ਸਿੱਖਿਆ ਬੋਰਡ ਮੁਲਾਜ਼ਮ ਚੋਣਾਂ ਭਲਕੇ
ਪੱਤਰ ਪ੍ਰੇਰਕ
ਐਸਏਐਸ ਨਗਰ (ਮੁਹਾਲੀ), 27 ਅਕਤੂਬਰ
ਪੰਜਾਬ ਸਕੂਲ ਸਿੱਖਿਆ ਬੋਰਡ ਕਰਮਚਾਰੀ ਯੂਨੀਅਨ ਦੀਆਂ 29 ਅਕਤੂਬਰ ਨੂੰ ਹੋਣ ਵਾਲੀਆਂ ਚੋਣਾਂ ਵਿੱਚ ਜਥੇਬੰਦੀ ਦੇ 19 ਵਾਰ ਪ੍ਰਧਾਨ ਰਹੇ ਗੁਰਦੀਪ ਸਿੰਘ ਢਿੱਲੋਂ ਅਤੇ ਮੁਲਾਜ਼ਮ ਲਹਿਰ ਦੇ ਪ੍ਰਮੁੱਖ ਆਗੂ ਮਰਹੂਮ ਕਰਤਾਰ ਸਿੰਘ ਰਾਣੂ ਗਰੁੱਪ ਦੀ ਕੋਰ ਕਮੇਟੀ ਦੇ ਆਗੂਆਂ ਨੇ ਸਰਬ-ਸਾਂਝਾ ਰਾਣੂ ਗਰੁੱਪ ਦੀ ਮਹਿਲਾ ਉਮੀਦਵਾਰ ਰਮਨਦੀਪ ਕੌਰ ਗਿੱਲ (ਨੀਲੇ ਰੰਗ) ਨੂੰ ਹਮਾਇਤ ਦੇਣ ਐਲਾਨ ਕੀਤਾ ਹੈ। ਕਰਤਾਰ ਸਿੰਘ ਰਾਣੂ ਗਰੁੱਪ ਦੇ ਸੇਵਾਮੁਕਤ ਆਗੂਆਂ ਨੇ ਅੱਜ ਇੱਥੇ ਜਥੇਬੰਦੀ ਦੀ ਮੀਟਿੰਗ ਵਿੱਚ ਨੀਲੇ ਰੰਗ ਨੂੰ ਸਮਰਥਨ ਦੇਣ ਦਾ ਫ਼ੈਸਲਾ ਲਿਆ। ਇਸ ਵਾਰ ਵੀ ਦੋਵੇਂ ਰਵਾਇਤੀ ਗਰੁੱਪਾਂ ਸਰਬ-ਸਾਂਝਾ ਰਾਣੂ ਗਰੁੱਪ ਅਤੇ ਖੰਗੂੜਾ-ਕਾਹਲੋਂ ਗਰੁੱਪ ਵਿੱਚ ਸਿੱਧਾ ਮੁਕਾਬਲਾ ਹੋਵੇਗਾ।
ਸਾਬਕਾ ਪ੍ਰਧਾਨ ਗੁਰਦੀਪ ਸਿੰਘ ਢਿੱਲੋਂ, ਜਰਨੈਲ ਸਿੰਘ ਚੁੰਨੀ ਅਤੇ ਸਾਬਕਾ ਜਨਰਲ ਸਕੱਤਰ ਭਗਵੰਤ ਸਿੰਘ ਬੇਦੀ ਨੇ ਕਿਹਾ ਕਿ ਦੋ ਸਾਲ ਪਹਿਲਾਂ ਬਣੀ ਰਲੀ-ਮਿਲੀ ਯੂਨੀਅਨ ਦੇ ਪ੍ਰਧਾਨ ਨੇ ਕਾਰਜਕਾਰਨੀ ਦੀ ਮੀਟਿੰਗ ਤੱਕ ਨਹੀਂ ਸੱਦੀ। ਇਸ ਕਾਰਨ ਯੂਨੀਅਨ ਦੇ ਵੱਕਾਰ ਨੂੰ ਢਾਹ ਲੱਗੀ ਹੈ ਜਦੋਂਕਿ ਰਮਨਦੀਪ ਕੌਰ ਗਿੱਲ ਦੀ ਅਗਵਾਈ ਹੇਠ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਬਰਾੜ ਅਤੇ ਸੁਖਚੈਨ ਸਿੰਘ ਸੈਣੀ ਨੇ ਮੁਲਾਜ਼ਮਾਂ ਦੀਆਂ ਰੁਕੀਆਂ ਤਰੱਕੀਆਂ, ਬਕਾਏ ਅਤੇ 300 ਤੋਂ ਵੱਧ ਮੁਲਾਜ਼ਮਾਂ ਨੂੰ ਜਾਰੀ ਚਾਰਜ਼ਸੀਟਾਂ ਸਣੇ ਹੋਰ ਮੰਗਾਂ ਦਾ ਨਿਬੇੜਾ ਕਰਵਾ ਕੇ ਰਾਹਤ ਦਿਵਾਈ ਹੈ। ਸੇਵਾਮੁਕਤ ਮੁਲਾਜ਼ਮ ਆਗੂ ਹਰਬੰਸ ਸਿੰਘ ਬਾਗੜੀ ਨੇ ਸਿੱਖਿਆ ਬੋਰਡ ਦੇ ਸਮੂਹ ਮੁਲਾਜ਼ਮਾਂ ਨੂੰ ਅਪੀਲ ਕੀਤੀ ਕਿ ਇਸ ਵਾਰ ਰਮਨਦੀਪ ਕੌਰ ਗਿੱਲ ਦੇ ਹੱਥ ਮਜ਼ਬੂਤ ਕੀਤੇ ਜਾਣ।