ਪੁਸਤਕ ‘ਜਪੁਜੀ ਇੱਕ ਤੁਲਨਾਤਮਕ ਅਧਿਐਨ’ ਲੋਕ ਅਰਪਣ
ਖੇਤਰੀ ਪ੍ਰਤੀਨਿਧ
ਲੁਧਿਆਣਾ, 8 ਅਗਸਤ
ਸਥਾਨਕ ਰਾਮਗੜ੍ਹੀਆ ਗਰਲਜ਼ ਕਾਲਜ ਵਿੱਚ ਅੱਜ ਨਵੇਂ ਵਿਦਿਅਕ ਸੈਸ਼ਨ ਦੇ ਆਰੰਭ ਵਿੱਚ ਜਿੱਥੇ ਸ੍ਰੀ ਸਹਿਜ ਪਾਠ ਦੇ ਭੋਗ ਪਾਏ ਗਏ, ਉੱਥੇ ਡਾ. ਦਲੀਪ ਸਿੰਘ ਦੀਪ ਦੀ ਪੁਨਰ ਪ੍ਰਕਾਸ਼ਿਤ ਪੁਸਤਕ ‘ਜਪੁਜੀ ਇੱਕ ਤੁਲਨਾਤਮਕ ਅਧਿਐਨ’ ਰਿਲੀਜ਼ ਕੀਤੀ ਗਈ। ਇਸ ਸਮਾਗਮ ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸਾਹਿਬ ਗਿਆਨੀ ਹਰਪ੍ਰੀਤ ਸਿੰਘ, ਸੰਤ ਗਿਆਨੀ ਹਰਭਜਨ ਸਿੰਘ ਢੁੱਡੀਕੇ, ਪੰਜਾਬੀ ਲੇਖਕ ਡਾ. ਸੁਰਜੀਤ ਪਾਤਰ, ਸ਼ਾਹੀ ਇਮਾਮ ਪੰਜਾਬ ਉਸਮਾਨ ਉੱਲ ਰਹਿਮਾਨੀ ਲੁਧਿਆਣਵੀ ਅਤੇ ਰਣਜੋਤ ਸਿੰਘ ਨੇ ਇਸ ਪੁਸਤਕ ਬਾਰੇ ਆਪੋ ਆਪਣੇ ਵਿਚਾਰ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਇਹ ਪੁਸਤਕ ਗਿਆਨ ਦਾ ਅਥਾਹ ਸੋਮਾ ਹੈ, ਇਸਨੂੰ ਦੁਬਾਰਾ ਪ੍ਰਕਾਸ਼ਿਤ ਕਰਨਾ ਬਹੁਤ ਮਾਣ ਵਾਲੀ ਗੱਲ ਹੈ। ਇਸ ਮੌਕੇ ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਵੱਲੋਂ ਗਿਆਨੀ ਭਗਤ ਸਿੰਘ ਦੀ ਯਾਦ ਵਿੱਚ ‘ਗਿਆਨੀ ਭਗਤ ਸਿੰਘ ਯਾਦਗਾਰੀ ਸ਼੍ਰੋਮਣੀ ਰਾਗੀ ਐਵਾਰਡ’ ਦੀ ਸ਼ੁਰੂਆਤ ਕੀਤੀ ਗਈ। ਇਹ ਇਨਾਮ ਭਾਈ ਹਰਜਿੰਦਰ ਸਿੰਘ ਸ੍ਰੀਨਗਰ ਵਾਲੇ ਅਤੇ ਪ੍ਰਿੰ. ਸੁਖਵੰਤ ਸਿੰਘ ਨੂੰ ਦਿੱਤਾ ਗਿਆ। ਪ੍ਰਿੰ. ਜਸਪਾਲ ਕੌਰ, ਰਾਮਗੜ੍ਹੀਆ ਐਜੂਕੇਸ਼ਨ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਜਨਰਲ ਸਕੱਤਰ ਗੁਰਚਰਨ ਸਿੰਘ ਲੋਟੇ ਨੇ ਵਿਦਿਆਰਥੀਆਂ ਨੂੰ ਨਵੇਂ ਵਿਦਿਅਕ ਵਰ੍ਹੇ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।