ਸਹਿਕਾਰੀ ਬੈਂਕ ਦੇ ਡਾਇਰੈਕਟਰਾਂ ਅਤੇ ਸਹਿਕਾਰੀ ਸਭਾਵਾਂ ਦੇ ਪ੍ਰਧਾਨਾਂ ਵੱਲੋਂ ਆਮ ਇਜਲਾਸ ਦਾ ਬਾਈਕਾਟ
ਕਰਮਜੀਤ ਸਿੰਘ ਚਿੱਲਾ
ਬਨੂੜ, 30 ਸਤੰਬਰ
ਐਸਏਐੱਸ ਸੈਂਟਰਲ ਕੋ-ਆਪਰੇਟਿਵ ਬੈਂਕ ਵੱਲੋਂ ਅੱਜ ਮੁਹਾਲੀ ਵਿੱਚ ਕਰਾਏ ਆਮ ਇਜਲਾਸ ਦਾ ਬੈਂਕ ਦੇ ਡਾਇਰੈਕਟਰਾਂ ਅਤੇ ਬਨੂੜ ਖੇਤਰ ਦੀਆਂ ਸਹਿਕਾਰੀ ਖੇਤੀਬਾੜੀ ਸਭਾਵਾਂ ਦੇ ਕਈਂ ਪ੍ਰਧਾਨਾਂ ਵੱਲੋਂ ਬਾਈਕਾਟ ਕੀਤਾ ਗਿਆ। ਇਨ੍ਹਾਂ ਡਾਇਰੈਕਟਰਾਂ ਅਤੇ ਪ੍ਰਧਾਨਾਂ ਨੇ ਬਨੂੜ ਵਿੱਚ ਪ੍ਰੈੱਸ ਕਾਨਫ਼ਰੰਸ ਕਰਕੇ ਅਧਿਕਾਰੀਆਂ ਉੱਤੇ ਬਨੂੜ ਦੇ ਸਹਿਕਾਰੀ ਬੈਂਕ ਦੀ ਸਾਖ਼ਾ ਨੂੰ ਖਸਤਾ ਹਾਲ ਇਮਾਰਤ ਹੋਣ ਦੇ ਬਾਵਜੂਦ ਜਾਣ ਬੁੱਝ ਕੇ ਤਬਦੀਲ ਨਾ ਕਰਨ ਦਾ ਦੋਸ਼ ਲਗਾਇਆ।
ਜ਼ਿਲ੍ਹਾ ਸਹਿਕਾਰੀ ਬੈਂਕ ਦੇ ਡਾਇਰੈਕਟਰ ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ, ਲਖਬੀਰ ਸਿੰਘ ਖਟੜਾ, ਕੁਲਦੀਪ ਸਿੰਘ ਲਾਲੜੂ, ਖੇਤੀਬਾੜੀ ਸਭਾ ਬਨੂੜ ਦੇ ਉੱਪ ਪ੍ਰਧਾਨ ਦਰਸ਼ਨ ਸਿੰਘ ਧਰਮਗੜ੍ਹ, ਜੰਗਪੁਰਾ ਸੁਸਾਇਟੀ ਦੇ ਪ੍ਰਧਾਨ ਪਰਮਜੀਤ ਸਿੰਘ, ਮਨੌਲੀ ਸੂਰਤ ਸੁਸਾਇਟੀ ਦੇ ਪ੍ਰਧਾਨ ਬਹਾਦਰ ਸਿੰਘ, ਉੱਪ ਪ੍ਰਧਾਨ ਰਾਜਿੰਦਰ ਸਿੰਘ ਛੜਬੜ੍ਹ ਨੇ ਆਖਿਆ ਕਿ ਸਹਿਕਾਰੀ ਸਭਾਵਾਂ ਦੇ ਅਧਿਕਾਰੀ ਅਤੇ ਬੈਂਕ ਦੇ ਜ਼ਿਲ੍ਹਾ ਅਧਿਕਾਰੀ ਉਨ੍ਹਾਂ ਦੀ ਮੰਗ ਨੂੰ ਅਣਦੇਖਿਆ ਕਰ ਰਹੇ ਹਨ, ਜਿਸ ਕਰਕੇ ਉਹ ਆਮ ਇਜਲਾਸ ਦਾ ਬਾਈਕਾਟ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਬਨੂੜ ਬੈਂਕ ਦੀ ਸਾਖ਼ਾ ਭੀੜ ਭਰੇ ਖੇਤਰ ਵਿੱਚ ਹੈ। ਇਸ ਵਿੱਚ ਜੈਨਰੇਟਰ ਰੱਖਣ ਦੀ ਸੁਵਿਧਾ ਨਹੀਂ ਹੈ। ਬਰਸਾਤ ਵਿੱਚ ਇਸ ਬੈਂਕ ਵਿੱਚ ਪਾਣੀ ਭਰ ਜਾਂਦਾ ਹੈ। ਬੈਂਕ ਦੇ ਬਾਹਰ ਇੱਕ ਵਾਹਨ ਖੜਾਏ ਜਾਣ ਦੀ ਵੀ ਪਾਰਕਿੰਗ ਨਹੀਂ ਹੈ। ਉਨ੍ਹਾਂ ਕਿਹਾ ਕਿ ਬੈਂਕ ਨਾਲ ਪੰਜ ਹਜ਼ਾਰ ਤੋਂ ਵੱਧ ਖਾਤਾਧਾਰਕ, ਅੱਠ ਖੇਤੀਬਾੜੀ ਸਭਾਵਾਂ ਦੇ ਮੈਂਬਰ, 25 ਦੇ ਕਰੀਬ ਦੁੱਧ ਉਤਪਾਦਕ ਸਭਾਵਾਂ ਜੁੜੀਆਂ ਹੋਈਆਂ ਹਨ ਪਰ ਇਮਾਰਤ ਦੀ ਖਸਤਾ ਹਾਲਤ ਤੇ ਬਾਕੀ ਸਮੱਸਿਆਵਾਂ ਕਾਰਨ ਸਟਾਫ਼ ਅਤੇ ਗਾਹਕਾਂ ਨੂੰ ਦਿੱਕਤਾਂ ਆ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਉਹ ਲਗਤਾਰ ਬੈਂਕ ਦੀ ਬਰਾਂਚ ਦੀ ਥਾਂ ਬਦਲੇ ਜਾਣ ਦੀ ਮੰਗ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਬੈਂਕ ਵੱਲੋਂ ਨਵੀਂ ਥਾਂ ਲਈ ਕੁਟੇਸ਼ਨਾਂ ਵੀ ਮੰਗੀਆਂ ਸਨ, ਇਨ੍ਹਾਂ ਕੁਟੇਸ਼ਨਾਂ ਨੂੰ 21-8-2024 ਨੂੰ ਜੁਆਇੰਟ ਰਜਿਸਟਰਾਰ ਕੁਲਦੀਪ ਕੁਮਾਰ ਦੀ ਅਗਵਾਈ ਹੇਠਲੀ ਕਮੇਟੀ ਵਿੱਚ ਖੋਲਿਆ ਗਿਆ ਸੀ।
ਉਨ੍ਹਾਂ ਕਿਹਾ ਕਿ ਜੇਆਰ ਨੇ ਇਸ ਸਬੰਧੀ ਜ਼ਿਲ੍ਹਾ ਅਧਿਕਾਰੀਆਂ ਦੀ ਦੋ ਮੈਂਬਰੀ ਕਮੇਟੀ ਬਣਾ ਕੇ ਬੈਂਕ ਲਈ ਕੁਟੇਸ਼ਨਾਂ ’ਚ ਆਈਆਂ ਨਵੀਆਂ ਥਾਵਾਂ ਦੀ ਪਛਾਣ ਕਰਕੇ ਰਿਪੋਰਟ ਦੇਣ ਲਈ ਕਿਹਾ ਸੀ ਪਰ ਡੇਢ ਮਹੀਨਾ ਲੰਘਣ ਦੇ ਬਾਵਜੂਦ ਕਾਰਵਾਈ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਬੈਂਕ ਅਧਿਕਾਰੀ ਬਨੂੜ ਬੈਂਕ ਲਈ ਹਮੇਸ਼ਾ ਬੈਂਕ ਦੇ ਡਾਇਰੈਕਟਰਾਂ ਦੀ ਮਿਆਦ ਖ਼ਤਮ ਹੋਣ ਉਪਰੰਤ ਨਵਾਂ ਐਗਰੀਮੈਂਟ ਪੁਰਾਣੀ ਇਮਾਰਤ ਵਾਲੇ ਮਾਲਕ ਨਾਲ ਕਰ ਲੈਂਦੇ ਹਨ ਤੇ ਇਸ ਵਾਰ ਵੀ 14 ਅਕਤੂਬਰ ਨੂੰ ਡਾਇਰੈਕਟਰਾਂ ਦੀ ਮਿਆਦ ਖ਼ਤਮ ਹੋ ਰਹੀ ਹੈ।
ਕਾਰਵਾਈ ਜਾਰੀ ਹੈ: ਜ਼ਿਲ੍ਹਾ ਮੈਨੇਜਰ
ਸਹਿਕਾਰੀ ਬੈਂਕ ਦੇ ਜ਼ਿਲ੍ਹਾ ਮੈਨੇਜਰ ਗੁਰਦੀਪ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਬੈਂਕ ਦੀ ਸਾਖ਼ਾ ਨੂੰ ਢੁਕਵੇਂ ਸਥਾਨ ਤੇ ਬਦਲਣ ਲਈ ਕਾਰਵਾਈ ਜਾਰੀ ਹੈ। ਉਨ੍ਹਾਂ ਕਿਹਾ ਕਿ ਜਲਦੀ ਹੀ ਇਸ ਸਬੰਧੀ ਨਵੀਂ ਥਾਂ ਦੀ ਚੋਣ ਕਰ ਲਈ ਜਾਵੇਗੀ। ਉਨ੍ਹਾਂ ਬਾਈਕਾਟ ਨੂੰ ਡਾਇਰੈਕਟਰਾਂ ਦਾ ਨਿੱਜੀ ਮਾਮਲਾ ਦੱਸਿਆ।