ਕਿਆਰਾ ਅਡਵਾਨੀ ਨੂੰ ਆਰਾਮ ਕਰਨ ਦੀ ਸਲਾਹ
ਮੁੰਬਈ: ਬਾਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੂੰ ਲੋੜੋਂ ਵੱਧ ਰੁਝੇਵਿਆਂ ਕਾਰਨ ਆਰਾਮ ਕਰਨ ਦੀ ਸਲਾਹ ਦਿੱਤੀ ਗਈ ਹੈ। ਅਦਾਕਾਰਾ ਦੇ ਪ੍ਰਤੀਨਿਧੀ ਨੇ ਇਹ ਜਾਣਕਾਰੀ ਸਾਂਝੀ ਕਰਦਿਆਂ ਉਸ ਦੇ ਹਸਪਤਾਲ ’ਚ ਦਾਖਲ ਹੋਣ ਦੀਆਂ ਖ਼ਬਰਾਂ ਨੂੰ ਖਾਰਜ ਕੀਤਾ ਹੈ। ਉਸ ਦੇ ਦਾਖਲ ਹੋਣ ਦੀ ਖ਼ਬਰ ਉਦੋਂ ਆਈ ਸੀ, ਜਦੋਂ ਉਹ ਆਪਣੀ ਅਗਾਮੀ ਫ਼ਿਲਮ ‘ਗੇਮ ਚੇਂਜਰ’ ਦੇ ਲਾਂਚ ਸਮਾਗਮ ਵਿੱਚ ਸ਼ਾਮਲ ਨਹੀਂ ਹੋਈ। ਕਿਆਰਾ ਦੇ ਪ੍ਰਤੀਨਿਧੀ ਨੇ ਦੱਸਿਆ,‘ਅਦਾਕਾਰਾ ਹਸਪਤਾਲ ’ਚ ਨਹੀਂ ਹੈ, ਉਸ ਨੂੰ ਲਗਾਤਾਰ ਕੰਮ ਕਰਨ ਕਰਕੇ ਅਰਾਮ ਦੀ ਸਲਾਹ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਿਆਰਾ ਅਡਵਾਨੀ 2023 ਵਿੱਚ ਫ਼ਿਲਮ ‘ਸੱਤਿਆਪ੍ਰੇਮ ਕੀ ਕਥਾ’ ਵਿੱਚ ਕਾਰਤਿਕ ਆਰਿਯਨ ਨਾਲ ਦਿਖਾਈ ਦਿੱਤੀ ਸੀ। ‘ਗੇਮ ਚੇਂਜਰ’ ਸਿਆਸਤ ’ਤੇ ਆਧਾਰਿਤ ਫ਼ਿਲਮ ਹੈ, ਜਿਸ ਨੂੰ ਐੱਸ. ਸ਼ੰਕਰ ਨੇ ਨਿਰਦੇਸ਼ਿਤ ਕੀਤਾ ਹੈ। ਇਸ ਫ਼ਿਲਮ ਵਿੱਚ ਕਿਆਰਾ ਨੇ ਤੇਲਗੂ ਅਦਾਕਾਰ ਰਾਮ ਚਰਨ ਨਾਲ ਕੰਮ ਕੀਤਾ ਹੈ। ਇਸ ਤੋਂ ਪਹਿਲਾਂ ਇਹ ਦੋਵੇਂ ਅਦਾਕਾਰ ‘ਵਿਨਾਇਆ ਵਿਦਿਆ ਰਾਮਾ’ ਵਿੱਚ ਨਜ਼ਰ ਆਏ ਸਨ। ਫ਼ਿਲਮ ਗੇਮ ਚੇਂਜਰ 10 ਜਨਵਰੀ ਨੂੰ ਸਿਨੇਮਿਆਂ ਦਾ ਸ਼ਿੰਗਾਰ ਬਣੇਗੀ। -ਪੀਟੀਆਈ