ਲਹੂ ਭਿੱਜੀ ਤਵਾਰੀਖ਼ ਅਤੇ ਅੱਜ ਦਾ ਸਮਾਜ
ਡਾ. ਅਮਨਦੀਪ ਕੌਰ
ਸਿੱਖ ਸਭਿਆਚਾਰ ਦੇ ਮੋਢੀ ਗੁਰੂ ਨਾਨਕ ਦੇਵ ਜੀ ਨੇ ਜ਼ੁਲਮ ਖਿਲਾਫ ਬਿਗਲ ਵਜਾਉਂਦੇ ਹੋਏ ਆਪਣੀ ਕ੍ਰਾਂਤੀਕਾਰੀ ਅਤੇ ਇਨਕਲਾਬੀ ਵਿਚਾਰਧਾਰਾ ਨਾਲ ਬਾਬਰ ਵਰਗੇ ਬਾਦਸ਼ਾਹ ਨੂੰ ਵੰਗਾਰਿਆ। ਤਵਾਰੀਖ਼ ਗਵਾਹ ਹੈ ਕਿ ਤਵੀਆਂ ‘ਤੇ ਬੈਠਣ, ਆਰਿਆਂ ਨਾਲ ਚੀਰੇ ਜਾਣ, ਖੋਪੜੀਆਂ ਲਹਾਉਣ, ਚਰਖੜੀਆਂ ‘ਤੇ ਚੜ੍ਹਨ, ਨੇਜ਼ਿਆਂ ‘ਤੇ ਟੰਗੇ ਜਾਣ, ਨੀਹਾਂ ਵਿਚ ਚਿਣੇ ਜਾਣ ਅਤੇ ਸਰਬੰਸ ਵਾਰਨ ਲਈ ਜੇ ਕੋਈ ਪੈਦਾ ਹੋਇਆ ਤਾਂ ਉਹ ਸਿੱਖ ਸਭਿਆਚਾਰ ਦਾ ਪੈਦਾ ਕੀਤਾ ਗੁਰਮੁਖ ਹੀ ਹੈ। ਸਿੱਖ ਸਭਿਆਚਾਰ ਦੀ ਆਨ ਅਤੇ ਸ਼ਾਨ ਬਰਕਰਾਰ ਰੱਖਣ ਲਈ ਮਾਨਵੀ ਕਦਰਾਂ ਕੀਮਤਾਂ ਨੂੰ ਬਚਾਉਣ ਲਈ ਸਿੱਖੀ ਦਾ ਜੈਕਾਰਾ ਬਣ ਕੇ ਆਏ ਸ੍ਰੀ ਗੁਰੁ ਤੇਗ ਬਹਾਦਰ ਜੀ ਨੇ ਸਿੱਖੀ ਲਈ ਨਹੀਂ ਬਲਕਿ ਮਾਨਵਤਾ ਲਈ ਕੁਰਬਾਨੀ ਦੇ ਕੇ ਸੰਸਾਰ ਪੱਧਰ ‘ਤੇ ਮਨੁੱਖੀ ਹੱਕਾਂ ਦੇ ਸਿਧਾਂਤ ਨੂੰ ਸਥਾਪਤੀ ਬਖਸ਼ੀ ਜਿਸ ਦੀ ਮਿਸਾਲ ਸੰਸਾਰ ਇਤਿਹਾਸ ਵਿਚ ਹੋਰ ਕਿਧਰੇ ਨਹੀਂ ਮਿਲਦੀ ਅਤੇ ਜਿਸ ਨੂੰ ਤੱਕ ਕੇ ਮੁਗਲ ਸਲਤਨਤ ਹੈਰਾਨ ਰਹਿ ਗਈ।
ਸ਼ਹਾਦਤ ਦਾ ਸੰਕਲਪ ਉਦੋਂ ਬ੍ਰਹਿਮੰਡ ਦੀਆਂ ਚਹੁੰ ਕੂੰਟਾਂ ਵਿਚ ਗੂੰਜ ਉਠਿਆ ਜਦੋਂ ਦਸਮ ਪਿਤਾ ਜੀ ਦੇ ਛੋਟੇ ਸਾਹਿਬਜ਼ਾਦਿਆਂ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਹਿ ਸਿੰਘ ਨੇ ਧਰਮ ਦੀ ਆਨ ਅਤੇ ਸ਼ਾਨ ਲਈ ਸ਼ਹੀਦੀ ਜਾਮ ਪੀਤਾ। ਉਨ੍ਹਾਂ ਨੇ ਨਾ ਧਰਮ ਹਾਰਿਆ ਅਤੇ ਨਾ ਹੀ ਧਰਮ ਦੀ ਆਜ਼ਾਦੀ ਨੂੰ ਨੀਵਾਂ ਹੋਣ ਦਿੱਤਾ। ਸੋ ਅਸੀਂ ਉਸ ਸਿੱਖ ਸੱਭਿਆਚਾਰ ਦੇ ਵਾਰਿਸ ਹਾਂ ਜਿਸ ਨੇ ਜੀਵਨ ਦੀ ਹਕੀਕਤ ਤੋਂ ਸੱਖਣੇ, ਕਰਮਕਾਂਡੀ ਵਰਤਾਰਿਆ ਵਿਚ ਉਲਝੀ ਲੋਕਾਈ ਨੂੰ ਸੁਚੱਜੀ ਜੀਵਨ ਜਾਚ ਬਖਸ਼ਦੇ ਹੋਏ ਚਿੰਰਜੀਵੀ ਖੁਸ਼ਹਾਲੀ ਬਖ਼ਸ਼ੀ ਅਤੇ ਰਹਿਨੁਮਾਈ ਲਈ ਸ਼ਬਦ-ਗੁਰੂ ਦੇ ਲੜ ਲਾਇਆ।
ਜਦੋਂ ਅਸੀਂ ਗੁਰਮਤਿ ਸੱਭਿਆਚਾਰ ਦੀ ਲੋਅ ਵਿਚ ਸਮਕਾਲੀ ਸਮਾਜ ਨੂੰ ਦੇਖਦੇ ਹਾਂ ਤਾਂ ਤਸਵੀਰ ਬਹੁਤ ਤ੍ਰਾਸਦਿਕ ਹੈ। ਤਿੱਖੀਆਂ ਤਬਦੀਲੀਆਂ ਵਾਲੇ ਅਜੋਕੇ ਦੌਰ ਨੇ ਜਿਥੇ ਪੰਜਾਬ ਦੇ ਪਦਾਰਥਕ ਢਾਂਚੇ ਨੂੰ ਅਸਲੋਂ ਬਦਲ ਕੇ ਰੱਖ ਦਿੱਤਾ, ਉਥੇ ਪੰਜਾਬੀ ਸਮਾਜ ਅਤੇ ਸੰਸਕ੍ਰਿਤੀ ਵੀ ਨਵ-ਪੂੰਜੀਵਾਦੀ ਆਰਥਿਕ ਪ੍ਰਬੰਧ ਤੋਂ ਅਭਿੱਜ ਨਹੀਂ ਰਹਿ ਸਕੇ। ਸਾਡੀ ਮਾਨਸਿਕਤਾ ਪੱਛਮੀਕਰਨ ਤੋਂ ਪ੍ਰਭਾਵਿਤ ਹੋ ਕੇ ਉਸ ਦੇ ਉਹ ਪੱਖ ਪੂਰ ਰਹੀ ਹੈ ਜੋ ਸਾਡੀਆਂ ਸੱਭਿਆਚਰਕ ਕਦਰਾਂ ਕੀਮਤਾਂ ਵਿਚ ਫਿਟ ਨਹੀਂ ਬੈਠਦੇ। ਜੋਸ਼, ਦ੍ਰਿੜਤਾ, ਸੱਚ, ਬਲਿਦਾਨ, ਸਤਿਕਾਰ, ਸਾਂਝੀਵਾਲਤਾ ਆਦਿ ਗੁਣ ਸਾਡੇ ਸਮਾਜ ਵਿਚੋਂ ਕਿਧਰੇ ਦੂਰ ਉਡਾਰੀ ਮਾਰ ਰਹੇ ਜਾਪਦੇ ਹਨ। ਪੱਛਮੀ ਸੱਭਿਅਤਾ ਦੀਆਂ ਮਾਰੂ ਹਨੇਰੀਆਂ ਵਿਚ ਉੱਡੀ ਨੌਜਵਾਨ ਪੀੜ੍ਹੀ ਸਾਡੇ ਵਿਰਸੇ ਅਤੇ ਨੈਤਕਿਤਾ ਨੂੰ ਪੱਛੜੇਪਣ ਦੀ ਨਿਸ਼ਾਨੀ ਸਮਝਦੀ ਹੋਈ ਸਿਰਫ ਗਲੈਮਰ ਵਿਚ ਜਿਊਣਾ ਚਾਹੁੰਦੀ ਹੈ। ਵਕਤ ਦੀ ਸਿਤਮਜ਼ਰੀਫੀ ਹੈ ਕਿ ਸਹੀ ਰਸਤਾ ਦਿਖਾਉਣ ਵਾਲੇ ਅਧਿਆਪਕ ਅਤੇ ਮਾਪੇ ਖੁਦ ਮੰਤਰ-ਮੁਗਧ ਹੋ ਕੇ ਪੈਸਾ ਕਮਾਉਣ ਦੀ ਅੰਨ੍ਹੀ ਦੌੜ ਵਿਚ ਰਸਤਿਓਂ ਭਟਕ ਚੁੱਕੇ ਹਨ।
ਮਾਤਾ ਗੁਜਰੀ ਜੀ ਸਾਰੀ ਰਾਤ ਠੰਢੇ ਬੁਰਜ ਵਿਚ ਲਾਲਾਂ ਨੂੰ ਸਿਦਕ ਤੋਂ ਨਾ ਡੋਲਣ ਦੀ ਸਿੱਖਿਆ ਦਿੰਦੇ ਰਹੇ। ਉਨ੍ਹਾਂ ਨੂੰ ਪ੍ਰੇਰਨਾ ਦਿੰਦੇ ਰਹੇ ਕਿ ਤੁਸੀਂ ਨਾਨਕ ਦੇ ਸਿੱਖ ਹੋ ਅਤੇ ਤੇਗ ਬਹਾਦਰ ਦੇ ਪੋਤੇ ਹੋ। ਆਪਣੇ ਧਰਮ ਨੂੰ ਆਂਚ ਨਾ ਆਉਣ ਦੇਣੀ। ਅਗਲੇ ਦਿਨ ਕਚਹਿਰੀ ਵਿਚ ਜਦੋਂ ਵਜ਼ੀਰ ਖਾਨ ਨੇ ਲਾਲਚ ਦੇ ਕੇ ਸਾਹਿਬਜ਼ਾਦਿਆਂ ਨੂੰ ਇਸਲਾਮ ਕਬੂਲ ਕਰਨ ਲਈ ਕਿਹਾ ਤਾਂ ਦਾਦੀ ਦੀ ਦਿੱਤੀ ਸਿੱਖਿਆ ਉਪਰ ਅਮਲ ਕਰਦਿਆਂ ਉਨ੍ਹਾਂ ਇਕਸੁਰ ਹੋ ਕੇ ਕਿਹਾ ਕਿ ਸੂਬਿਆ, ਅਸੀਂ ਗੋਬਿੰਦ ਦੇ ਲਾਲ ਹਾਂ, ਟੁੱਟ ਜਾਵਾਂਗੇ ਪਰ ਝੁਕਾਂਗੇ ਨਹੀਂ। ਧਰਮ ਗੁਆ ਕੇ ਜਿਊਣਾ ਸਾਨੂੰ ਮਨਜ਼ੂਰ ਨਹੀਂ।
ਅੱਜ ਹਾਲ ਇਹ ਹੈ ਕਿ ਸਾਡੇ ਕੋਲ ਬੱਚਿਆਂ ਨੂੰ ਪਾਲਣ ਲਈ ਸਮਾਂ ਨਹੀਂ ਹੈ। ਇਸ ਸੂਰਤ ਵਿਚ ਅਸੀਂ ਉਨ੍ਹਾਂ ਨੂੰ ਕੀ ਸੰਸਕਾਰ ਦਿਆਂਗੇ? ਕਿਵੇਂ ਆਪਣੀ ਵਿਰਾਸਤ ਅਤੇ ਗੁਰਬਾਣੀ ਨਾਲ ਉਨ੍ਹਾਂ ਨੂੰ ਜੋੜਾਂਗੇ ਜੇ ਬੱਚੇ ਕੇਅਰ-ਟੇਕਰਾਂ ਕੋਲ ਜਾਂ ਕਰੱਚਾਂ ਵਿਚ ਪਲਣਗੇ? ਗੁਰਬਾਣੀ ਨੂੰ ਮਨੋਂ ਵਿਸਾਰ ਕੇ ਨੌਜਵਾਨ ਪੀੜ੍ਹੀ ਗਲੈਮਰ, ਐਸ਼ਪ੍ਰਸਤੀ ਅਤੇ ਪਰਵਾਸ ਦੀ ਬਿਰਤੀ ਵਿਚ ਗ੍ਰਸੀ ਜਾ ਰਹੀ ਹੈ। ਸਮਾਰਟ ਫੋਨ, ਵ੍ਹੱਟਸਐਪ, ਫੇਸਬੁੱਕ ਆਦਿ ਨੇ ਸਾਨੂੰ ਸਾਥੋਂ ਵੱਖ ਕਰ ਦਿੱਤਾ ਹੈ। ਅਸੀਂ ਖੁਦ ਨਾਲੋਂ ਜ਼ਿਆਦਾ ਵਕਤ ਆਪਣੇ ਫੋਨ ਅਤੇ ਉਸ ਦੀਆਂ ਐਪਸ ਨਾਲ ਗੁਜ਼ਾਰਦੇ ਹਾਂ। ਸਾਡਾ ਇਹ ਖੁਦ ਨਾਲੋਂ ਤੋੜ-ਵਿਛੋੜਾ ਜਿੱਥੇ ਸਾਡੇ ਕੋਲੋਂ ਵਿਸਮਾਦ ਖੋਹ ਰਿਹਾ ਹੈ, ਉਥੇ ਸਾਡੇ ਡਿਗ ਰਹੇ ਆਚਾਰ-ਵਿਹਾਰ ਦਾ ਕਾਰਨ ਹੈ। ਸੋਸ਼ਲ ਮੀਡੀਆ ਉਪਰ ਸਾਨੂੰ ਨੌਜਵਾਨਾਂ ਦੀਆਂ ਤਸਵੀਰਾਂ ਵੰਨ-ਸਵੰਨੇ ਹਥਿਆਰਾਂ ਨਾਲ ਲੈਸ ਹੋ ਕੇ ਖਿਚਵਾਈਆਂ ਅਕਸਰ ਦੇਖਣ ਨੂੰ ਮਿਲ ਜਾਂਦੀਆਂ ਹਨ ਪਰ ਫੋਟੋਆਂ ਖਿਚਵਾਉਣ ਦੀ ਬਜਾਇ ਫੌਜ ਵਿਚ ਭਰਤੀ ਹੋ ਕੇ ਦੇਸ਼ ਦੀਆਂ ਸਰਹੱਦਾਂ ‘ਤੇ ਜੂਝਣ ਦਾ ਜਜ਼ਬਾ ਇਸ ਵਰਗ ਵਿਚ ਦਿਨ-ਬ-ਦਿਨ ਘਟ ਰਿਹਾ ਹੈ।
ਸੱਤ ਅਤੇ ਨੌਂ ਸਾਲ ਦੇ ਬੱਚਿਆਂ ਨੇ ਸਿੱਖ ਸਭਿਆਚਾਰ, ਫਲਸਫੇ, ਅਦਬ, ਤਹਿਜ਼ੀਬ ਨੂੰ ਚੜ੍ਹਦੀ ਕਲਾ, ਉੱਚੇ-ਸੁੱਚੇ ਆਦਰਸ਼, ਨਵੀਂ ਚੇਤਨਾ ਅਤੇ ਨਵੀਂ ਸੇਧ ਦਿੱਤੀ। ਜਬਰ ਉੱਤੇ ਸਬਰ, ਹੈਵਾਨੀਅਤ ਉਪਰ ਇਨਸਾਨੀਅਤ ਅਤੇ ਲਾਲਚ ਉੱਪਰ ਤਿਆਗ ਦੀ ਜਿੱਤ ਦਰਸਾਉਂਦੇ ਸਾਕਾ ਸਰਹਿੰਦ ਨੇ ਖੂਨੀ ਪੱਤਰਿਆਂ ਨਾਲ ਸੰਜੋਏ ਗੌਰਵਮਈ ਸਿੱਖ ਇਤਿਹਾਸ ਦੀ ਨਵੀਂ ਤਸਵੀਰ ਅਤੇ ਤਕਦੀਰ ਦੀ ਸਿਰਜਣਾ ਕੀਤੀ। ਇਤਿਹਾਸ ਗਵਾਹ ਹੈ ਕਿ ਜਦੋਂ ਕਿਸੇ ਕੌਮ ਦੇ ਸੰਘਰਸ਼, ਸ਼ਾਨਾਮੱਤੇ ਕਾਰਨਾਮੇ ਅਤੇ ਪ੍ਰਾਪਤੀਆਂ ਪ੍ਰਤੀ ਉਸ ਦੇ ਲੋਕ ਮਾਇਆ ਦੇ ਪ੍ਰਭਾਵ ਅਧੀਨ ਸੰਵੇਦਨਸ਼ੀਲ ਨਾ ਰਹਿਣ ਤਾਂ ਇਹ ਵਤੀਰਾ ਸਮਾਜ ਲਈ ਅਤਿ ਘਾਤਕ ਹੁੰਦਾ ਹੈ। ਗੁਰੁ ਸਾਹਿਬਾਨ ਦਾ ਬਖਸ਼ਿਆ ਸਿੱਖ ਸੱਭਿਆਚਾਰ ਇਹੀ ਸਿਖਾਉਂਦਾ ਹੈ ਕਿ ਅਪਰਾਧ, ਅਨਿਆਂ ਅਤੇ ਅਸੱਭਿਅਕ ਚਰਿਤਰ ਜਦੋਂ ਸਾਫ-ਸੁਥਰੇ ਸਮਾਜ ਨੂੰ ਗੰਧਲਾ ਕਰਨ ਦਾ ਯਤਨ ਕਰਨ ਤਾਂ ਆਵਾਜ਼ ਉਠਾਉਣ ਦਾ ਅਧਿਕਾਰ ਹਰ ਸ਼ਖ਼ਸ ਨੂੰ ਹੈ।
ਅਜੋਕੀ ਮਕਾਨਕੀ ਜ਼ਿੰਦਗੀ ਵਿਚ ਖੁਦ ਨੂੰ ਸਥਾਪਿਤ ਕਰਨ ਦੇ ਫਿਕਰ ਅਤੇ ਸਰੋਕਾਰ ਮਜਬੂਰੀ ਵੱਸ ਜਾਇਜ਼ ਹਨ। ਆਪਣੇ ਵਰਤਮਾਨ ਦੀਆਂ ਤਲਖ ਹਕੀਕਤਾਂ ਦਾ ਸਾਹਮਣਾ ਕਰਦੇ ਹੋਏ ਭਵਿੱਖ ਬਾਰੇ ਸਜੱਗ ਅਤੇ ਚੇਤੰਨ ਹੋਣਾ ਗਲਤ ਨਹੀਂ ਪਰ ਨਾਲ ਹੀ ਸਮਾਜ ਵਿਚ ਆ ਰਹੀ ਸੱਭਿਆਚਾਰਕ ਗਿਰਾਵਟ ਨੂੰ ਦੇਖ ਕੇ ਅਣਡਿਠ ਕਰਨਾ ਆਪਣੀ ਸਮਾਜਿਕ ਜਿ਼ੰਮੇਵਾਰੀ ਪ੍ਰਤੀ ਅਸੱਭਿਅਕ ਵਿਹਾਰ ਹੈ। ਆਵਾਜ਼ ਮਨੁੱਖਤਾ ਦਾ ਸਾਂਝਾ ਹੁੰਗਾਰਾ ਹੈ। ਤੰਦਰੁਸਤ, ਸਿਰਜਣਾਤਮਿਕ, ਸ਼ਕਤੀਸ਼ਾਲੀ ਤੇ ਇਨਕਲਾਬੀ ਸ਼ਖ਼ਸੀਅਤ ਦੀ ਉਸਾਰੀ ਅਤੇ ਸਾਫ ਸੁਥਰੇ ਸਮਾਜ ਦੀ ਸਿਰਜਣਾ ਲਈ ਸਹੀ ਗਲਤ ਦੀ ਪਰਖ ਪਾਣ ਕਰ ਕੇ ਆਵਾਜ਼ ਉਠਾਉਣੀ ਸਮੇਂ ਦੀ ਲੋੜ ਹੈ। ਅਸੀਂ ਵੱਡੇ ਭਾਗਾਂ ਵਾਲੇ ਹਾਂ ਜਿਨ੍ਹਾਂ ਕੋਲ ਛੋਟੀਆਂ ਜਿੰਦਾਂ ਦੁਆਰਾ ਕੀਤੇ ਵੱਡੇ ਸਾਕਿਆਂ ਦਾ ਸ਼ਾਨਾਮੱਤਾ ਇਤਿਹਾਸ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰਾਹ-ਦਸੇਰਾ ਅਤੇ ਗੁਰਮਤਿ ਸੱਭਿਆਚਾਰ ਦਾ ਕਵਚ ਸਾਡੇ ਗੁਰੂ ਸਾਹਿਬਾਨ ਦੀ ਮਹਾਨ ਦੇਣ ਹੈ। ਸਿੱਖ ਸੱਭਿਆਚਾਰ ਨੇ ਜਿੱਥੇ ਸਾਡੇ ਆਚਾਰ ਵਿਹਾਰ ਨੂੰ ਉੱਚਾ-ਸੁੱਚਾ ਰੱਖਣ ਲਈ ਜਾਤ-ਪਾਤ ਦੇ ਭੇਦ-ਭਾਵ ਬਿਨਾ ਖੰਡੇ ਦੀ ਪਾਹੁਲ ਦਾ ਅੰਮ੍ਰਿਤ ਬਖਸ਼ਿਆ, ਉਥੇ ਨਿਮਰ ਅਤੇ ਦ੍ਰਿੜ ਜ਼ਿੰਦਗੀ ਲਈ ਰਹਿਤ-ਮਰਿਆਦਾ ਵੀ ਬਖਸ਼ੀ। ਕਿਰਤ, ਸਦਾਚਾਰ ਅਤੇ ਦਲੇਰੀ ਦੇ ਇਸ ਵਿਰਸੇ ਨੇ ਸਿੱਖ ਕੌਮ ਨੂੰ ਆਲਮੀ ਪੱਧਰ ‘ਤੇ ਨਾ ਕੇਵਲ ਵਿੱਲਖਣ ਪਛਾਣ ਹੀ ਦਿੱਤੀ ਬਲਕਿ ਪੂਰੀ ਲੋਕਾਈ ਅੱਗੇ ਸਵੈ-ਸੰਪੂਰਨ ਮਾਨਵ ਦੀ ਬਿਹਤਰੀਨ ਉਦਾਹਰਨ ਕਾਇਮ ਕੀਤੀ। ਅੱਜ ਸਾਨੂੰ ਇਹ ਵਿਚਾਰਨ ਦੀ ਲੋੜ ਹੈ ਕਿ ਅਸੀਂ ਵਿਸਮਾਦ ਤੱਕ ਪਹੁੰਚਦੇ ਪਹੁੰਚਦੇ ਸੰਤਾਪ ਤੱਕ ਕਿਵੇਂ ਅੱਪੜ ਗਏ। ਨਸ਼ਿਆਂ ਦੀ ਹੋੜ ਨੌਜਵਾਨਾਂ ਨੂੰ ਘੁਣ ਵਾਂਗ ਖਾ ਰਹੀ ਹੈ। ਸਿੰਥੈਟਿਕ ਨਸ਼ੇ ਜਿੱਥੇ ਪੰਜਾਬ ਦੀ ਜਵਾਨੀ ਨੂੰ ਨਿਪੁੰਸਕਤਾ ਅਤੇ ਮੌਤ ਦੇ ਮੂੰਹ ਵਿਚ ਲਿਜਾ ਰਹੇ ਹਨ, ਉਥੇ ਸਾਡੀਆਂ ਆਉਣ ਵਾਲੀਆਂ ਪੀੜੀ੍ਹਆਂ ਦੇ ਪੈਂਡੇ ਵੀ ਦੁਖਦਾਈ ਬਣਾ ਰਹੇ ਹਨ। ਕਿਉਂ ਨਸ਼ਾ ਕੁਝ ਨੌਜਵਾਨਾਂ ਦੀ ਜ਼ਿੰਦਗੀ ਦਾ ਹਿੱਸਾ ਬਣ ਰਿਹਾ ਹੈ? ਕਿਉਂ ਨਸ਼ੇ ਖਿਲਾਫ ਕੋਈ ਦਲੀਲ ਉਨ੍ਹਾਂ ਨੂੰ ਪ੍ਰਭਾਵਿਤ ਨਹੀਂ ਕਰਦੀ? ਇਹ ਬਹੁਤ ਸਾਰੇ ਪ੍ਰਸ਼ਨ ਹਨ ਜੋ ਸਾਡੇ ਸੱਭਿਆਚਾਰ ਨੂੰ ਖੋਰਾ ਲਾ ਰਹੇ ਹਨ। ਇਨ੍ਹਾਂ ਦੇ ਜਵਾਬ ਅਸੀਂ ਹੀ ਲੱਭਣੇ ਹਨ।
ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਲਾਸਾਨੀ ਸਾਕਾ ਹੈ। ਇਹ ਕੁਰਬਾਨੀ ਦੀ ਅਜਿਹੀ ਮਸ਼ਾਲ ਹੈ ਜੋ ਸਾਡਾ ਮਾਰਗ ਦਰਸ਼ਨ ਕਰਦੇ ਹੋਏ ਸ਼ਕਤੀ ਦਾ ਅਥਾਹ ਸੋਮਾ ਬਣਦੀ ਰਹੇਗੀ। ਆਓ ਆਪਣੀਆਂ ਭੁੱਲਾਂ ਬਖਸ਼ਾ ਕੇ ਆਲਮੀ ਪੱਧਰ ਉਪਰ ਸਿੱਖ ਤਹਿਜ਼ੀਬ ਦਾ ਇਕਬਾਲ ਬੁਲੰਦ ਰੱਖਣ ਅਤੇ ਪੰਜਾਬੀਅਤ ਦੀ ਪਾਕੀਜ਼ਗੀ ਕਾਇਮ ਰੱਖਣ ਲਈ ਸਿੱਖ ਸੱਭਿਆਚਾਰ ਅਪਣਾਈਏ ਤਾਂ ਜੋ ਪੰਜਾਬੀ ਬਾਸ਼ਿੰਦੇ ਵਿਸਮਾਦੀ ਮੰਡਲਾਂ ‘ਚ ਜੀਵਨ ਬਤੀਤ ਕਰ ਸਕਣ। ਬਾਬੇ ਨਾਨਕ ਦੇ ਸੁਪਨਿਆਂ ਦੇ ਸਭਿਆਚਾਰ ਉਪਰ ਆਧਾਰਿਤ ਸਮਾਜ ਸਿਰਜੀਏ। ਆਪਣੇ ਜੀਵਨ ਨੂੰ ਨਾਮ ਨਾਲ ਲਬਰੇਜ਼ ਕਰ ਕੇ ਪਰਮ-ਆਨੰਦ ਦੀ ਪ੍ਰਾਪਤੀ ਲਈ ਹੰਭਲਾ ਮਾਰੀਏ ਅਤੇ ਗੁਰੂ ਜੀ ਦੇ ਫਰਮਾਏ ਇਸ ਪਾਵਣ ਵਾਕ ਨੂੰ ਆਪਣੇ ਮਨ ਵਿਚ ਵਸਾ ਲਈਏ: ਸਚੁਹ ਓਰੈ ਸਭੁ ਕੋ ਉਪਰ ਸਚੁ ਆਚਾਰੁ॥
ਸੰਪਰਕ: 86995-60020