ਮੁੱਕੇਬਾਜ਼ੀ: ਨਿਖਤ ਤੇ ਅਰੁੰਧਤੀ ਸਟਰੈਂਡਜਾ ਮੈਮੋਰੀਅਲ ਦੇ ਸੈਮੀਫਾਈਨਲ ਵਿੱਚ
ਸੋਫੀਆ (ਬੁਲਗਾਰੀਆ), 8 ਫਰਵਰੀ
ਦੋ ਵਾਰ ਦੀ ਵਿਸ਼ਵ ਚੈਂਪੀਅਨ ਮੁੱਕੇਬਾਜ਼ ਨਿਖਤ ਜ਼ਰੀਨ ਅਰੁੰਧਤੀ ਚੌਧਰੀ ਨੇ ਅੱਜ ਇੱਥੇ ਆਪਣੇ ਮੁਕਾਬਲੇ ਜਿੱਤ ਕੇ 75ਵੇਂ ਸਟਰੈਂਡਜਾ ਮੈਮੋਰੀਅਲ ਟੂਰਨਾਮੈਂਟ ਦੇ ਸੈਮੀਫਾਈਨਲ ’ਚ ਜਗ੍ਹਾ ਬਣਾਈ। ਰਿੰਗ ਵਿੱਚ ਉੱਤਰਨ ਵਾਲੀ ਪਹਿਲੀ ਭਾਰਤੀ, ਦੋ ਵਾਰ ਦੀ ਸੋਨ ਤਗ਼ਮਾ ਜੇਤੂ ਨਿਖਤ (50 ਕਿਲੋ) ਨੇ ਫਰਾਂਸ ਦੀ ਲਖਾਦਿਰੀ ਵਾਸਿਲਾ ਨੂੰ ਸਰਬਸੰਮਤੀ ਨਾਲ ਲਏ ਫ਼ੈਸਲੇ ਵਿੱਚ 5-0 ਨਾਲ ਹਰਾਇਆ।
ਹਾਲਾਂਕਿ ਜਿਵੇਂ ਨਤੀਜਾ ਦਿਖ ਰਿਹਾ ਸੀ, ਉਸ ਦੇ ਮੁਕਾਬਲੇ ਕਾਫ਼ੀ ਚੁਣੌਤੀਪੂਰਨ ਰਿਹਾ ਕਿਉਂਕਿ ਦੋਵੇਂ ਮੁੱਕੇਬਾਜ਼ਾਂ ਨੇ ਇੱਕ-ਦੂਜੇ ਨੂੰ ਸਖ਼ਤ ਟੱਕਰ ਦਿੱਤੀ ਪਰ ਅਖ਼ੀਰ ਵਿੱਚ ਨਿਖਤ ਫਰਾਂਸ ਦੀ ਮੁੱਕੇਬਾਜ਼ ਨੂੰ ਹਰਾਉਣ ’ਚ ਸਫ਼ਲ ਰਹੀ। ਨਿਖਤ ਨੇ ਆਪਣੀ ਫੁਰਤੀ ਅਤੇ ਜਵਾਬੀ ਹਮਲੇ ਨਾਲ ਪਹਿਲਾ ਰਾਊਂਡ 3-2 ਨਾਲ ਆਪਣੇ ਨਾਂ ਕੀਤਾ। ਦੂਜੇ ਰਾਊਂਡ ਵਿੱਚ ਦੋਵੇਂ ਮੁੱਕੇਬਾਜ਼ ਸੁਚੇਤ ਸੀ ਪਰ ਫਿਰ ਵੀ ਨਿਖਤ ਨੇ ਇਸ ਨੂੰ ਵੀ 3-2 ਨਾਲ ਆਪਣੇ ਨਾਂ ਕੀਤਾ। ਤੀਜੇ ਰਾਊਂਡ ਵਿੱਚ ਨਿਖਤ ਨੇ ਸਰਵੋਤਮ ਪ੍ਰਦਰਸ਼ਨ ਕਰਦਿਆਂ ਫਰਾਂਸ ਦੀ ਮੁੱਕੇਬਾਜ਼ ਦੇ ਮੁੱਕਿਆਂ ਤੋਂ ਆਸਾਨੀ ਨਾਲ ਬਚਦਿਆਂ ਕੁੱਝ ਤੇਜ਼ ਮੁੱਕੇ ਜੜੇ। ਹੁਣ ਨਿਖਤ ਦਾ ਸਾਹਮਣਾ ਸ਼ਨਿਚਰਵਾਰ ਨੂੰ ਸੈਮੀਫਾਈਨਲ ’ਚ ਘਰੇਲੂ ਮਜ਼ਬੂਤ ਦਾਅਵੇਦਾਰ ਜਲਾਟਿਸਲਾਵਾ ਚੁਕਾਨੋਵਾ ਨਾਲ ਹੋਵੇਗਾ। ਇਸੇ ਤਰ੍ਹਾਂ ਦਿਨ ਦੇ ਇੱਕ ਹੋਰ ਮੁਕਾਬਲੇ ਵਿੱਚ ਕੌਮੀ ਚੈਂਪੀਅਨ ਅਰੁਧੰਤੀ (55 ਕਿਲੋ) ਨੇ ਸਰਬੀਆ ਦੀ ਮਾਟਕੋਵਿਚ ਮਿਲੇਨਾ ਖ਼ਿਲਾਫ਼ ਦਬਦਬਾ ਬਣਾਉਂਦਿਆਂ 5-0 ਨਾਲ ਜਿੱਤ ਹਾਸਲ ਕਰਕੇ ਸੈਮੀਫਾਈਨਲ ਵਿੱਚ ਜਗ੍ਹਾ ਬਣਾਈ, ਜਿੱਥੇ ਉਸ ਦਾ ਸਾਹਮਣਾ ਸਲੋਵਾਕਿਆ ਦੀ ਜੈਸਿਕਾ ਟਰਾਈਬੇਲੋਵਾ ਨਾਲ ਹੋਵੇਗਾ। ਸਾਕਸ਼ੀ (57 ਕਿਲੋ) ਕੁਆਰਫਾਈਨਲ ਵਿੱਚ ਉਜਬੇਕਿਸਤਾਨ ਦੀ ਮਾਮਾਜੋਨੋਵਾ ਖੁਮੋਰਾਬੋਨੂ ਤੋਂ 2-3 ਨਾਲ ਹਾਰ ਮਿਲੀ। ਬੁੱਧਵਾਰ ਦੇਰ ਰਾਤ ਹੋਏ ਮੁਕਾਬਲਿਆਂ ਵਿੱਚ ਦੀਪਕ (75 ਕਿਲੋ) ਅਤੇ ਨਵੀਨ ਕੁਮਾਰ (92 ਕਿਲੋ) ਨੇ ਕੁਆਰਟਰ ਫਾਈਨਲ ’ਚ ਕਦਮ ਧਰਿਆ। -ਪੀਟੀਆਈ