ਬਾਹਰ ਜਾ ਕੇ ਬੋਲਣ ਦਾ ਬੰਧੇਜ
ਜੂਲੀਓ ਰਿਬੇਰੋ
ਕਾਂਗਰਸ ਆਗੂ ਰਾਹੁਲ ਗਾਂਧੀ ਨੂੰ ਘੱਟੋ-ਘੱਟ 2029 ਦੀਆਂ ਅਗਲੀਆਂ ਲੋਕ ਸਭਾ ਚੋਣਾਂ ਤੱਕ ਅਮਰੀਕਾ ਜਾਂ ਬਰਤਾਨੀਆ ਵਿੱਚ ਆ ਕੇ ਬੋਲਣ ਬਾਰੇ ਸੈਮ ਪਿਤਰੋਦਾ ਦੇ ਸੱਦੇ ਕਬੂਲ ਕਰਨੇ ਬੰਦ ਕਰ ਦੇਣੇ ਚਾਹੀਦੇ ਹਨ। ਨਰਿੰਦਰ ਮੋਦੀ ਪ੍ਰਤੀ ਰਾਹੁਲ ਦੀ ਨਾਪਸੰਦਗੀ ਐਨੀ ਗਹਿਰੀ ਹੈ ਕਿ ਜਦੋਂ ਵੀ ਕਦੇ ਉਹ ਆਪਣੇ ਭਾਸ਼ਣ ਵਿੱਚ ਮੋਦੀ ਦਾ ਜਿ਼ਕਰ ਕਰਦੇ ਹਨ ਤਾਂ ਕੋਈ ਨਾ ਕੋਈ ਪੁਆੜਾ ਪਾ ਬਹਿੰਦੇ ਹਨ। ਆਪਣੇ ਸਿਆਸੀ ਵਿਰੋਧੀਆਂ ’ਤੇ ਜ਼ਹਿਰ ਉਗਲਣਾ ਤਾਂ ਘਰ ਵਿੱਚ ਵੀ ਮਾੜਾ ਹੁੰਦਾ ਹੈ ਪਰ ਜਦੋਂ ਇਹ ਕੰਮ ਬਾਹਰ ਜਾ ਕੇ ਕੀਤਾ ਜਾਂਦਾ ਹੈ ਤਾਂ ਇਸ ਨੂੰ ਕੋਈ ਵੀ ਪਸੰਦ ਨਹੀਂ ਕਰਦਾ। ਬਹੁਤ ਸਾਰੇ ਵਿਦੇਸ਼ੀ ਮਹਿਮਾਨ ਸਾਡੇ ਕੌਮੀ ਆਗੂਆਂ ਨਾਲ ਵਿਚਾਰ ਚਰਚਾ ਕਰਨ ਲਈ ਨਵੀਂ ਦਿੱਲੀ ਆਉਂਦੇ ਰਹਿੰਦੇ ਹਨ। ਉਨ੍ਹਾਂ ’ਚੋਂ ਕੁਝ ਤਾਂ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਆਗੂਆਂ ਨੂੰ ਵੀ ਮਿਲਦੇ ਹਨ। ਕਦੇ ਐਸਾ ਸੁਣਨ ਨੂੰ ਨਹੀਂ ਮਿਲਿਆ ਕਿ ਇੱਥੇ ਆ ਕੇ ਉਨ੍ਹਾਂ ਨੇ ਆਪਣੇ ਸਿਆਸੀ ਵਿਰੋਧੀਆਂ ਨੂੰ ਨੀਵਾਂ ਦਿਖਾਇਆ ਹੋਵੇ। ਮੰਨਦੇ ਹਾਂ ਕਿ ਸਾਡੇ ਪ੍ਰਧਾਨ ਮੰਤਰੀ ਦੀ ਆਲੋਚਨਾ ਕਰਨ ਦੇ ਕਈ ਕਾਰਨ ਹਨ ਪਰ ਉਹ ਲੜਾਈਆਂ ਭਾਰਤ ਵਿੱਚ ਰਹਿ ਕੇ ਭਾਰਤੀਆਂ ਵੱਲੋਂ ਹੀ ਲੜੀਆਂ ਜਾਣੀਆਂ ਚਾਹੀਦੀਆਂ ਹਨ। ਵਿਦੇਸ਼ੀਆਂ ਨੂੰ ਸਾਡੀਆਂ ਅੰਦਰੂਨੀ ਸਮੱਸਿਆਵਾਂ ਵਿੱਚ ਸ਼ਾਮਿਲ ਨਹੀਂ ਕਰਨਾ ਚਾਹੀਦਾ।
ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਲਈ ਬੜੀ ਤੇਜ਼ੀ ਨਾਲ ਹਕੀਕੀ ਖ਼ਤਰਾ ਬਣ ਰਹੇ ਹਨ। 2024 ਦੀਆਂ ਲੋਕ ਸਭਾ ਚੋਣਾਂ ਦੇ ਨਤੀਜਿਆਂ ਨੇ ਉਨ੍ਹਾਂ ਨੂੰ ਵੱਡੀ ਪੁਲਾਂਘ ਬਖ਼ਸ਼ੀ ਹੈ। ਮੁੱਖ ਵਿਰੋਧੀ ਧਿਰ ਕਾਂਗਰਸ ਪਾਰਟੀ ਦੀ ਸਦਨ ਵਿੱਚ ਹਾਜ਼ਰੀ ਵਧ ਕੇ ਦੁੱਗਣੀ ਹੋ ਗਈ ਹੈ। ਭਾਜਪਾ ਨੂੰ ਆਪਣੇ ਗੜ੍ਹ ਉੱਤਰ ਪ੍ਰਦੇਸ਼ ਵਿੱਚ ਮਾਤ ਖਾਣੀ ਪਈ ਹੈ। ਹੈਰਤ ਦੀ ਗੱਲ ਇਹ ਹੈ ਕਿ ਰਾਮ ਮੰਦਿਰ ਦੇ ਉਦਘਾਟਨ ਲਈ ਮੋਦੀ ਵੱਲੋਂ ਸ਼ੰਕਰਾਚਾਰੀਆ ਦੀ ਭੂਮਿਕਾ ਨਿਭਾਉਣ ਦੇ ਬਾਵਜੂਦ ਭਾਜਪਾ ਅਯੁੱਧਿਆ ਦੀ ਲੋਕ ਸਭਾ ਸੀਟ ਹਾਰ ਗਈ! ਕਿਸੇ ਸੂਝਵਾਨ ਸਿਆਸਤਦਾਨ ਨੇ ਅਗਲੀ ਵਾਰ ਮੌਕਾ ਮਿਲਦੇ ਸਾਰ ਮੋਦੀ ਨੂੰ ਸੱਤਾ ਤੋਂ ਹਟਾਉਣ ਲਈ ਉਸ ਲਘੂ ਜਿੱਤ ਦਾ ਲਾਹਾ ਲੈਣ ਦੀ ਯੋਜਨਾਬੰਦੀ ਬਣਾ ਲੈਣੀ ਸੀ। ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਰਾਹੁਲ ਜਦੋਂ ਲੋਕ ਸਭਾ ਵਿੱਚ ਸਰਕਾਰ ਦੀਆਂ ਨੀਤੀਆਂ ਅਤੇ ਸਿਆਸੀ ਸੱਤਾ ’ਤੇ ਕਬਜ਼ੇ ਦੇ ਮੰਤਵ ਲਈ ਫੈਲਾਈ ਗਈ ਨਫ਼ਰਤ ਅਤੇ ਵੰਡ ਦੀ ਰਾਜਨੀਤੀ ਉੱਪਰ ਹਮਲੇ ਕਰ ਰਹੇ ਸਨ ਤਾਂ ਇਹੀ ਕਰ ਰਹੇ ਸੀ।
ਤੇ ਫਿਰ ਉਹ ਯਕਦਮ ਅਮਰੀਕਾ ਪਹੁੰਚ ਗਏ ਅਤੇ ਉੱਥੇ ਉਨ੍ਹਾਂ ਆਪਣੇ ਮਿੱਤਰ ਅਤੇ ਭਰੋਸੇਮੰਦ ਸੈਮ ਵੱਲੋਂ ਸੱਦੀਆਂ ਕੁਝ ਚੋਣਵੀਆਂ ਇਕੱਤਰਤਾਵਾਂ ਨੂੰ ਸੰਬੋਧਨ ਕਰਦੇ ਹੋਏ ਮੋਦੀ ਖਿ਼ਲਾਫ਼ ਬਿਆਨ ਦਾਗ਼ ਕੇ ਆਪ ਹੀ ਆਪਣੀ ਖੇਡ ਵਿਗਾੜ ਲਈ। ਦੂਜੇ ਪਾਸੇ, ਮੋਦੀ ਨੇ ਭੱਦਰ ਸਿਆਸਤਦਾਨ ਦੇ ਤੌਰ ’ਤੇ ਨਿਊਯਾਰਕ ਟਾਈਮਜ਼ ਸਕੁਏਅਰ ਵਿੱਚ ਦੇਸੀ ਲੋਕਾਂ ਦੀ ਵੱਡੀ ਇਕੱਤਰਤਾ ਵਿੱਚ ਵਾਹ-ਵਾਹ ਬਟੋਰ ਕੇ ਬਾਹਰ ਮੁੜ ਆਪਣੀ ਭੱਲ ਬਣਾ ਲਈ ਹੈ। ਅਮਰੀਕਾ ਅਤੇ ਵੱਖ-ਵੱਖ ਯੂਰੋਪੀਅਨ ਤਾਕਤਾਂ ਨੂੰ ਭਾਰਤ ਦੀ ਵੱਡੀ ਅਤੇ ਲਗਾਤਾਰ ਵਧ ਰਹੀ ਮੰਡੀ ਦੀ ਚਾਹਨਾ ਰਹਿੰਦੀ ਹੈ। ਇਸ ਇਕ ਕਾਰਨ ਕਰ ਕੇ ਹੀ ਵਿਦੇਸ਼ ਵਿੱਚ ਸਾਡੇ ਪ੍ਰਧਾਨ ਮੰਤਰੀ ਦੀ ਆਓ ਭਗਤ ਹੁੰਦੀ ਹੈ। ਮੋਦੀ ਚੁਸਤ ਅਤੇ ਹਿਸਾਬੀ ਕਿਤਾਬੀ ਸਿਆਸਤਦਾਨ ਹੈ। ਉਹ ਬਾਕਮਾਲ ਵਕਤਾ ਹਨ। ਨਿਊਯਾਰਕ ਵਿੱਚ ਉਨ੍ਹਾਂ ਅਜਿਹਾ ਕੁਝ ਵੀ ਨਹੀਂ ਕਿਹਾ ਜੋ ਪਹਿਲਾਂ ਆਪਣੇ ਦੇਸ਼ ਵਿੱਚ ਨਹੀਂ ਕਿਹਾ ਸੀ ਪਰ ਜੋ ਕੁਝ ਵੀ ਉਨ੍ਹਾਂ ਬੋਲਿਆ, ਉਹ ਐਨੀ ਦ੍ਰਿੜਤਾ ਅਤੇ ਉਸ ਅੰਦਾਜ਼ ਨਾਲ ਬਿਆਨ ਕੀਤਾ ਕਿ ਭੀੜ ਉਪਰ ਅਮਿੱਟ ਛਾਪ ਛੱਡ ਗਿਆ।
ਮੇਰੇ ਆਪਣੇ ਸ਼ਹਿਰ ਮੁੰਬਈ ਵਿੱਚ ਮੈਂ ਸ਼ਿਵ ਸੈਨਾ ਦੇ ਬਾਨੀ ਬਾਲਾਸਾਹਿਬ ਠਾਕਰੇ ਨੂੰ ਕਈ ਮੌਕਿਆਂ ’ਤੇ ਬੋਲਦਿਆਂ ਸੁਣਿਆ ਸੀ। ਉਹ ਸਰੋਤਿਆਂ ਨੂੰ ਕੀਲ ਕੇ ਰੱਖਦੇ ਸਨ। ਮੋਦੀ ਵੀ ਉਵੇਂ ਹੀ ਕਰਦਾ ਹੈ ਪਰ ਮੋਦੀ ਆਪਣੇ ਸਰੋਤਿਆਂ ਨੂੰ ਕੀਲਣ ਲਈ ਹਾਸਰਸ ਦੀ ਵਰਤੋਂ ਨਹੀਂ ਕਰਦੇ। ਉਨ੍ਹਾਂ ਦੇ ਹਾਵ-ਭਾਵ ਐਨੇ ਗੰਭੀਰ ਹਨ ਕਿ ਉਨ੍ਹਾਂ ਦੇ ਮੂੰਹੋਂ ਹਾਸਰਸ ਫੱਬਦਾ ਹੀ ਨਹੀਂ। ਬਾਲ ਠਾਕਰੇ ਆਪਣੀ ਤਕਰੀਰ ਵਿਚ ਚੁਟਕਲਿਆਂ ਨੂੰ ਇੰਝ ਪਰੋ ਲੈਂਦੇ ਸਨ ਕਿ ਮਰਾਠੀ ਦੀ ਸਮਝ ਨਾ ਰੱਖਣ ਵਾਲਾ ਬੰਦਾ ਵੀ ਮੁਸਕੜੀਏ ਹੱਸਦਾ ਵਾਪਸ ਜਾਂਦਾ ਸੀ। ਰਾਹੁਲ ਕਦੇ ਵੀ ਮੋਦੀ ਦੇ ਸੰਚਾਰ ਦੇ ਮਿਆਰਾਂ ਨੂੰ ਛੂਹ ਨਹੀਂ ਸਕੇਗਾ ਜਿਨ੍ਹਾਂ ਬਾਰੇ ਵਕਤਾ ਨੂੰ ਖ਼ੁਦ ਵੀ ਵਿਸ਼ਵਾਸ ਨਹੀਂ ਹੁੰਦਾ। ਹਰੇਕ ਸਿਆਸਤਦਾਨ ਦੀ ਆਪਣੀ ਤਾਕਤ ਅਤੇ ਆਪਣੀ ਕਮਜ਼ੋਰੀ ਹੁੰਦੀ ਹੈ। ਮਿਸਾਲ ਦੇ ਤੌਰ ’ਤੇ ਕੱਟੜਪੰਥੀ ਵਿਚਾਰਧਾਰਾ ਤੋਂ ਪ੍ਰੇਰਿਤ ਮੋਦੀ ਦੇ ਮੁਕਾਬਲੇ ਰਾਹੁਲ ਵਧੇਰੇ ਸੁਹਿਰਦ ਇਨਸਾਨ ਵਜੋਂ ਉਭਰਿਆ ਹੈ। ਉਸ ਨੂੰ ਆਪਣੀ ਇਸ ਤਾਕਤ ਦਾ ਲਾਹਾ ਉਠਾ ਕੇ ਵੋਟਰਾਂ ਨੂੰ ਆਪਣੀ ਵੁੱਕਤ ਸਮਝਾਉਣੀ ਚਾਹੀਦੀ ਹੈ। ਵਿਦੇਸ਼ੀ ਧਰਤੀ ’ਤੇ ਆਪਣੇ ਸਿਆਸੀ ਵਿਰੋਧੀਆਂ ਉੱਪਰ ਹਮਲੇ ਕਰਨਾ ਕੋਈ ਚੰਗੀ ਰਣਨੀਤੀ ਨਹੀਂ, ਫਿਰ ਭਾਵੇਂ ਇਸ ਦਾ ਸੂਤਰਧਾਰ ਸੈਮ ਪਿਤਰੋਦਾ ਵਰਗਾ ਬੰਦਾ ਹੀ ਕਿਉਂ ਨਾ ਹੋਵੇ।
ਮੋਦੀ ਅਤੇ ਉਨ੍ਹਾਂ ਦੇ ਵਿਸ਼ਵਾਸਪਾਤਰ ਅਮਿਤ ਸ਼ਾਹ ਨੇ ਹਾਲ ਹੀ ਵਿੱਚ ਕਸ਼ਮੀਰ ਵਾਦੀ ਵਿਚ ਚੋਣ ਰੈਲੀਆਂ ਨੂੰ ਸੰਬੋਧਨ ਕੀਤਾ ਹੈ। ਮੋਦੀ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਸਰਕਾਰ ਜੋ 2019 ਵਿੱਚ ਰਾਜ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਉਣ ਤੋਂ ਲੈ ਕੇ ਹੁਣ ਤੱਕ ਇਕੱਲੀ ਹੀ ਜੰਮੂ ਕਸ਼ਮੀਰ ਦੀ ਮੁਖਤਾਰ ਬਣੀ ਹੋਈ ਹੈ, ਨੇ ਉੱਥੇ ਅਤਿਵਾਦ ਤੋਂ ਖਹਿੜਾ ਛੁਡਾ ਲਿਆ ਹੈ! ਫਿਰ ਵੀ ਹਰ ਹਫ਼ਤੇ ਅਖਬਾਰਾਂ ਅਤਿਵਾਦੀ ਹਮਲਿਆਂ ਦੀਆਂ ਗੱਲਾਂ ਕਰਦੀਆਂ ਹਨ। ਕਿਸ ਉੱਤੇ ਯਕੀਨ ਕੀਤਾ ਜਾਵੇ? ਹਰ ਹਫ਼ਤੇ ਮ੍ਰਿਤਕ ਨਾਗਰਿਕਾਂ ਤੇ ਸ਼ਹੀਦ ਹੋਏ ਸੈਨਿਕਾਂ ਨੂੰ ਦਫ਼ਨਾਇਆ ਜਾਂਦਾ ਹੈ ਜਾਂ ਉਨ੍ਹਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ!
ਅਮਿਤ ਸ਼ਾਹ ਨੇ ਵਾਦੀ ਦੇ ਵੋਟਰਾਂ ਨੂੰ ਚਿਤਾਵਨੀ ਦਿੱਤੀ ਕਿ ਜੇ ਕਾਂਗਰਸ ਜਾਂ ਅਬਦੁੱਲ੍ਹਾ ਪਰਿਵਾਰ ਦੀ ਅਗਵਾਈ ਵਿੱਚ ਨੈਸ਼ਨਲ ਕਾਨਫਰੰਸ ਸੱਤਾ ਵਿਚ ਵਾਪਸ ਆ ਗਈ ਤਾਂ ਅਤਿਵਾਦ ਆਪਣੇ ਸਾਰੇ ਘਿਨਾਉਣੇ ਰੂਪਾਂ ਵਿੱਚ ਫਿਰ ਤੋਂ ਖੇਤਰ ਵਿੱਚ ਪ੍ਰਗਟ ਹੋ ਜਾਵੇਗਾ। ਮੋਦੀ ਤੇ ਸ਼ਾਹ ਨੂੰ ਸ਼ਾਇਦ ਯਕੀਨ ਹੈ ਕਿ ਬੰਦੂਕਾਂ ਤੇ ਗੋਲੀਆਂ ਅਤਿਵਾਦ ਦਾ ਖਾਤਮਾ ਕਰ ਸਕਦੀਆਂ ਹਨ। ਇਹ ਉਹ ਸਬਕ ਨਹੀਂ ਹੈ ਜੋ ਆਇਰਲੈਂਡ ਜਾਂ ਸਪੇਨ ਤੇ ਸਾਡੇ ਦੇਸ਼ ’ਚ ਪੰਜਾਬ ਨੇ ਇਸ ਸਮੱਸਿਆ ਨਾਲ ਆਪਣੇ ਸੰਘਰਸ਼ ਤੋਂ ਸਿੱਖਿਆ ਹੈ। ਦਹਿਸ਼ਤਗਰਦੀ ’ਤੇ ਸਾਰੀਆਂ ਪ੍ਰਮਾਣਿਕ ਕਿਤਾਬਾਂ ਤੁਹਾਨੂੰ ਇਹੀ ਦੱਸਣਗੀਆਂ ਕਿ ਜਿੱਥੇ ਕਿਤੇ ਵੀ ਭ੍ਰਿਸ਼ਟ ਬੁੱਧੀ ਦੇ ਦਹਿਸ਼ਤਗਰਦਾਂ ਨਾਲ ਸਖ਼ਤੀ ਨਾਲ ਨਜਿੱਠਣਾ ਪਿਆ ਹੈ, ਅਤਿਵਾਦ ਨੂੰ ਇਸ ਤਰ੍ਹਾਂ ਉੱਥੇ ਉਦੋਂ ਹੀ ਮਿਟਾਇਆ ਜਾ ਸਕਿਆ ਹੈ ਜਦੋਂ ਜਿਸ ਸਮਾਜ ਨਾਲ ਉਹ ਰਹਿੰਦੇ ਸਨ, ਉਹੀ ਉਨ੍ਹਾਂ ਦੇ ਖਿ਼ਲਾਫ਼ ਹੋ ਗਿਆ।
ਸੰਖੇਪ ਵਿਚ ਕਿਹਾ ਜਾਵੇ ਤਾਂ ਅਤਿਵਾਦੀਆਂ ਤੇ ਅਤਿਵਾਦ ਵਿੱਚ ਪ੍ਰਤੱਖ ਅੰਤਰ ਹੈ। ਅਤਿਵਾਦੀਆਂ ਨੂੰ ਮਿਟਾਇਆ ਜਾ ਸਕਦਾ ਹੈ ਪਰ ਜਦ ਉਨ੍ਹਾਂ ਨੂੰ ਫਡਿ਼ਆ ਜਾਂ ਮਾਰਿਆ ਜਾਂਦਾ ਹੈ ਤਾਂ ਹੋਰ ਨੌਜਵਾਨ ਉਨ੍ਹਾਂ ਦੀ ਥਾਂ ਲੈਣ ਨੂੰ ਤਿਆਰ ਬੈਠੇ ਹੁੰਦੇ ਹਨ। ਵਜ੍ਹਾ ਹੀ ਐਨੀ ਭਾਵਨਾਤਮਕ ਹੈ ਕਿ ਪਛਾਣ ’ਚ ਆ ਚੁੱਕੇ ਅਤਿਵਾਦੀਆਂ ਤੋਂ ਪਿੱਛਾ ਛੁਡਾਉਣਾ ਵੀ ਟੀਚੇ ਦੀ ਸਫਲ ਪ੍ਰਾਪਤੀ ਦਾ ਆਖਿ਼ਰੀ ਸੂਚਕ ਨਹੀਂ ਹੁੰਦਾ।
ਪੰਜਾਬ ਵਿੱਚ ਅਤਿਵਾਦ ਉਦੋਂ ਹੀ ਖ਼ਤਮ ਹੋਇਆ ਜਦੋਂ ਜੱਟ ਸਿੱਖ ਕਿਸਾਨਾਂ ਨੇ ਆਪਣੇ ਪਿੰਡਾਂ ਵਿੱਚ ਅਤਿਵਾਦੀਆਂ ਦੀ ਮੌਜੂਦਗੀ ਬਾਰੇ ਸੂਚਨਾ ਦੇਣੀ ਸ਼ੁਰੂ ਕਰ ਦਿੱਤੀ, ਉਹੀ ਸੂਚਨਾ ਜੋ ਉਹ ਪਹਿਲਾਂ ਟਕਰਾਅ ਕਾਰਨ ਦੇਣ ਤੋਂ ਝਿਜਕਦੇ ਸਨ। ਪੰਜਾਬ ਵਿੱਚ ਆਇਰਲੈਂਡ ਵਾਂਗ ਫੜੇ ਗਏ ਜਾਂ ਮਾਰੇ ਗਏ ਅਤਿਵਾਦੀਆਂ ਦੀ ਥਾਂ ਜਲਦੀ ਹੀ ਹੋਰ ਨੌਜਵਾਨ ਰੰਗਰੂਟ ਲੈ ਲੈਂਦੇ ਸਨ। ਜੱਟ ਸਿੱਖ ਕਿਸਾਨਾਂ ਨੇ ਉਦੋਂ ਹੀ ਸਰਕਾਰ ਦੀ ਮਦਦ ਕਰਨੀ ਸ਼ੁਰੂ ਕੀਤੀ ਜਦ ਖ਼ੁਦ ਉਨ੍ਹਾਂ ਦਾ ਜਿਊਣਾ ਔਖਾ ਹੋ ਗਿਆ। ਸਿਰਫ਼ ਬੰਦੂਕ ਨਾਲ ਹੀ ਸਭ ਕੁਝ ਹੱਲ ਨਹੀਂ ਹੋ ਸਕਦਾ।
ਲੋਕਾਂ ਨੂੰ ਜਿੱਤਣਾ ਪੈਂਦਾ ਹੈ। ਪਰਖੇ ਹੋਏ ਹੱਲਾਂ ਦਾ ਕੋਈ ਹੋਰ ਬਦਲ ਨਹੀਂ ਹੈ। ਧਾਰਾ 370 ਦਾ ਖਾਤਮਾ ਤੇ ਰਾਜ ਦਾ ਦਰਜਾ ਘਟਾ ਕੇ ਇਸ ਨੂੰ ਯੂਟੀ ਬਣਾਉਣਾ ਅਜਿਹੇ ਪਹਿਲੂ ਹਨ ਜੋ ਲੋਕਾਂ ਨੂੰ ਸਰਕਾਰ ਦਾ ਸਾਥ ਦੇਣ ਤੋਂ ਦੂਰ ਕਰਨਗੇ। ਜੰਮੂ ਕਸ਼ਮੀਰ ਵਿੱਚ ਅਤਿਵਾਦ ਖ਼ਤਮ ਕਰਨ ਦੀ ਸ਼ੇਖੀ ਮਾਰਨ ਤੋਂ ਪਹਿਲਾਂ ਮੋਦੀ ਤੇ ਸ਼ਾਹ ਨੂੰ ਇਹ ਅਡਿ਼ੱਕੇ ਖ਼ਤਮ ਕਰਨ ਲਈ ਪਹਿਲਾਂ ਆਪਣਾ ਮਨ ਸਮਝਾਉਣਾ ਪਏਗਾ।