ਕਿਸਾਨਾਂ ’ਤੇ ਤਸ਼ੱਦਦ ਵਿਰੁੱਧ ਸਰਕਾਰ ਦੇ ਪੁਤਲੇ ਫੂਕੇ
ਪੱਤਰ ਪ੍ਰੇਰਕ
ਸ਼ਾਹਕੋਟ, 23 ਨਵੰਬਰ
ਜ਼ਮੀਨਾਂ ਦੀ ਵਾਜਬ ਕੀਮਤ ਲਈ ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੀ ਅਗਵਾਈ ਵਿੱਚ ਲਗਾਏ ਮੋਰਚੇ ਨੂੰ ਉਖਾੜਨ, ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਕਰਨ ਅਤੇ ਗ੍ਰਿਫ਼ਤਾਰ ਕਰਨ ਦੇ ਵਿਰੋਧ ਵਿੱਚ ਅੱਜ ਯੂਨੀਅਨ ਦੀ ਇਕਾਈ ਜ਼ਿਲ੍ਹਾ ਜਲੰਧਰ ਨੇ ਸ਼ਾਹਕੋਟ ਵਿੱਚ ਮੁਜ਼ਾਹਰਾ ਕਰ ਕੇ ਥਾਣੇ ਅੱਗੇ ਸਰਕਾਰ ਦਾ ਪੁਤਲਾ ਫੂਕਿਆ। ਯੂਨੀਅਨ ਦੇ ਵਰਕਰ ਸਥਾਨਿਕ ਤਹਿਸੀਲ ਕੰਪਲੈਕਸ ਵਿੱਚ ਇਕੱਠੇ ਹੋਣ ਤੋਂ ਬਾਅਦ ਕਸਬੇ ਵਿੱਚ ਮਾਰਚ ਕਰਦਿਆਂ ਥਾਣੇ ਅੱਗੇ ਪੁੱਜੇ ਅਤੇ ਰੋਸ ਰੈਲੀ ਕੀਤੀ।
ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਬੱਲ,ਜਨਰਲ ਸਕੱਤਰ ਗੁਰਚਰਨ ਸਿੰਘ ਚਾਹਲ, ਪ੍ਰੈਸ ਸਕੱਤਰ ਮਨਜੀਤ ਸਿੰਘ ਮਲਸੀਆਂ, ਵਿੱਤ ਸਕੱਤਰ ਜਸਪਾਲ ਸਿੰਘ ਸੰਢਾਂਵਾਲ, ਬਲਾਕ ਸ਼ਾਹਕੋਟ ਦੇ ਪ੍ਰਧਾਨ ਬਲਕਾਰ ਸਿੰਘ ਫਾਜਿਲਵਾਲ, ਸਕੱਤਰ ਮਨਜੀਤ ਸਿੰਘ ਸਾਬੀ, ਮਲਕੀਤ ਸਿੰਘ ਈਦਾ ਅਤੇ ਗੁਰਮੁੱਖ ਸਿੰਘ ਸਿੱਧੂ ਆਦਿ ਬੁਲਾਰਿਆਂ ਨੇ ਕਿਹਾ ਕਿ ਕੇਂਦਰ ਤੇ ਸੂਬਾ ਸਰਕਾਰਾਂ ਕਿਸਾਨਾਂ ਦੀਆਂ ਜਬਰੀ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਨੂੰ ਦੇਣ ਲਈ ਕਿਸਾਨਾਂ ਉੱਪਰ ਜਬਰ ਕਰਨ ਦੇ ਰਾਹ ਪੈ ਗਈਆਂ ਹਨ।
ਉਨ੍ਹਾਂ ਕਿਹਾ ਕਿ ਵਾਜਿਬ ਕੀਮਤ ਲਏ ਬਗੈਰ ਕਿਸੇ ਵੀ ਕੀਮਤ ’ਤੇ ਜ਼ਮੀਨਾਂ ਨਹੀਂ ਦਿੱਤੀਆਂ ਜਾਣਗੀਆਂ। ਉਨ੍ਹਾਂ ਲਾਠੀਚਾਰਜ ਕਰਨ ਵਾਲੇ ਪੁਲੀਸ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਕਿਸਾਨਾਂ ਨੂੰ ਜ਼ਮੀਨਾਂ ਦੀ ਵਾਜਬ ਕੀਮਤ ਦੇਣ ਦੀ ਮੰਗ ਕੀਤੀ।
ਤਰਨ ਤਾਰਨ (ਪੱਤਰ ਪ੍ਰੇਰਕ): ਜ਼ਿਲ੍ਹਾ ਬਠਿੰਡਾ ਦੇ ਪਿੰਡ ਦੂਨੇਵਾਲਾ ਵਿੱਚ ਬੀਤੇ ਕੱਲ੍ਹ ਜ਼ਮੀਨਾਂ ’ਤੇ ਕਥਿਤ ਤੌਰ ’ਤੇ ਕਬਜ਼ਾ ਕਰਨ ਦਾ ਵਿਰੋਧ ਕਰਦੇ ਕਿਸਾਨਾਂ ’ਤੇ ਪੁਲੀਸ ਵੱਲੋਂ ਕੀਤੇ ਗਏ ਤਸ਼ੱਦਦ ਖ਼ਿਲਾਫ਼ ਕਿਸਾਨ-ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਜ਼ਿਲ੍ਹੇ ਦੇ 12 ਵੱਖ ਵੱਖ ਥਾਵਾਂ ’ਤੇ ਕੇਂਦਰ ਤੇ ਸੂਬਾ ਸਰਕਾਰ ਦੇ ਪੁਤਲੇ ਸਾੜੇ ਗਏ| ਜਥੇਬੰਦੀ ਦੇ ਜ਼ਿਲ੍ਹਾ ਪ੍ਰਧਾਨ ਸਤਨਾਮ ਸਿੰਘ ਮਾਨੋਚਾਹਲ ਦੀ ਅਗਵਾਈ ਵਿੱਚ ਪੁਤਲੇ ਸਾੜਨ ਲਈ ਕੀਤੇ ਇਕੱਠ ਨੂੰ ਜਥੇਬੰਦੀ ਦੇ ਆਗੂ ਹਰਪ੍ਰੀਤ ਸਿੰਘ ਸਿੱਧਵਾਂ, ਹਰਜਿੰਦਰ ਸਿੰਘ ਸ਼ਕਰੀ, ਮੰਗਲ ਸਿੰਘ ਨੰਦਪੁਰ, ਪਰਮਜੀਤ ਸਿੰਘ ਚੰਬਲ, ਦਾਰਾ ਸਿੰਘ ਸਰਹਾਲੀ , ਅਮਰੀਕ ਸਿੰਘ ਜੰਡੋਕੇ, ਬੀਬੀ ਬਲਵਿੰਦਰ ਕੌਰ ਸਰਹਾਲੀ ਤੇ ਰਣਜੀਤ ਕੌਰ ਜੰਡੋਕੇ ਨੇ ਸੰਬੋਧਨ ਕੀਤਾ|
ਕਿਸਾਨਾਂ ’ਤੇ ਲਾਠੀਚਾਰਜ ਦੀ ਨਿਖੇਧੀ
ਸ਼ਾਹਕੋਟ: ਬਠਿੰਡਾ ਜ਼ਿਲ੍ਹੇ ਦੇ ਪਿੰਡ ਦੁਨੇਵਾਲਾ ਵਿੱਚ ਪੁਲੀਸ ਵੱਲੋਂ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਕਈ ਜਥੇਬੰਦੀਆਂ ਨੇ ਨਿਖੇਧੀ ਕਰਦਿਆਂ ਇਸ ਨੂੰ ਸਰਕਾਰੀ ਜਬਰ ਦੱਸਿਆ। ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ, ਇਲਾਕਾ ਸ਼ਾਹਕੋਟ-ਨਕੋਦਰ ਦੇ ਪ੍ਰਧਾਨ ਹਰਪਾਲ ਬਿੱਟਾ ਤੇ ਸਕੱਤਰ ਸੁਖਜਿੰਦਰ ਲਾਲੀ ਨੇ ਕਿਸਾਨਾਂ ਉੱਪਰ ਕੀਤੇ ਲਾਠੀਚਾਰਜ ਦੀ ਨਿਖੇਧੀ ਕੀਤੀ। -ਪੱਤਰ ਪ੍ਰੇਰਕ