ਪੁਸਤਕਾਂ ‘ਚੰਦ ਦਾਗੀ ਹੈ’ ਤੇ ‘ਬੋਦੀ ਵਾਲਾ ਤਾਰਾ’ ਰਿਲੀਜ਼
ਰਾਜਿੰਦਰ ਜੈਦਕਾ
ਅਮਰਗੜ੍ਹ, 2 ਸਤੰਬਰ
ਹਰਿੰਦਰ ਸਿੰਘ ਮਹਿਬੂਬ ਲਾਇਬਰੇਰੀ ਝੂੰਦਾਂ ਵਿੱਚ ਫਿਲਮੀ ਕਲਾਕਾਰ ਰਾਣਾ ਜੰਗ ਬਹਾਦਰ ਸਿੰਘ ਦੀਆਂ ਦੋ ਨਾਟਕ ਪੁਸਤਕਾਂ ‘ਚੰਦ ਦਾਗੀ ਹੈ’ ਤੇ ‘ਬੋਦੀ ਵਾਲਾ ਤਾਰਾ’ ਲੋਕ ਅਰਪਣ ਕੀਤੀਆਂ ਗਈਆਂ। ਸਾਹਿਤ ਸਿਰਜਨਾ ਮੰਚ ਵੱਲੋਂ ਜਸਵੀਰ ਸਿੰਘ ਰਾਣਾ ਦੀ ਦੇਖ ਰੇਖ ਹੇਠ ਕਰਵਾਏ ਪ੍ਰੋਗਰਾਮ ਵਿੱਚ ਸਾਬਕਾ ਵਿਧਾਇਕ ਇਕਬਾਲ ਸਿੰਘ ਝੂੰਦਾਂ, ਡਾ. ਸਤੀਸ਼ ਕੁਮਾਰ, ਡਾ. ਤਰਸਪਾਲ ਕੌਰ, ਸੰਜੀਵਨ ਸਿੰਘ, ਜਸਵੀਰ ਰਾਣਾ, ਅਲਫਾਜ਼ ਮਹਿਤਾਬ, ਜਗਸੀਰ ਗਿੱਲ ਤੇ ਜਤਿੰਦਰ ਹਾਂਸ ਵਿਸ਼ੇਸ ਤੌਰ ’ਤੇ ਪਹੁੰਚੇ। ਸਮਾਗਮ ਦੀ ਸ਼ੁਰੂਆਤ ਡਾ. ਜਗਮੋਹਨ ਸਿੰਘ, ਅਲਫ਼ਾਜ ਮਹਿਤਾਬ ਤੇ ਜਗਸੀਰ ਸਿੰਘ ਨੇ ਰਚਨਾਵਾਂ ਪੇਸ਼ ਕਰ ਕੇ ਕੀਤੀ। ਇਸ ਮੌਕੇ ਕਹਾਣੀਕਾਰ ਜਸਵੀਰ ਰਾਣਾ ਨੇ ਰਾਣਾ ਜੰਗ ਬਹਾਦਰ ਦੇ ਫ਼ਿਲਮੀ ਸਫ਼ਰ ਅਤੇ ਉਸਦੀ ਪਿੰਡ ਦੀ ਸਾਂਝ ਬਾਰੇ ਜਾਣੂ ਕਰਵਾਇਆ। ਰਾਣਾ ਜੰਗ ਬਹਾਦਰ ਸਿੰਘ ਨੇ ਆਪਣੇ ਪਿੰਡ ਅਮਰਗੜ੍ਹ ਤੋਂ ਮੰਬਈ ਤੱਕ ਦੇ ਸਫ਼ਰ ਅਤੇ ਆਪਣੇ ਨਾਟਕਾਂ ਵਿੱਚ ਵਰਤੀ ਗਈ ਠੇਠ ਪੰਜਾਬੀ ਭਾਸ਼ਾ ਬਾਰੇ ਜਾਣੂ ਕਰਵਾਇਆ। ਇਸ ਮੌਕੇ ਜੱਸ ਸ਼ੇਰਗਿੱਲ, ਅਵਤਾਰ ਸਿੰਘ ਹਰੀਕੇ, ਨਾਟਕਕਾਰ ਰਣਜੀਤ ਨੋਨਾ, ਕਰਮਜੀਤ ਸਿੰਘ ਨੌਧਰਾਣੀ, ਕੰਵਰ ਗੁਰਵਿੰਦਰ ਸਿੰਘ, ਡਾ. ਮਨਪ੍ਰੀਤ ਕੌਰ ਧਾਲੀਵਾਲ, ਅਰਸ਼ਦੀਪ ਸਿੰਘ ਅਰਸ਼ੀ, ਮੌਂਟੀ ਸ਼ਰਮਾ, ਐਡਵੋਕੇਟ ਨਵਨੀਤ ਸਿੰਘ ਨਾਭਾ, ਅਸ਼ਵਨੀ ਬਾਗੜੀਆਂ ਆਦਿ ਸਾਮਲ ਹੋਏ। ਸੰਦੀਪ ਸਿੰਘ ਬਦੇਸ਼ਾ ਨੇ ਦੱਸਿਆ ਕਿ ਰਾਣਾ ਜੰਗ ਬਹਾਦਰ ਅਮਰਗੜ੍ਹ ਤੇ ਸਰਕਾਰੀ ਕਾਲਜ ਮਾਲੇਰਕੋਟਲਾ ਵਿੱਚ ਪੜ੍ਹਦੇ ਰਹੇ ਹਨ।
ਹਿੰਦੀ ਕਾਵਿ-ਪੁਸਤਕ ‘ਕੈਨਵਸ ਕੇ ਪਾਸ’ ਰਿਲੀਜ਼
ਮਾਲੇਰਕੋਟਲਾ (ਨਿੱਜੀ ਪੱਤਰ ਪ੍ਰੇਰਕ): ਸਥਾਨਕ ਇਸਲਾਮੀਆ ਗਰਲਜ਼ ਕਾਲਜ ਵਿੱਚ ਸਾਹਿਤ ਸਿਰਜਣਾ ਮੰਚ ਅਮਰਗੜ੍ਹ ਵੱਲੋਂ ਇਕ ਸਾਹਿਤਕ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਡਾ. ਜਸਪ੍ਰੀਤ ਕੌਰ ਫ਼ਲਕ ਦੀ ਹਿੰਦੀ ਕਾਵਿ-ਪੁਸਤਕ ‘ਕੈਨਵਸ ਕੇ ਪਾਸ’ ਰਿਲੀਜ਼ ਕੀਤੀ ਗਈ। ਪੰਜਾਬੀ ਤੇ ਹਿੰਦੀ ਵਿੱਚ ਲਿਖਣ ਵਾਲੀ ਪ੍ਰਸਿੱਧ ਸ਼ਾਇਰਾ ਡਾ. ਜਸਪ੍ਰੀਤ ਕੌਰ ਫ਼ਲਕ ਦੀ ਹਿੰਦੀ ਕਾਵਿ-ਪੁਸਤਕ ‘ਕੈਨਵਸ ਕੇ ਪਾਸ’ ਬਾਰੇ ਵਿਚਾਰ-ਚਰਚਾ ਕੀਤੀ ਗਈ। ਡਾ. ਜਸਪ੍ਰੀਤ ਕੌਰ ਫ਼ਲਕ ਨੇ ਆਪਣੀ ਕਾਵਿ-ਯਾਤਰਾ ਦੇ ਹਵਾਲੇ ਨਾਲ ਔਰਤ ਮਨ ਦੀ ਗਾਥਾ ਨੂੰ ਹਾਲ ਵਿੱਚ ਹਾਜ਼ਰ ਕੁੜੀਆਂ ਦੀ ਚੇਤਨਾ ਤਿੱਖੀ ਕਰਨ ਲਈ ਇਕ ਸਿਰਜਣੀ ਔਜ਼ਾਰ ਵਜੋਂ ਵਰਤਦਿਆਂ ਕਵਿਤਾ ਨੂੰ ਖ਼ੂਬਸੂਰਤ ਜ਼ਿੰਦਗੀ ਦਾ ਸਿਰਨਾਵਾਂ ਆਖਿਆ ਤੇ ਸਭ ਦਾ ਧੰਨਵਾਦ ਕੀਤਾ। ਅਖੀਰ ਵਿੱਚ ਵਿਸ਼ਾਲ ਦੁਆਰਾ ਸੰਪਾਦਿਤ ਮੈਗਜ਼ੀਨ ‘ਅੱਖਰ’ ਦਾ ਨਵਾਂ ਅੰਕ ਲੋਕ ਅਰਪਣ ਕੀਤਾ ਗਿਆ। ਡਾ. ਕਰਨੈਲ ਸ਼ੇਰਗਿੱਲ ਦੀ ਨਵੀਂ ਕਥਾ-ਪੁਸਤਕ ‘ਮੈਮਰੀ ਲੇਨ’ ਲੋਕ ਅਰਪਣ ਕੀਤੀ ਗਈ।