਵੱਲੋਂ ਝੋਨੇ ਦੀ ਖਰੀਦ ਦਾ ਬਾਈਕਾਟ
ਗੁਰਦੀਪ ਸਿੰਘ ਲਾਲੀ
ਸੰਗਰੂਰ, 1 ਅਕਤੂਬਰ
ਪੰਜਾਬ ਭਰ ਦੀਆਂ ਅਨਾਜ ਮੰਡੀਆਂ ਵਿੱਚ ਭਾਵੇਂ ਅੱਜ ਤੋਂ ਝੋਨੇ ਦੀ ਸਰਕਾਰੀ ਖਰੀਦ ਸ਼ੁਰੂ ਹੋਣੀ ਸੀ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਖਰੀਦ ਦਾ ਕੰਮ ਠੱਪ ਹੋ ਗਿਆ। ਹੜਤਾਲ ਦੀ ਸ਼ੁਰੂਆਤ ਕਰਦਿਆਂ ਆੜ੍ਹਤੀਆਂ ਐਸੋਸੀਏਸ਼ਨ ਦੀ ਅਗਵਾਈ ਹੇਠ ਸਮੂਹ ਆੜ੍ਹਤੀਆਂ ਨੇ ਅਨਾਜ ਮੰਡੀ ਵਿਚ ਰੋਸ ਧਰਨਾ ਦਿੰਦਿਆਂ ਆਪਣੀਆਂ ਮੰਗਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ। ਇਸ ਮੌਕੇ ਆੜ੍ਹਤੀਆਂ ਐਸੋਸੀਏਸ਼ਨ ਸੰਗਰੂਰ ਦੇ ਪ੍ਰਧਾਨ ਸ਼ਿਸ਼ਨ ਕੁਮਾਰ ਤੁੰਗਾਂ ਨੇ ਕਿਹਾ ਕਿ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਵਲੋਂ ਪਹਿਲਾਂ ਹੀ 1 ਅਕਤੂਬਰ ਤੋਂ ਝੋਨੇ ਦੀ ਖਰੀਦ ਦਾ ਮੁਕੰਮਲ ਬਾਈਕਾਟ ਕਰਕੇ ਹੜਤਾਲ ਦਾ ਐਲਾਨ ਕੀਤਾ ਹੋਇਆ ਸੀ ਪਰ ਪੰਜਾਬ ਸਰਕਾਰ ਵਲੋਂ ਆੜ੍ਹਤੀਆਂ ਦੀਆਂ ਮੰਗਾਂ ਨੂੰ ਗੰਭੀਰਤਾ ਨਾਲ ਨਾ ਲੈਂਦਿਆਂ ਇਨ੍ਹਾਂ ਦੇ ਨਿਪਟਾਰੇ ਲਈ ਕੋਈ ਕਦਮ ਨਹੀਂ ਚੁੱਕਿਆ ਗਿਆ ਜਿਸ ਕਾਰਨ ਆੜ੍ਹਤੀਆਂ ਨੂੰ ਹੜਤਾਲ ਲਈ ਮਜਬੂਰ ਹੋਣਾ ਪਿਆ। ਉਨ੍ਹਾਂ ਕਿਹਾ ਕਿ ਅੱਜ ਆੜ੍ਹਤੀਆਂ ਐਸੋਸੀਏਸ਼ਨ ਪੰਜਾਬ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਨਾਲ ਸਰਕਾਰ ਵਲੋਂ ਮੀਟਿੰਗ ਤੈਅ ਕੀਤੀ ਸੀ ਪਰ ਸਰਕਾਰ ਵਲੋਂ ਮੀਟਿੰਗ ਨਹੀਂ ਕੀਤੀ ਗਈ ਜਿਸ ਕਾਰਨ ਆੜ੍ਹਤੀਆਂ ਦੀ ਹੜਤਾਲ ਉਦੋਂ ਤੱਕ ਜਾਰੀ ਰਹੇਗੀ ਜਦੋਂ ਤੱਕ ਮੰਗਾਂ ਦਾ ਹੱਲ ਨਹੀਂ ਕੀਤਾ ਜਾਂਦਾ। ਉਨ੍ਹਾਂ ਕਿਹਾ ਕਿ ਏਪੀਐੱਮਸੀ ਐਕਟ ਅਨੁਸਾਰ ਪੰਜਾਬ ਮੰਡੀਬੋਰਡ ਵਲੋਂ ਮੰਡੀਆਂ ਵਿਚ ਵਿਕਣ ਵਾਲੀ ਫਸਲ ’ਤੇ ਆੜ੍ਹਤ 2.5 ਫੀਸਦੀ ਮਿਲ ਰਹੀ ਸੀ ਜੋ ਕਿ ਸਾਲ 2018-19 ਤੋਂ 46 ਰੁਪਏ ਪ੍ਰਤੀ ਕੁਇੰਟਲ ਫਿਕਸ ਕਰ ਦਿੱਤੀ ਗਈ ਹੈ। ਆੜ੍ਹਤ 2.5 ਫੀਸਦੀ ਮਿਲਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ। ਪਿਛਲੀ ਬਕਾਇਆ ਆੜ੍ਹਤ ਤੇ ਆਉਣ ਵਾਲੇ ਸੀਜ਼ਨ ’ਚ ਆੜ੍ਹਤੀਆਂ ਨੂੰ ਪੂਰੀ ਆੜ੍ਹਤ ਦੇਣਾ ਯਕੀਨੀ ਬਣਾਇਆ ਜਾਵੇ। ਧਰ ਅਨਾਜ਼ ਮੰਡੀ ਮਜ਼ਦੂਰ ਯੂਨੀਅਨ ਦੇ ਝੰਡੇ ਹੇਠ ਮੰਡੀ ਮਜ਼ਦੂਰ ਵੀ ਕੰਮਕਾਜ ਠੱਪ ਕਰਕੇ ਹੜਤਾਲ ’ਤੇ ਚਲੇ ਗਏ ਹਨ। ਮੰਡੀ ਮਜ਼ਦੂਰ ਅੱਜ ਆੜਤੀਆਂ ਦੇ ਰੋਸ ਧਰਨੇ ਵਿਚ ਸ਼ਾਮਲ ਹੋਏ। ਜ਼ਿਲ੍ਹਾ ਮੰਡੀ ਅਫ਼ਸਰ ਜਸਪਾਲ ਸਿੰਘ ਦਾ ਕਹਿਣਾ ਹੈ ਕਿ ਅਨਾਜ ਮੰਡੀਆਂ ਵਿਚ ਸਿਰਫ਼ ਬਾਸਮਤੀ ਝੋਨੇ ਦੀ ਫਸਲ ਦੀ ਆਮਦ ਹੀ ਹੋ ਰਹੀ ਹੈ ਜਦੋਂ ਕਿ ਝੋਨੇ ਦੀ ਫਸਲ ਦੀ ਆਮਦ ਨਹੀਂ ਹੋਈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਸੰਗਰੂਰ ਦੀਆਂ ਅਨਾਜ ਮੰਡੀਆਂ ਵਿਚ 3210 ਮੀਟਰਕ ਟਨ ਬਾਸਮਤੀ ਝੋਨੇ ਦੀ ਫਸਲ ਦੀ ਆਮਦ ਹੋਈ ਹੈ ਜੋ ਕਿ ਪ੍ਰਾਈਵੇਟ ਵਪਾਰੀਆਂ ਵਲੋਂ ਖਰੀਦ ਕੀਤੀ ਜਾ ਰਹੀ ਹੈ।
ਸੁਨਾਮ ਊਧਮ ਸਿੰਘ ਵਾਲਾ (ਪੱਤਰ ਪ੍ਰੇਰਕ): ਫੈਡਰੇਸ਼ਨ ਆਫ ਆੜ੍ਹਤੀ ਐਸੋਸੀਏਸ਼ਨ ਪੰਜਾਬ ਦੇ ਸੱਦੇ ’ਤੇ ਆੜ੍ਹਤੀਆਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਇਥੋਂ ਦੀ ਮੰਡੀ ਵਿਚ ਬਾਸਮਤੀ ਦੀ ਖਰੀਦ ਦਾ ਕੰਮ ਤਕਰੀਬਨ ਠੱਪ ਹੀ ਰਿਹਾ। ਬਾਸਮਤੀ ਅਤੇ ਹੋਰ ਕਈ ਫੁਟਕਲ ਜਿਣਸਾਂ ਦੀ ਆਮਦ ਕਾਰਨ ਸੁਨਾਮ ਅਨਾਜ ਮੰਡੀ ’ਚ ਹਰ ਰੋਜ ਹੀ ਗਹਿਮਾ ਗਹਿਮੀ ਰਹਿੰਦੀ ਹੈ ਪਰ ਆੜ੍ਹਤੀਆਂ ਦੀ ਹੜਤਾਲ ਕਾਰਨ ਮੰਡੀ ਵਿਚ ਕੋਈ ਫਸਲ ਵਿਕਣ ਲਈ ਨਹੀਂ ਆਈ। ਆੜ੍ਹਤੀਆਂ ਦੇ ਨਾਲ ਨਾਲ ਮੰਡੀ ਮਜ਼ਦੂਰ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਵਿਚ ਸ਼ਾਮਲ ਹੋ ਗਏ। ਗੱਲਾ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਸੁਰੇਸ਼ ਕੁਮਾਰ ਦੀ ਅਗਵਾਈ ਵਿਚ ਸਥਾਨਕ ਮਾਰਕਿਟ ਕਮੇਟੀ ਦੇ ਦਫਤਰ ਅੱਗੇ ਰੋਸ ਪ੍ਰਦਰਸ਼ਨ ਕਰਕੇ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕੀਤੀ ਗਈ। ਇਸ ਮੌਕੇ ਦੀਪਕ ਕੁਮਾਰ, ਰਜਿੰਦਰ ਕੁਮਾਰ, ਸੰਜੇ ਕੁਮਾਰ, ਅਸ਼ੋਕ ਕੁਮਾਰ, ਛੱਜੂ ਰਾਮ, ਰਾਜ ਕੁਮਾਰ ਅਤੇ ਕਮਲ ਕੁਮਾਰ ਆਦਿ ਮੌਜੂਦ ਸਨ।
ਆੜ੍ਹਤੀਆਂ ਤੇ ਮਜ਼ਦੂਰਾਂ ਵੱਲੋਂ ਰੋਸ ਮਾਰਚ
ਪਾਤੜਾਂ (ਗੁਰਨਾਮ ਸਿੰਘ ਚੌਹਾਨ): ਆੜ੍ਹਤੀਆਂ ਅਤੇ ਮਜ਼ਦੂਰਾਂ ਨੇ ਹੱਕੀ ਮੰਗਾਂ ਨੂੰ ਲੈ ਕੇ ਅਨਾਜ ਮੰਡੀ ਪਾਤੜਾਂ ਵਿੱਚ ਹੜਤਾਲ ਕਰਕੇ ਸਰਕਾਰ ਖਿਲਾਫ਼ ਨਾਅਰੇਬਾਜ਼ੀ ਕਰਦਿਆਂ ਮਾਰਕੀਟ ਕਮੇਟੀ ਦੇ ਸਕੱਤਰ ਨੂੰ ਸਰਕਾਰ ਦੇ ਨਾਮ ਮੰਗ ਪੱਤਰ ਦਿੱਤਾ। ਇਸੇ ਦੌਰਾਨ ਬਾਸਮਤੀ ਲੈ ਕੇ ਬੈਠੇ ਮੰਡੀ ਵਿੱਚ ਬੈਠੇ ਕਿਸਾਨਾਂ ਨੇ ਸਰਕਾਰ ਵੱਲੋਂ ਸਮੇਂ ਸਿਰ ਪ੍ਰਬੰਧ ਨਾ ਕੀਤੇ ਜਾਣ ’ਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੀ ਆਲੋਚਨਾ ਕੀਤੀ। ਜਦੋਂ ਕਿ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਪ੍ਰਬੰਧ ਪੂਰੇ ਕਰਨ ਦਾ ਦਾਅਵਾ ਕੀਤਾ। ਆੜ੍ਹਤੀ ਐਸੋਸੀਏਸ਼ਨ ਪਾਤੜਾਂ ਦੇ ਪ੍ਰਧਾਨ ਸੁਰਿੰਦਰ ਕੁਮਾਰ ਪੈਂਦ ਅਤੇ ਅਨਾਜ ਮੰਡੀ ਦੀ ਮਜ਼ਦੂਰ ਯੂਨੀਅਨ ਦੇ ਪ੍ਰਧਾਨ ਮਦਨਪਾਲ ਖਟਕੜ ਅਤੇ ਰਿੰਕੂ ਦਾਨਵ ਦੀ ਅਗਵਾਈ ਵਿੱਚ ਰੋਸ ਮਾਰਚ ਕੀਤਾ।