ਨਹਿਰ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਬਰਾਮਦ
ਨਿੱਜੀ ਪੱਤਰ ਪ੍ਰੇਰਕ
ਸਿਰਸਾ, 27 ਜੁਲਾਈ
ਇਥੋਂ ਦੇ ਪਿੰਡ ਮਾਖੋਸਰਾਣੀ ਨੇੜਿਓਂ ਲੰਘਦੀ ਰਾਜਸਥਾਨ ਫੀਡਰ ’ਚੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਹਨ। ਮ੍ਰਿਤਕਾਂ ਦੀ ਪਛਾਣ ਸੰਨੀ ਵਾਸੀ ਸਿਰਸਾ ਅਤ ਪ੍ਰਭਾਕਰ ਵਾਸੀ ਜਗਾਦਰੀ ਵਜੋਂ ਕੀਤੀ ਗਈ ਹੈ। ਦੋਵੇਂ ਕਿਸੇ ਪ੍ਰਾਈਵੇਟ ਕੰਪਨੀ ਦੇ ਮੁਲਾਜ਼ਮ ਸਨ।
ਪ੍ਰਾਪਤ ਜਾਣਕਾਰੀ ਅਨੁਸਾਰ ਮਾਖੋਸਰਾਣੀ ਨੇੜਿਓਂ ਲੰਘਦੀ ਰਾਜਸਥਾਨ ਫੀਡਰ ਨੇੜੇ ਖੇੜ੍ਹੇ ਇਕ ਮੋਟਰਸਾਈਕਲ ਤੇ ਬੂਟ ਵੇਖ ਕੇ ਕਿਸੇ ਨੇ ਪੁਲੀਸ ਨੂੰ ਇਸ ਦੀ ਸੂਚਨਾ ਦਿੱਤੀ ਤਾਂ ਨਾਥੂਸਰੀ ਚੌਪਟਾ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਦਾ ਜਾਇਜ਼ਾ ਲਿਆ ਅਤੇ ਗੋਤਾਖੋਰਾਂ ਦੀ ਮਦਦ ਨਾਲ ਨਹਿਰ ’ਚ ਕਿਸੇ ਵਿਅਕਤੀ ਦੇ ਹੋਣ ਦੀ ਭਾਲ ਕੀਤੀ ਤਾਂ ਗੋਤਾਖੋਰਾਂ ਨੂੰ ਦੋ ਵੱਖ-ਵੱਖ ਥਾਵਾਂ ਤੋਂ ਦੋ ਨੌਜਵਾਨਾਂ ਦੀਆਂ ਲਾਸ਼ਾਂ ਮਿਲੀਆਂ ਜਨਿ੍ਹਾਂ ਦੀ ਪਛਾਣ ਪੁਲੀਸ ਨੇ ਸੰਨੀ ਵਾਸੀ ਸਿਰਸਾ ਅਤੇ ਜਗਾਧਰੀ ਵਾਸੀ ਪ੍ਰਭਾਕਰ ਵਜੋਂ ਕੀਤੀ ਗਈ ਹੈ। ਪੁਲੀਸ ਨੇ ਦੋਵਾਂ ਦੀਆਂ ਦੇਹਾਂ ਪੋਸਟਮਾਰਟਮ ਲਈ ਨਾਗਰਿਕ ਹਸਪਤਾਲ ਪਹੁੰਚਾਈਆਂ ਹਨ। ਪੁਲੀਸ ਵੱਲੋਂ ਸ਼ੱਕ ਜ਼ਾਹਿਰ ਕੀਤਾ ਜਾ ਰਿਹਾ ਹੈ ਕਿ ਇਨ੍ਹਾਂ ਦੋਵਾਂ ’ਚੋਂ ਇਕ ਨਹਿਰ ’ਚੋਂ ਪਾਣੀ ਪੀਣ ਲੱਗਿਆਂ ਤਿਲਕ ਕੇ ਨਹਿਰ ਵਿੱਚ ਡਿੱਗਿਆ ਹੋਵੇਗਾ ਤੇ ਦੂਜਾ ਉਸ ਨੂੰ ਬਚਾਉਣ ਲਈ ਨਹਿਰ ’ਚ ਗਿਆ ਹੋਵੇਗਾ ਪਰ ਦੋਵੇਂ ਬਚ ਨਹੀਂ ਸਕੇ। ਫਿਲਹਾਲ ਪੁਲੀਸ ਨੇ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕਰਕੇ ਦੇਹਾਂ ਵਾਰਸਾਂ ਨੂੰ ਸੌਂਪ ਦਿੱਤੀਆਂ ਹਨ।