For the best experience, open
https://m.punjabitribuneonline.com
on your mobile browser.
Advertisement

ਬੌਲੀਵੁੱਡ ਦਾ ਸ਼ੋਅਮੈਨ ਰਾਜ ਕਪੂਰ

07:06 AM Dec 14, 2024 IST
ਬੌਲੀਵੁੱਡ ਦਾ ਸ਼ੋਅਮੈਨ ਰਾਜ ਕਪੂਰ
Advertisement

ਪ੍ਰੋ. ਪਰਮਜੀਤ ਸਿੰਘ ਨਿੱਕੇ ਘੁੰਮਣ

Advertisement

ਕੋਈ ਵੇਲਾ ਸੀ ਕਿ ਪੂਰੇ ਬੌਲੀਵੁੱਡ ਵਿੱਚ ਆਰ.ਕੇ. ਫਿਲਮਜ਼ ਅਤੇ ਆਰ.ਕੇ. ਸਟੂਡੀਓ ਦੀ ਤੂਤੀ ਬੋਲਦੀ ਸੀ ਅਤੇ ਰਾਜ ਕਪੂਰ ਨੂੰ ਬੌਲੀਵੁੱਡ ਦੇ ‘ਸ਼ੋਅਮੈਨ’ ਦੇ ਨਾਂ ਨਾਲ ਸਤਿਕਾਰਿਆ ਜਾਂਦਾ ਸੀ। ਹੁਣ ਆਰ.ਕੇ. ਫਿਲਮਜ਼ ਅਤੇ ਆਰ.ਕੇ. ਸਟੂਡੀਓ ਦੀ ਹੋਂਦ ਤਾਂ ਧੁੰਦਲੀ ਪੈ ਗਈ ਹੈ, ਪਰ ਰਾਜ ਕਪੂਰ ਦਾ ‘ਸ਼ੋਅਮੈਨ’ ਵਾਲਾ ਦਰਜਾ ਅੱਜ ਵੀ ਬਰਕਰਾਰ ਹੈ। ਅਨੇਕ ਸੁਪਰਹਿੱਟ ਫਿਲਮਾਂ ਦੇਣ ਲਈ ਉਸ ਨੂੰ ਸਿਨੇ ਪ੍ਰੇਮੀਆਂ ਵੱਲੋਂ ਸਦਾ ਯਾਦ ਕੀਤਾ ਜਾਂਦਾ ਰਹੇਗਾ।
ਪਿਸ਼ਾਵਰ ਵਿਖੇ ਸਥਿਤ ਕਪੂਰ ਹਵੇਲੀ ਵਿੱਚ 14 ਦਸਬੰਰ, 1924 ਨੂੰ ਮਸ਼ਹੂਰ ਅਦਾਕਾਰ ਪ੍ਰਿਥਵੀ ਰਾਜ ਕਪੂਰ ਤੇ ਮਾਤਾ ਰਾਮਸ਼ਰਨੀ ਦੇਵੀ ਦੇ ਘਰ ਰਾਜ ਕਪੂਰ ਦਾ ਜਨਮ ਹੋਇਆ। ਉਸ ਦੇ ਦੋ ਭਰਾ ਸ਼ੰਮੀ ਕਪੂਰ ਤੇ ਸ਼ਸ਼ੀ ਕਪੂਰ ਤਾਂ ਉਸ ਵਾਂਗ ਹੀ ਵੱਡੇ ਹੋ ਕੇ ਫਿਲਮੀ ਅਦਾਕਾਰ ਬਣੇ, ਪਰ ਭੈਣ ਉਰਮਿਲਾ ਸਿਆਲ ਫਿਲਮਾਂ ਵਿੱਚ ਨਹੀਂ ਆਈ ਸੀ ਕਿਉਂਕਿ ਰਾਜ ਦੇ ਦਾਦਾ ਬਸ਼ੇਸ਼ਰਨਾਥ ਕਪੂਰ ਤੇ ਖ਼ਾਨਦਾਨ ਦੇ ਹੋਰ ਮੈਂਬਰ ਪਰਿਵਾਰ ਦੀਆਂ ਔਰਤਾਂ ਦੇ ਫਿਲਮਾਂ ਵਿੱਚ ਕੰਮ ਕਰਨ ਦੇ ਖ਼ਿਲਾਫ਼ ਸਨ। ਰਾਜ ਨੂੰ ਆਪਣੇ ਪਿਤਾ ਤੋਂ ਹੀ ਅਦਾਕਾਰੀ ਦਾ ਗੁਣ ਵਿਰਾਸਤ ਵਿੱਚ ਮਿਲਿਆ ਸੀ। ਸਿਰਫ਼ ਗਿਆਰਾਂ ਸਾਲ ਦੀ ਉਮਰ ਵਿੱਚ ਹੀ ਉਸ ਨੇ ਫਿਲਮ ‘ਇਨਕਲਾਬ’ ਰਾਹੀਂ ਫਿਲਮੀ ਦੁਨੀਆ ਵਿੱਚ ਕਦਮ ਰੱਖ ਦਿੱਤਾ ਸੀ। ਇਸ ਉਪਰੰਤ ਉਸ ਨੇ ‘ਬਾਲਮੀਕ’, ‘ਹਮਾਰੀ ਬਾਤ’ ਅਤੇ ‘ਗੌਰੀ’ ਆਦਿ ਫਿਲਮਾਂ ਵਿੱਚ ਛੋਟੀਆਂ-ਛੋਟੀਆਂ ਭੂਮਿਕਾਵਾਂ ਨਿਭਾਈਆਂ ਸਨ। ਇਸ ਤੋਂ ਠੀਕ ਬਾਰਾਂ ਸਾਲ ਬਾਅਦ 1947 ਵਿੱਚ ਰਾਜ ਕਪੂਰ ਅਤੇ ਮਧੂਬਾਲਾ ਜਿਹੇ ਨਵੇਂ ਚਿਹਰੇ ਲੈ ਕੇ ਨਿਰਦੇਸ਼ਕ ਕੇਦਾਰ ਸ਼ਰਮਾ ਨੇ ਫਿਲਮ ‘ਨੀਲ ਕਮਲ’ ਬਣਾਈ ਜੋ ਸਫਲ ਰਹੀ।

Advertisement

ਰਾਜ ਕਪੂਰ ਅਤੇ ਅਭਿਨੇਤਰੀ ਨਰਗਿਸ

‘ਨੀਲ ਕਮਲ’ ਤੋਂ ਬਾਅਦ ਉਸ ਨੇ ‘ਦਿਲ ਕੀ ਰਾਨੀ’, ‘ਦਿਲ ਕੇ ਤਰਾਨੇ’, ‘ਜੇਲ੍ਹ ਯਾਤਰਾ’, ‘ਅਮਰ ਪ੍ਰੇਮ’, ‘ਗੋਪੀਨਾਥ’ ਅਤੇ ‘ਚਿਤੌੜ ਵਿਜੈ’ ਨਾਮਕ ਫਿਲਮਾਂ ਵਿੱਚ ਵੱਖ-ਵੱਖ ਕਿਰਦਾਰ ਅਦਾ ਕੀਤੇ ਤੇ ਇਨ੍ਹਾਂ ਵਿੱਚੋਂ ਤਿੰਨ ਫਿਲਮਾਂ ਵਿੱਚ ਤਾਂ ਉਸ ਨੇ ਆਪਣੀ ਆਵਾਜ਼ ਵਿੱਚ ਗੀਤ ਵੀ ਰਿਕਾਰਡ ਕਰਵਾਏ ਸਨ। ਉਹ ਆਪਣੀ ਪਛਾਣ ਨਾ ਬਣਨ ਕਰਕੇ ਖ਼ਾਸਾ ਪਰੇਸ਼ਾਨ ਸੀ। ਉਹ ਕੁਝ ਵੱਡਾ ਤੇ ਪ੍ਰਭਾਵਸ਼ਾਲੀ ਕਰਨਾ ਚਾਹੁੰਦਾ ਸੀ ਤੇ ਸਫਲ ਅਦਾਕਾਰ ਜਾਂ ਨਿਰਦੇਸ਼ਕ ਬਣਨਾ ਚਾਹੁੰਦਾ ਸੀ। ਇਸ ਲਈ ਕੇਵਲ 24 ਸਾਲ ਦੀ ਉਮਰ ਵਿੱਚ ਹੀ ਉਸ ਨੇ ਆਪਣੇ ਆਰ.ਕੇ. ਸਟੂਡੀਓ ਦੀ ਸਥਾਪਨਾ ਕਰ ਦਿੱਤੀ ਤੇ ਫਿਲਮ ‘ਆਗ’ ਨੂੰ ਬਤੌਰ ਨਿਰਮਾਤਾ-ਨਿਰਦੇਸ਼ਕ ਬਣਾ ਕੇ ਬੌਲੀਵੁੱਡ ਨੂੰ ਆਪਣੀ ਕਾਬਲੀਅਤ ਦਾ ਅਹਿਸਾਸ ਕਰਵਾ ਦਿੱਤਾ ਸੀ। ਇਸ ਫਿਲਮ ਵਿੱਚ ਨਰਗਿਸ, ਕਾਮਿਨੀ ਕੌਸ਼ਲ ਅਤੇ ਰਾਜ ਦੇ ਸਾਲੇ ਪ੍ਰੇਮ ਨਾਥ ਦੀਆਂ ਮੁੱਖ ਭੂਮਿਕਾਵਾਂ ਸਨ।
‘ਆਗ’ ਤੋਂ ਬਾਅਦ ਉਸ ਨੇ 1949 ਵਿੱਚ ‘ਬਰਸਾਤ’ ਬਣਾਈ ਜੋ ਕਿ ਸੁਪਰਹਿੱਟ ਫਿਲਮ ਸੀ। ਫਿਰ ਉਸ ਨੇ ਆਰ.ਕੇ. ਫਿਲਮਜ਼ ਦੇ ਬੈਨਰ ਹੇਠ ‘ਅਵਾਰਾ’, ‘ਸ੍ਰੀ 420’, ‘ਜਾਗਤੇ ਰਹੋ’, ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’, ‘ਬੂਟ ਪਾਲਿਸ਼’, ‘ਅਬ ਦਿੱਲੀ ਦੂਰ ਨਹੀਂ’ ਆਦਿ ਯਾਦਗਾਰ ਫਿਲਮਾਂ ਬਣਾਈਆਂ ਸਨ ਜਿਨ੍ਹਾਂ ਵਿੱਚੋਂ ‘ਜਿਸ ਦੇਸ਼ ਮੇਂ ਗੰਗਾ ਬਹਿਤੀ ਹੈ’ ਦੇ ਨਿਰਦੇਸ਼ਨ ਦਾ ਜ਼ਿੰਮਾ ਉਸ ਨੇ ਆਪਣੇ ਸਿਨਮੈਟੋਗ੍ਰਾਫ਼ਰ ਰਾਧੂ ਕਰਮਾਕਰ ਨੂੰ ਸੌਂਪਿਆ ਸੀ। ਰਾਜ ਕਪੂਰ ਨੇ ਆਪਣੇ ਸਮੁੱਚੇ ਕਰੀਅਰ ਵਿੱਚ ਦਰਜਨਾਂ ਫਿਲਮਾਂ ’ਚ ਕੰਮ ਕੀਤਾ ਜਿਨ੍ਹਾਂ ਵਿੱਚੋਂ ‘ਆਹ’, ‘ਦਾਸਤਾਨ’, ‘ਅਨਹੋਨੀ’, ‘ਛਲੀਆ’, ‘ਅਨਾੜੀ’, ‘ਦਿਲ ਹੀ ਤੋ ਹੈ’, ‘ਸੰਗਮ’, ‘ਅਰਾਊਂਡ ਦਿ ਵਰਲਡ’, ‘ਸਪਨੋਂ ਕਾ ਸੌਦਾਗਰ’, ‘ਦੋ ਜਾਸੂਸ’, ‘ਗੋਪੀਚੰਦ ਜਾਸੂਸ’ ਆਦਿ ਦੇ ਨਾਂ ਵਿਸ਼ੇਸ਼ ਤੌਰ ’ਤੇ ਜ਼ਿਕਰਯੋਗ ਹਨ। 1982 ਵਿੱਚ ਬਤੌਰ ਅਦਾਕਾਰ ਉਸ ਨੇ ‘ਵਕੀਲ ਬਾਬੂ’ ਵਿੱਚ ਵੱਡੀ ਭੂਮਿਕਾ ਨਿਭਾਈ ਸੀ ਜਦੋਂ ਕਿ ਫਿਲਮੀ ਪਰਦੇ ’ਤੇ ਉਸ ਨੂੰ ਅਮਿਤਾਭ ਬੱਚਨ ਦੀ ਫਿਲਮ ‘ਨਸੀਬ’ ਦੇ ਇੱਕ ਗੀਤ ਵਿੱਚ ਬੌਲੀਵੁੱਡ ਦੇ ਦਿੱਗਜ ਕਲਾਕਾਰਾਂ ਨਾਲ ਵੇਖਿਆ ਗਿਆ।
ਰਾਜ ਕਪੂਰ ਨੇ ਵੀਹਵੀਂ ਸਦੀ ਦੇ ਛੇਵੇਂ, ਸੱਤਵੇਂ ਤੇ ਅੱਠਵੇਂ ਦਹਾਕੇ ਵਿੱਚ ਆਪਣੀ ਨਿਰਦੇਸ਼ਨ ਕਲਾ ਦਾ ਪੂਰਾ ਲੋਹਾ ਮਨਵਾਇਆ ਸੀ। ਉਸ ਨੇ ਬਤੌਰ ਨਿਰਦੇਸ਼ਕ ‘ਆਗ’ (1948), ‘ਅਵਾਰਾ’, ‘ਸ੍ਰੀ 420’, ‘ਅੰਦਾਜ਼’, ‘ਸੰਗਮ’, ‘ਮੇਰਾ ਨਾਮ ਜੋਕਰ’, ‘ਬੌਬੀ’, ‘ਸੱਤਿਅਮ ਸ਼ਿਵਮ ਸੁੰਦਰਮ’, ‘ਪ੍ਰੇਮ ਰੋਗ’ ਅਤੇ ‘ਰਾਮ ਤੇਰੀ ਗੰਗਾ ਮੈਲੀ’ (1985) ਆਦਿ ਜਿਹੀਆਂ ਸ਼ਾਹਕਾਰ ਫਿਲਮਾਂ ਬਣਾਈਆਂ ਸਨ। ਉਸ ਨੂੰ ਆਪਣੀ ਛੇ ਸਾਲ ਦੀ ਮਿਹਨਤ ਨਾਲ ਬਣਾਈ ਫਿਲਮ ‘ਮੇਰਾ ਨਾਮ ਜੋਕਰ’ ਦੇ ਫਲਾਪ ਰਹਿਣ ਦਾ ਬੜਾ ਦੁੱਖ ਹੋਇਆ ਸੀ ਤੇ ਫਿਰ ਉਸ ਨੇ ਨਵੇਂ ਜ਼ਮਾਨੇ ਦੀ ਸੋਚ ਤੇ ਸ਼ੈਲੀ ਨੂੰ ਫੜਦਿਆਂ ‘ਬੌਬੀ’ ਜਿਹੀ ਸੁਪਰਹਿੱਟ ਰੁਮਾਂਟਿਕ ਫਿਲਮ ਦੇ ਕੇ ਆਪਣਾ ਗੁਆਚਦਾ ਵੱਕਾਰ ਮੁੜ ਪੈਰਾਂ ’ਤੇ ਖੜ੍ਹਾ ਕਰ ਦਿੱਤਾ ਸੀ। ਰਾਜ ਨੇ ਆਪਣੇ ਪੁੱਤਰ ਰਣਧੀਰ ਕਪੂਰ ਨੂੰ ਫਿਲਮ ‘ਕਲ ਆਜ ਔਰ ਕਲ’ ਅਤੇ ਰਿਸ਼ੀ ਕਪੂਰ ਨੂੰ ‘ਬੌਬੀ’ ਰਾਹੀਂ ਫਿਲਮਾਂ ਵਿੱਚ ਪ੍ਰਵੇਸ਼ ਕਰਵਾਇਆ ਸੀ ਤੇ 1988 ਵਿੱਚ ਬਤੌਰ ਨਿਰਦੇਸ਼ਕ ਫਿਲਮ ‘ਹਿਨਾ’ ਰਾਹੀਂ ਆਪਣੇ ਛੋਟੇ ਪੁੱਤਰ ਰਾਜੀਵ ਕਪੂਰ ਨੂੰ ਪੇਸ਼ ਕਰਨ ਜਾ ਰਿਹਾ ਸੀ, ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।
ਉਸੇ ਸਾਲ ਹੀ ਇੱਕ ਦਿਨ ਜਦੋਂ ਨਵੀਂ ਦਿੱਲੀ ਵਿਖੇ ਹੋ ਰਹੇ ਇੱਕ ਸਮਾਗਮ ਵਿੱਚ ਉਸ ਨੂੰ ‘ਦਾਦਾ ਸਾਹਿਬ ਫਾਲਕੇ ਪੁਰਸਕਾਰ’ ਨਾਲ ਸਨਮਾਨਿਤ ਕੀਤਾ ਜਾਣਾ ਸੀ ਤਾਂ ਅਚਾਨਕ ਦਮੇ ਦਾ ਗੰਭੀਰ ਦੌਰਾ ਪੈਣ ਕਰਕੇ ਉਸ ਦੀ ਹਾਲਤ ਖ਼ਰਾਬ ਹੋ ਗਈ ਤੇ ਉਸ ਨੂੰ ਏਮਜ਼ ਹਸਪਤਾਲ ਵਿੱਚ ਦਾਖਲ ਕਰਵਾਉਣਾ ਪਿਆ। ਇਸ ਘਟਨਾ ਤੋਂ ਠੀਕ ਇੱਕ ਮਹੀਨੇ ਬਾਅਦ ਰਾਜ ਕਪੂਰ ਸਦੀਵੀ ਵਿਛੋੜਾ ਦੇ ਗਿਆ। ਉਸ ਦੇ ਦੇਹਾਂਤ ਉਪਰੰਤ ਰਣਧੀਰ ਕਪੂਰ ਨੇ ਬਤੌਰ ਨਿਰਦੇਸ਼ਕ ਰਾਜ ਦੀ ਆਖ਼ਰੀ ਫਿਲਮ ‘ਹਿਨਾ’ ਨੂੰ ਰਿਸ਼ੀ ਕਪੂਰ ਤੇ ਪਾਕਿਸਤਾਨੀ ਅਦਾਕਾਰ ਜ਼ੇਬਾ ਬਖ਼ਤਿਆਰ ਨੂੰ ਲੈ ਕੇ ਪੂਰਾ ਕੀਤਾ ਸੀ ਤੇ 1991 ਵਿੱਚ ਰਿਲੀਜ਼ ਕੀਤਾ ਸੀ। ਇਹ ਫਿਲਮ ਕਾਫ਼ੀ ਸਫਲ ਰਹੀ ਸੀ। ਰਾਜ ਕਪੂਰ ਤਿੰਨ ਰਾਸ਼ਟਰੀ ਪੁਰਸਕਾਰਾਂ, 11 ਫਿਲਮਫੇਅਰ ਪੁਰਸਕਾਰਾਂ, ਦੋ ਲਾਈਫਟਾਈਮ ਐਚੀਵਮੈਂਟ ਐਵਾਰਡਾਂ ਅਤੇ ਪਦਮ ਭੂਸ਼ਣ ਜਿਹੇ ਉੱਚ ਸਨਮਾਨਾਂ ਨਾਲ ਸਨਮਾਨਿਤ ਬੌਲੀਵੁੱਡ ਦੀ ਇੱਕ ਵੱਡੀ ਹਸਤੀ ਸੀ ਜਿਸ ਦੇ ਨਾਂ ਦੀਆਂ ਬਾਤਾਂ ਬੌਲੀਵੁੱਡ ਵਿੱਚ ਕਈ ਸਦੀਆਂ ਤੱਕ ਪੈਂਦੀਆਂ ਰਹਿਣਗੀਆਂ।
ਸੰਪਰਕ: 97816-46008

Advertisement
Author Image

joginder kumar

View all posts

Advertisement