For the best experience, open
https://m.punjabitribuneonline.com
on your mobile browser.
Advertisement

ਕਿਸ਼ਤੀ ਹਾਦਸਾ

06:32 AM Jan 20, 2024 IST
ਕਿਸ਼ਤੀ ਹਾਦਸਾ
Advertisement

ਗੁਜਰਾਤ ਦੇ ਵਡੋਦਰਾ ਨੇੜੇ ਹਰਨੀ ਝੀਲ ਵਿਚ ਸਮਰੱਥਾ ਤੋਂ ਵੱਧ ਭਰੀ ਕਿਸ਼ਤੀ ਡੁੱਬ ਗਈ। ਉੱਥੇ ਪਿਕਨਿਕ ਮਨਾਉਣ ਆਏ ਇਕ ਸਕੂਲ ਦੇ ਵਿਦਿਆਰਥੀ ਅਤੇ ਅਧਿਆਪਕ ਵੀ ਉਸ ਕਿਸ਼ਤੀ ਵਿਚ ਸਵਾਰ ਸਨ। ਉਨ੍ਹਾਂ ਵਿਚੋਂ 12 ਬੱਚਿਆਂ ਅਤੇ ਦੋ ਅਧਿਆਪਕਾਂ ਲਈ ਇਹ ਸਵਾਰੀ ਮੌਜ-ਮੇਲੇ ਦੀ ਥਾਂ ਆਖਿ਼ਰੀ ਸਫ਼ਰ ਹੋ ਨਿੱਬੜੀ। ਇਸ ਤੋਂ ਵੀ ਵੱਧ ਦੁਖਦਾਈ ਗੱਲ ਇਹ ਹੈ ਕਿ ਵੀਰਵਾਰ ਨੂੰ ਹੋਇਆ ਇਹ ਹਾਦਸਾ ਦੇਸ਼ ਵਿਚ ਕੀਤੀ ਜਾਂਦੀ ਲਾਪ੍ਰਵਾਹੀ ਦੀ ਮਿਸਾਲ ਹੈ ਜਿਸ ਕਾਰਨ ਹਾਦਸੇ
ਵਾਪਰਦੇ ਰਹਿੰਦੇ ਹਨ। ਇਸ ਮਾਮਲੇ ਵਿਚ ਸੁਰੱਖਿਆ ਨਿਯਮਾਂ ਦੀ ਅਣਹੋਂਦ ਉੱਘੜ ਕੇ ਸਾਹਮਣੇ ਆਈ ਅਤੇ ਕਿਸ਼ਤੀ ਦੇ ਠੇਕੇਦਾਰ ਤੇ ਕਾਨੂੰਨ ਲਾਗੂ ਕਰਵਾਉਣ ਵਾਲੀਆਂ ਏਜੰਸੀਆਂ ਸਭ ਦੇ ਪੱਖ ਤੋਂ ਅਣਗਹਿਲੀ ਪ੍ਰਤੱਖ ਸੀ। ਅਫ਼ਸੋਸ ਦੀ ਗੱਲ ਇਹ ਹੈ ਕਿ ਸਕੂਲ ਅਥਾਰਟੀ ਨੇ ਵੀ ਸੁਰੱਖਿਆ ਮਾਪਦੰਡਾਂ ਅਤੇ ਨਿਯਮਾਂ ਦੀ ਪਾਲਣਾ ਕਰਵਾਉਣ ’ਤੇ ਜ਼ੋਰ ਨਹੀਂ ਦਿੱਤਾ। ਚੌਦਾਂ ਸੀਟਾਂ ਵਾਲੀ ਕਿਸ਼ਤੀ ਵਿਚ ਸਮਰੱਥਾ ਤੋਂ ਲਗਭੱਗ ਦੁੱਗਣੇ, 27 ਵਿਅਕਤੀ ਸਵਾਰ ਸਨ ਅਤੇ ਉਨ੍ਹਾਂ ਨੂੰ ਲਾਈਫ ਜੈਕੇਟਾਂ ਵੀ ਪਾਉਣ ਲਈ ਨਹੀਂ ਦਿੱਤੀਆਂ ਗਈਆਂ। ਅਥਾਰਟੀਜ਼ ਨੇ ਆਮ ਵਾਂਗ ਕਾਰਵਾਈ ਕੀਤੀ ਹੈ: ਹਾਦਸੇ ਦੀ ਜਿ਼ੰਮੇਵਾਰੀ ਤੈਅ ਕਰਨ ਲਈ ਜਾਂਚ ਦੇ ਹੁਕਮ ਦਿੱਤੇ ਗਏ ਹਨ। ਕੁਝ ਦਲੇਰ ਮੁਕਾਮੀ ਲੋਕ ਝੀਲ ਵਿਚ ਛਾਲਾਂ ਮਾਰ ਕੇ ਡੁੱਬ ਰਹੇ ਬੱਚਿਆਂ ਨੂੰ ਬਾਹਰ ਨਾ ਕੱਢਦੇ ਤਾਂ ਇਸ ਹਾਦਸੇ ਵਿਚ ਮੌਤਾਂ ਦੀ ਗਿਣਤੀ ਕਾਫ਼ੀ ਵਧ ਸਕਦੀ ਸੀ।
ਸਾਡੇ ਦੇਸ਼ ਵਿਚ ਅਜਿਹੀਆਂ ਘਾਤਕ ਖ਼ਾਮੀਆਂ ਦੂਰ ਕਰਨ ਤੋਂ ਪਹਿਲਾਂ ਹੋਰ ਕਿੰਨੀਆਂ ਕੁ ਬੇਗੁਨਾਹ ਜਾਨਾਂ ਗੁਆਉਣੀਆਂ ਪੈਣਗੀਆਂ? ਇਹ ਅੱਜ ਵੱਡਾ ਸਵਾਲ ਬਣ ਗਿਆ ਹੈ ਅਜਿਹੇ ਹਾਦਸਿਆਂ ਦੀ ਗਿਣਤੀ ਨੂੰ ਦੇਖਦਿਆਂ ਬੱਝਵੇਂ ਰੂਪ ਵਿਚ ਪੁਖਤਾ ਕਦਮ
ਉਠਾਉਣੇ ਪੈਣਗੇ ਤਾਂ ਕਿ ਅਜਿਹੀਆਂ ਮੌਤਾਂ ਰੋਕੀਆਂ ਜਾ ਸਕਣ। ਇਸ ਦੇ ਨਾਲ ਹੀ ਅਜਿਹੇ ਪ੍ਰਬੰਧ ਵੀ ਹੋਣੇ ਚਾਹੀਦੇ ਹਨ ਜੋ ਅਜਿਹੇ ਹਾਦਸਿਆਂ ਦੀ ਸੂਰਤ ਵਿਚ ਤੁਰੰਤ ਰਾਹਤ ਪਹੁੰਚਦੀ ਕਰਨ। ਮਈ 2023 ਵਿਚ ਕੇਰਲ ਵਿਚ ਅਜਿਹੇ ਹੀ ਹਾਲਾਤ ’ਚ ਮੱਛੀਆਂ ਫੜਨ ਲਈ ਵਰਤੀ ਜਾਂਦੀ ਕਿਸ਼ਤੀ ਡੁੱਬ ਗਈ ਸੀ ਜਿਸ ਵਿਚ ਸਮਰੱਥਾ ਤੋਂ ਦੁੱਗਣੇ ਲੋਕ ਸਵਾਰ ਹੋਣ ਕਾਰਨ 15 ਬੱਚਿਆਂ ਸਮੇਤ 22 ਸਥਾਨਕ ਸੈਲਾਨੀ ਮਾਰੇ ਗਏ ਸਨ। ਮੱਛੀਆਂ ਫੜਨ ਵਾਲੀ ਇਸ ਕਿਸ਼ਤੀ ਵਿਚ ਦੋ ਫਰਸ਼ (ਡੈੱਕ) ਸਨ ਜਿਸ ਨੂੰ ਬਣਾਉਣ ਲਈ ਸੁਰੱਖਿਆ ਨਿਯਮਾਂ ਦੀ ਘੋਰ ਉਲੰਘਣਾ ਕੀਤੀ ਗਈ। ਕੇਰਲ ਸੂਬੇ ਵਿਚ ਛੋਟੇ ਸਮੁੰਦਰੀ ਜਹਾਜ਼ ਸੈਰ-ਸਪਾਟੇ ਲਈ ਵਰਤੇ ਜਾਂਦੇ ਹਨ ਪਰ ਇਹ ਵਿਚੋਂ ਜਿ਼ਆਦਾਤਰ ਵਿਚ ਲੋੜੀਂਦੇ ਇੰਤਜ਼ਾਮ ਨਹੀਂ ਹਨ। ਲੋੜੀਂਦੇ ਪ੍ਰਬੰਧ ਹਰ ਹਾਲ ਯਕੀਨੀ ਬਣਾਉਣੇ ਪੈਣਗੇ। ਹਰ ਹਾਦਸੇ ਤੋਂ ਬਾਅਦ ਅਜਿਹੇ ਹਾਦਸਿਆਂ ਲਈ ਜਿ਼ੰਮੇਵਾਰ ਅਪਰਾਧੀਆਂ ਨੂੰ ਰੋਕਣ ਅਤੇ ਸੁਰੱਖਿਆ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੀ ਮੰਗ ਉੱਠਦੀ ਹੈ। ਇਸ ਦੇ ਬਾਵਜੂਦ ਨਿਆਂ ਪ੍ਰਕਿਰਿਆ ਦੀ ਮੱਠੀ ਰਫ਼ਤਾਰ ਕਾਰਨ ਅਜਿਹੇ ਸਭ ਯਤਨਾਂ ’ਤੇ ਪਾਣੀ ਫਿਰ ਜਾਂਦਾ ਹੈ ਅਤੇ ਅਜਿਹੇ ਹਾਦਸੇ ਵਾਰ ਵਾਰ ਵਾਪਰਦੇ ਰਹਿੰਦੇ ਹਨ।

Advertisement

Advertisement
Advertisement
Author Image

Advertisement