ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਅਮਰੀਕਾ ਦੇ ਹੱਥਾਂ ’ਤੇ ਲੱਗਾ ਖ਼ੂਨ

08:20 AM Oct 21, 2024 IST

ਜਯੋਤੀ ਮਲਹੋਤਰਾ

ਦੁਨੀਆ ਭਰ ਵਿਚ ਹੋਏ ਗ਼ੈਰ-ਸੰਵਿਧਾਨਕ ਤੇ ਗ਼ੈਰ-ਨਿਆਂਇਕ ਕਾਰਵਾਈਆਂ ਵਿੱਚ ਅਮਰੀਕਾ ਦੀ ਸ਼ਮੂਲੀਅਤ ਦੇ ਅਣਗਿਣਤ ਕਿੱਸੇ ਹਨ। ਸੰਨ 2001 ’ਚ ਅਫਗਾਨਿਸਤਾਨ, 2003 ’ਚ ਇਰਾਕ, 2014 ਵਿੱਚ ਸੀਰੀਆ ਅਤੇ ਸਾਲ 2015 ਵਿੱਚ ਲਿਬੀਆ ’ਚ ਹੋਏ ਕੁਝ ਹਮਲੇ।
ਅਮਰੀਕੀ ਕਾਂਗਰਸ ਖੋਜ ਸੇਵਾ ਮੁਤਾਬਿਕ, 1991 ਵਿੱਚ ਸੋਵੀਅਤ ਸੰਘ ਦੇ ਟੁੱਟਣ ਤੇ ਠੰਢੀ ਜੰਗ ਖਤਮ ਹੋਣ ਤੋਂ ਲੈ ਕੇ 2022 ਤੱਕ ਅਮਰੀਕਾ ਨੇ 251 ਵਾਰ ਸੈਨਿਕ ਕਾਰਵਾਈ ਰਾਹੀਂ ਵੱਖ-ਵੱਖ ਥਾਈਂ ਦਖ਼ਲ ਦਿੱਤਾ ਹੈ।
ਜਦੋਂ ਅਮਰੀਕੀਆਂ ਨੇ ਇਰਾਕ ’ਤੇ ਬੰਬਾਰੀ ਕੀਤੀ ਤਾਂ ਮੈਸੋਪੋਟਾਮੀਆ ਦੀ ਪ੍ਰਾਚੀਨ ਸੱਭਿਅਤਾ ਦੇ ਅੰਸ਼ਾਂ ਦਾ ਵੱਡਾ ਨੁਕਸਾਨ ਹੋਇਆ ਪਰ ਕਿਸੇ ਨੇ ਇੱਕ ਸ਼ਬਦ ਤੱਕ ਵੀ ਨਹੀਂ ਕਿਹਾ। ਅਮਰੀਕੀ ਫ਼ੌਜ ਨੇ ਜਦੋਂ ਸੱਦਾਮ ਹੁਸੈਨ ਨੂੰ ਫਡਿ਼ਆ ਜੋ ਤਾਨਾਸ਼ਾਹ ਬੇਸ਼ੱਕ ਸੀ ਪਰ ਉਸ ਕੋਲ ਸਮੂਹਿਕ ਤਬਾਹੀ ਦਾ ਕੋਈ ਹਥਿਆਰ ਨਹੀਂ ਸੀ, ਉਦੋਂ ਵੀ ਪੱਛਮੀ ਸੰਸਾਰ ਚੁੱਪ-ਚਾਪ ਸਭ ਕੁਝ ਦੇਖਦਾ ਰਿਹਾ। ਤੇ ਜਦੋਂ ਤੱਕ ਅਮਰੀਕੀਆਂ ਨੇ 21 ਸਾਲ ਬਾਅਦ ਅਖ਼ੀਰ ਵਿੱਚ ਅਫ਼ਗਾਨਿਸਤਾਨ ਛੱਡਿਆ, ਇਹ ਕਬਾਇਲੀ ਢਾਂਚਾ ਤਬਾਹ ਕਰਨ ਵਿੱਚ ਸਫ਼ਲ ਹੋ ਚੁੱਕੇ ਸਨ ਤੇ ਨਾਲ ਹੀ ਸਿਆਸੀ ਆਗੂਆਂ ’ਚ ਵੀ ਰੱਸਾਕਸ਼ੀ ਸ਼ੁਰੂ ਹੋ ਚੁੱਕੀ ਸੀ ਜਿਸ ਦਾ ਨਤੀਜਾ ਤਾਲਿਬਾਨ ਦੇ ਮੁੜ ਜਥੇਬੰਦ ਹੋਣ ਦੇ ਰੂਪ ਵਿੱਚ ਨਿਕਲਿਆ ਅਤੇ ਉਹ ਮੁਲਕ ’ਤੇ ਕਾਬਜ਼ ਹੋ ਗਏ।
ਕੁਝ ਕਹਿਣਗੇ- ਖ਼ਾਸ ਤੌਰ ’ਤੇ ਅਜੋਕੇ ਢਾਕਾ ਵਿੱਚ ਬੈਠੇ ਬੰਗਲਾਦੇਸ਼ੀ- ਕਿ ਭਾਰਤ ਨੇ ਵੀ 1971 ਵਿੱਚ ਇਹੀ ਕੀਤਾ ਸੀ ਜੋ ਪਾਕਿਸਤਾਨ ਨੂੰ ਤੋੜਨ ਤੇ ਨਵਾਂ ਮੁਲਕ ਬਣਾਉਣ ਲਈ ਸੀ। ਹਾਂ ਬਿਲਕੁਲ, ਅਮਰੀਕੀਆਂ ਨੇ ਇਸ ਨੂੰ ਵੀ ਗ਼ਲਤ ਢੰਗ ਨਾਲ ਲਿਆ। ਲੇਖਕ ਗੈਰੀ ਬਾਸ ਦੀ ਕਿਤਾਬ ‘ਦਿ ਬਲੱਡ ਟੈਲੀਗ੍ਰਾਮ’ ਪੜ੍ਹੋ ਜੋ ਤੁਹਾਨੂੰ ਦੱਸੇਗੀ ਕਿ ਕਿਵੇਂ ਰਿਚਰਡ ਨਿਕਸਨ ਤੇ ਹੈਨਰੀ ਕਿਸਿੰਜਰ ਨੇ ਪਾਕਿਸਤਾਨੀ ਸੈਨਾ ਵੱਲੋਂ ਪੂਰਬੀ ਬੰਗਾਲੀਆਂ ਦੇ ਵਾਰ-ਵਾਰ ਕੀਤੇ ਜਾ ਰਹੇ ਕਤਲੇਆਮ ਦੀ ਆਲੋਚਨਾ ਕਰਨ ਤੋਂ ਮੂੰਹ ਮੋੜ ਲਿਆ ਸੀ (ਜਿੱਥੋਂ ਤੱਕ ਉਨ੍ਹਾਂ ਵੱਲੋਂ ਇੰਦਰਾ ਗਾਂਧੀ ਨੂੰ ਬਿਆਨਣ ਦਾ ਸਵਾਲ ਹੈ ਜਿਸ ਨੇ ਪੂਰਬੀ ਬੰਗਾਲੀ ਨੇਤਾਵਾਂ ਦੀ ਬੰਗਲਾਦੇਸ਼ ਬਣਾਉਣ ਵਿਚ ਮਦਦ ਕੀਤੀ, ਉਹ ਵੱਖਰੀ ਕਹਾਣੀ ਹੈ)।
ਇਸ ਲਈ ਜੇ ਇਸ ਹਫ਼ਤੇ ਕਿਸੇ ਨੂੰ ਇਹ ਦੇਖ ਕੇ ਹੈਰਾਨੀ ਹੋਈ ਕਿ ਕਿਵੇਂ ਅਮਰੀਕਾ ਨੇ ਬੇਹੱਦ ਕੁਚੱਜੇ ਢੰਗ ਨਾਲ ਭਾਰਤੀ ਖੁਫ਼ੀਆ ਅਧਿਕਾਰੀ ਵਿਕਾਸ ਯਾਦਵ ਨੂੰ ਮੁਕੱਦਮੇ ’ਚ ਮੁਲਜ਼ਮ ਬਣਾਇਆ ਹੈ ਤਾਂ ਇਸ ’ਚ ਜ਼ਿਆਦਾ ਹੈਰਾਨ ਹੋਣ ਵਾਲਾ ਕੁਝ ਨਹੀਂ ਹੈ। ਦੂਜੇ ਪਾਸੇ ਯਾਦਵ ਨੇ ਵੀ ਜਿਸ ਬੇਸੁਰੇ ਢੰਗ ਨਾਲ ਖਾਲਿਸਤਾਨ ਪੱਖੀ ਕਾਰਕੁਨ ਤੇ ਅਮਰੀਕੀ ਨਾਗਰਿਕ ਗੁਰਪਤਵੰਤ ਸਿੰਘ ਪੰਨੂ ਨੂੰ ਸਹਿ-ਸਾਜ਼ਿਸ਼ਕਰਤਾ ਰਾਹੀਂ ਭਾੜੇ ’ਤੇ ਬੰਦਾ ਲੈ ਕੇ ਮਾਰਨ ਦੀ ਕੋਸ਼ਿਸ਼ ਕੀਤੀ ਤੇ ਅੱਗੇ ਉਹ ਬੰਦਾ ਕਿਸੇ ਅਮਰੀਕੀ ਏਜੰਸੀ ਦਾ ਅੰਡਰਕਵਰ ਏਜੰਟ ਨਿਕਲਿਆ; ਇਸ ’ਤੇ ਵੀ ਕੋਈ ਬਹੁਤਾ ਹੈਰਾਨ ਹੋਣ ਦੀ ਲੋੜ ਨਹੀਂ ਹੈ, ਭਾਵੇਂ ਇਹ ਸਾਰਾ ਘਟਨਾਕ੍ਰਮ ਬੇਹੱਦ ਬੁਰੀ ਹਿੰਦੀ ਫਿਲਮ ਵਰਗਾ ਜਾਪਦਾ ਹੈ।
ਨਿਊਯਾਰਕ ਦੇ ਦੱਖਣੀ ਜ਼ਿਲ੍ਹੇ ਦੇ ਅਮਰੀਕੀ ਅਟਾਰਨੀ ਡੇਮੀਅਨ ਵਿਲੀਅਮਜ਼ ਨੇ ਵੀਰਵਾਰ ਅਦਾਲਤ ਵਿੱਚ ਦੋਸ਼ਾਂ ਦਾ ਖੁਲਾਸਾ ਕਰਦਿਆਂ ਸੁਣੋ ਕੀ ਕਿਹਾ: “ਇਸ ਕੇਸ ਨੂੰ ਉਨ੍ਹਾਂ ਸਾਰਿਆਂ ਲਈ ਚਿਤਾਵਨੀ ਬਣਾਈਏ ਜੋ ਅਮਰੀਕੀ ਨਾਗਰਿਕਾਂ ਨੂੰ ਨੁਕਸਾਨ ਪਹੁੰਚਾਉਣਾ ਤੇ ਚੁੱਪ ਕਰਾਉਣਾ ਚਾਹੁੰਦੇ ਹਨ: ਅਸੀਂ ਤੁਹਾਨੂੰ ਜਵਾਬਦੇਹ ਬਣਾਵਾਂਗੇ, ਚਾਹੇ ਤੁਸੀਂ ਜੋ ਵੀ ਹੋਵੋ ਤੇ ਜਿੱਥੇ ਵੀ ਹੋਵੋ।”
ਜਦ ਤੁਹਾਡੇ ਹੱਥਾਂ ’ਤੇ ਐਨਾ ਖ਼ੂਨ ਲੱਗਾ ਹੋਇਆ ਹੋਵੇ, ਜਿਵੇਂ ਅਮਰੀਕੀਆਂ ਦੇ ਲੱਗਾ ਹੈ, ਤੁਸੀਂ ਸੋਚੋਗੇ ਕਿ ਉਨ੍ਹਾਂ ਨੂੰ ਘੱਟੋ-ਘੱਟ ਚੁੱਪ ਰਹਿਣਾ ਚਾਹੀਦਾ ਹੈ।
ਸਪੱਸ਼ਟ ਹੈ, ਅਮਰੀਕੀ ਤੰਤਰ ਵਿੱਚ ਨਿੰਦਾ ਜਾਂ ਸ਼ਰਮਿੰਦਗੀ ਲਈ ਕੋਈ ਥਾਂ ਨਹੀਂ ਹੈ, ਉਦੋਂ ਵੀ ਜਦੋਂ ਡੋਨਲਡ ਟਰੰਪ ਅਤੇ ਕਮਲਾ ਹੈਰਿਸ ਦਰਮਿਆਨ ‘ਕਰੋ ਜਾਂ ਮਰੋ’ ਵਾਲੀ ਰਾਸ਼ਟਰਪਤੀ ਚੋਣ ਲੜੀ ਜਾ ਰਹੀ ਹੈ।
ਸਚਾਈ ਇਹ ਹੈ ਕਿ ਡੈਮੋਕਰੈਟਿਕ ਪ੍ਰਸ਼ਾਸਨ ਰਵਾਇਤੀ ਤੌਰ ’ਤੇ ਭਾਰਤ ਨਾਲ ਰਿਪਬਲਿਕਨਾਂ ਨਾਲੋਂ ਵੱਧ ਸਖ਼ਤੀ ਵਰਤਦਾ ਰਿਹਾ ਹੈ- ਸ਼ਾਇਦ ਰਿਪਬਲਿਕਨ ਮਨੁੱਖੀ ਅਧਿਕਾਰਾਂ ਦੀ ਜ਼ਿਆਦਾ ਪਰਵਾਹ ਨਹੀਂ ਕਰਦੇ ਤੇ ਇਸ ਦੀ ਥਾਂ ਆਪਣੇ ਤੇ ਅਮਰੀਕੀਆਂ ਲਈ ਹੋਰ ਪੈਸਾ ਕਮਾਉਣ ਨੂੰ ਪਹਿਲ ਦਿੰਦੇ ਹਨ ਜੋ ਚੀਨੀਆਂ ਨੂੰ ਪੂਰੀ ਤਰ੍ਹਾਂ ਰਾਸ ਆਉਂਦਾ ਹੈ।
ਤੁਸੀਂ ਸੋਚਦੇ ਹੋਵੋਗੇ ਕਿ ਜੋਅ ਬਾਇਡਨ, ਐਂਟਨੀ ਬਲਿੰਕਨ ਤੇ ਜੇਕ ਸੁਲੀਵਨ ਖਾਲਿਸਤਾਨੀ ਕਾਰਕੁਨ ਕਹਾਉਣ ਵਾਲੇ ਕਿਸੇ ਬੰਦੇ ਨੂੰ ਭਾਰਤ-ਅਮਰੀਕਾ ਦੇ ਰਿਸ਼ਤਿਆਂ ਦਾ ਕੇਂਦਰ ਬਿੰਦੂ ਬਣਾਉਣ ਨਾਲੋਂ ਕੋਈ ਹੋਰ ਚੰਗਾ ਕੰਮ ਨਹੀਂ ਸੀ ਕਰ ਸਕਦੇ। ਹੈਰਾਨ-ਪ੍ਰੇਸ਼ਾਨ ਭਾਰਤੀ ਇਹ ਸਵਾਲ ਪੁੱਛਣੋਂ ਰਹਿ ਨਾ ਸਕੇ: ਕੀ ਅਮਰੀਕਾ ਨੂੰ ਭਾਰਤੀ ਮੂਲ ਦੇ ਉਨ੍ਹਾਂ ਅਮਰੀਕੀ ਨਾਗਰਿਕਾਂ ਤੋਂ ਕੋਈ ਤਕਲੀਫ਼ ਨਹੀਂ ਹੈ ਜੋ ਖਾਲਿਸਤਾਨ ਬਣਾਉਣ ਦੀ ਮੰਗ ’ਤੇ ਭਾਰਤ ਨੂੰ ਤੋੜਨ ਉੱਤੇ ਅੜੇ ਹੋਏ ਹਨ?
ਕੁਝ ਕਹਿ ਰਹੇ ਹਨ ਕਿ ਬਾਇਡਨ-ਬਲਿੰਕਨ-ਸੁਲੀਵਨ ਦੀ ਤਿਕੜੀ ਕੈਨੇਡਾ ਦੇ ਜਸਟਿਨ ਟਰੂਡੋ ਨੂੰ ਭਾਰਤ ਸਰਕਾਰ ਦੀ ਜਨਤਕ ਤੌਰ ’ਤੇ ਆਲੋਚਨਾ ਥੋੜ੍ਹੀ ਘੱਟ ਕਰਨ ਲਈ ਕਹਿ ਰਹੀ ਹੈ। ਇਹ ਵੀ ਮਜ਼ਾਕ ਹੀ ਹੈ। ਏਅਰ ਇੰਡੀਆ ਦੀ ‘ਕਨਿਸ਼ਕ’ ਉਡਾਣ ਯਾਦ ਹੈ ਜੋ 23 ਜੂਨ 1985 ਨੂੰ ਬੰਬ ਨਾਲ ਉਡਾ ਦਿੱਤੀ ਗਈ ਸੀ ਤੇ 329 ਮੌਤਾਂ ਹੋਈਆਂ ਸਨ ਜਿਨ੍ਹਾਂ ’ਚ ਬਹੁਤੇ ਭਾਰਤੀ ਮੂਲ ਦੇ ਕੈਨੇਡੀਅਨ ਨਾਗਰਿਕ ਸਨ? ਜ਼ਿਕਰਯੋਗ ਢੰਗ ਨਾਲ ਕੈਨੇਡਾ ਦੀ ਮਸ਼ਹੂਰ ਪੁਲੀਸ ਜਾਂਚ ਏਜੰਸੀ ‘ਰੌਇਲ ਕੈਨੇਡੀਅਨ ਮਾਊਂਟਿਡ ਪੁਲੀਸ (ਆਰਸੀਐੱਮਪੀ) ਨੂੰ ਇਸ ਦਹਿਸ਼ਤੀ ਕਾਰੇ ਲਈ ਦੋ ‘ਖਾਲਿਸਤਾਨ’ ਪੱਖੀ ਸਿੱਖਾਂ ਨੂੰ ਗ੍ਰਿਫ਼ਤਾਰ ਕਰਨ ਲਈ 15 ਸਾਲਾਂ ਤੋਂ ਵੱਧ ਦਾ ਸਮਾਂ (ਸਾਲ 2000) ਲੱਗ ਗਿਆ। ਇਕ ਹੋਰ ਵਿਅਕਤੀ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਤੇ 24 ਘੰਟਿਆਂ ਬਾਅਦ ਛੱਡ ਦਿੱਤਾ ਗਿਆ।
ਇਹ ਉਹੀ ਆਰਸੀਐੱਮਪੀ ਹੈ ਜਿਸ ਨੇ ਪਿਛਲੇ ਹਫਤੇ ਓਟਾਵਾ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਦੋਸ਼ ਲਾਇਆ ਹੈ ਕਿ ਲਾਰੈਂਸ ਬਿਸ਼ਨੋਈ ਦੇ ਅਪਰਾਧਕ ਗੈਂਗ ਨੇ ‘ਭਾਰਤ ਸਰਕਾਰ ਦੇ ਅਧਿਕਾਰੀਆਂ’ ਦੀ ਕਠਪੁਤਲੀ ਬਣ ਕੇ ਪਿਛਲੇ ਸਾਲ ਹਰਦੀਪ ਸਿੰਘ ਨਿੱਝਰ ਦੇ ਨਾਲ-ਨਾਲ ਇੱਕ ਹੋਰ ਕੈਨੇਡੀਅਨ ਨਾਗਰਿਕ ਸੁਖਦੂਲ ਸਿੰਘ ਦੀ ਹੱਤਿਆ ਕੀਤੀ ਹੈ। ਕੈਨੇਡਾ ’ਚ ਭਾਰਤ ਦੇ ਰਾਜਦੂਤ ਸੰਜੇ ਵਰਮਾ ਨੂੰ ਇਸ ਮਾਮਲੇ ਵਿੱਚ ‘ਸ਼ੱਕੀ’ ਦੱਸਿਆ ਗਿਆ ਹੈ ਤੇ ਜਲਦੀ ਤੋਂ ਜਲਦੀ ਕੈਨੇਡਾ ਛੱਡਣ ਲਈ ਕਹਿ ਦਿੱਤਾ ਗਿਆ।
ਯਕੀਨੀ ਤੌਰ ’ਤੇ ਜਾਪਦਾ ਹੈ, ਜਿਵੇਂ ਪਿਛਲੇ ਹਫ਼ਤੇ ਅਮਰੀਕਾ ਤੇ ਕੈਨੇਡਾ ਨੇ ਭਾਰਤ ’ਚ ਦੋਸਤੀਆਂ ਪਾਉਣ ਤੇ ਲੋਕਾਂ ਨੂੰ ਪ੍ਰਭਾਵਿਤ ਕਰਨ ’ਚ ਕੋਈ ਕਸਰ ਬਾਕੀ ਨਹੀਂ ਛੱਡੀ।
ਇਸ ’ਚ ਕੋਈ ਸ਼ੱਕ ਨਹੀਂ ਕਿ ਜੈਸੇ ਨੂੰ ਤੈਸਾ ਵਰਗਾ ਵਿਹਾਰ ਦੁਨੀਆ ਨੂੰ ਹੋਰ ਅੰਨ੍ਹਾ ਹੀ ਕਰਦਾ ਹੈ ਤੇ ਜੇ ਕਿਸੇ ਨੇ ਪਹਿਲਾਂ ਗ਼ਲਤ ਕੀਤਾ ਹੈ ਤਾਂ ਇਸ ਦਾ ਇਹ ਮਤਲਬ ਨਹੀਂ ਕਿ ਦੂਜਾ ਵੀ ਅੱਗਿਓਂ ਉਸ ਨਾਲ ਗ਼ਲਤ ਕਰੇ। ਵਿਕਾਸ ਯਾਦਵ ਦੀਆਂ ਕਲਾਬਾਜ਼ੀਆਂ ਨੂੰ ਬਿਲਕੁਲ ਲੁਕੋਇਆ ਨਹੀਂ ਜਾ ਸਕਦਾ। ਇਸ ਲਈ ਭਾਰਤ ਸਰਕਾਰ ਨੇ ਹੋਰ ‘ਖੂਨ ਡੁੱਲ੍ਹਣੋਂ ਰੋਕਣ’ ਲਈ ਯਾਦਵ ਨੂੰ ਸਰਕਾਰੀ ਸੇਵਾ ’ਚੋਂ ‘ਕੱਢ’ ਦਿੱਤਾ ਹੈ ਪਰ ਜੇ ਇਹ ਪ੍ਰਕਿਰਿਆ ਅੱਗੇ ਵਧਦੀ ਹੈ ਤਾਂ ਅਗਲਾ ਕਦਮ ਹੋਵੇਗਾ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਤੇ ਸ਼ਾਇਦ ਹਵਾਲਗੀ। ਦੁਵੱਲੇ ਰਿਸ਼ਤੇ ਮੁਸ਼ਕਿਲ ਪੰਧ ’ਤੇ ਪੈ ਜਾਣਗੇ।
ਇਸੇ ਦੌਰਾਨ ਅਮਰੀਕਾ ਅਤੇ ਭਾਰਤ ਦਾ ਪੱਕਾ ਦੋਸਤ ਇਜ਼ਰਾਈਲ ਲਗਾਤਾਰ ਬੰਬਾਰੀ ਕਰ ਕੇ ਗਾਜ਼ਾ ਨੂੰ ਪੱਥਰ ਯੁੱਗ ’ਚ ਪਹੁੰਚਾ ਰਿਹਾ ਹੈ ਅਤੇ ਅੰਸ਼ਕ ਤੌਰ ’ਤੇ ਇਸ ਦਾ ਲੜਾਈ ਦਾ ਖ਼ਰਚ ਅਮਰੀਕੀ ਕਰਦਾਤਾ ਦੇ ਸਿਰ ਪੈ ਰਿਹਾ ਹੈ।
ਨੋਟ ਕਰਨ ਵਾਲਾ ਹੈ ਕਿ ਗਾਜ਼ਾ ਅਤੇ ਲਿਬਨਾਨ ਉੱਤੇ ਇਜ਼ਰਾਇਲੀ ਬੰਬਾਰੀ ਬਾਰੇ ਸੰਯੁਕਤ ਰਾਸ਼ਟਰ ਸਲਾਮਤੀ ਕੌਂਸਲ ਦੇ ਸਥਾਈ ਮੈਂਬਰ ਰੂਸ ਤੇ ਚੀਨ ਜ਼ਿਆਦਾ ਕੁਝ ਨਹੀਂ ਬੋਲ ਰਹੇ, ਨਾ ਹੀ ਇਨ੍ਹਾਂ ਇਰਾਨ ਦੇ ਕਰੀਬੀ ਹਮਾਸ ਨੇਤਾਵਾਂ ਦੀਆਂ ਹੱਤਿਆਵਾਂ ਬਾਰੇ ਜ਼ਿਆਦਾ ਕੁਝ ਕਿਹਾ ਹੈ। ਸਪੱਸ਼ਟ ਤੌਰ ’ਤੇ ਇਹ ਲੜਾਈ ਸਾਰੀਆਂ ਧਿਰਾਂ ਨੂੰ ਰਾਸ ਆ ਰਹੀ ਹੈ।
ਵਲਾਦੀਮੀਰ ਪੂਤਿਨ ਨੂੰ ਇਸ ਗੱਲ ਦੀ ਤਸੱਲੀ ਹੈ ਕਿ ਦੁਨੀਆ ਦਾ ਧਿਆਨ ਰੂਸ-ਯੂਕਰੇਨ ਦੀ ਜੰਗ ਤੋਂ ਭਟਕਿਆ ਹੋਇਆ ਹੈ। ਸ਼ੀ ਜਿਨਪਿੰਗ ਨੂੰ ਇਸ ਗੱਲ ਦਾ ਧਰਵਾਸ ਹੋਵੇਗਾ ਕਿ ਗਾਜ਼ਾ-ਲਿਬਨਾਨ ਨੇ ਸੰਸਾਰ ਦਾ ਧਿਆਨ ਦੱਖਣੀ ਚੀਨ ਸਾਗਰ ਤੋਂ ਹਟਾ ਕੇ ਕਿਸੇ ਹੋਰ ਪਾਸੇ ਕੇਂਦਰਿਤ ਕਰ ਦਿੱਤਾ ਹੈ; ਜਿੱਥੋਂ ਤੱਕ ਲੱਦਾਖ ਦਾ ਸਵਾਲ ਹੈ, ਪੇਈਚਿੰਗ ਅਸਲ ਕੰਟਰੋਲ ਰੇਖਾ ਦਾ ਪੁਰਾਣਾ ਦਰਜਾ ਬਹਾਲ ਕਰਨ ਲਈ ਭਾਰਤ ਨਾਲ ਗੱਲਬਾਤ ਕਰਨ ਦਾ ਬਿਲਕੁਲ ਇੱਛੁਕ ਨਹੀਂ ਜਾਪਦਾ।
ਇਨ੍ਹਾਂ ਹਾਲਾਤ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਚਾਰ ਮਹੀਨਿਆਂ ਵਿੱਚ ਦੂਜੀ ਵਾਰ ਰੂਸ ਜਾ ਰਹੇ ਹਨ- ਕਜ਼ਾਨ ਵਿੱਚ ਹੋਣ ਵਾਲੇ ਬਰਿਕਸ ਸੰਮੇਲਨ ਵਿੱਚ ਹਿੱਸਾ ਲੈਣ ਲਈ। ਸ਼ਾਇਦ ਅਮਰੀਕਾ ਇਸ ਨੂੰ ਤਿਰਛੀ ਨਜ਼ਰ ਨਾਲ ਦੇਖੇਗਾ; ਦਿੱਲੀ ਤੇ ਮਾਸਕੋ ਦੀ ਨੇੜਤਾ ’ਤੇ ਆਪਣੀ ਨਾਖੁਸ਼ੀ ਜ਼ਾਹਿਰ ਕਰਨ ਵਿੱਚ ਉਸ ਨੇ ਪਹਿਲਾਂ ਹੀ ਕੋਈ ਓਹਲਾ ਨਹੀਂ ਰੱਖਿਆ, ਖ਼ਾਸ ਤੌਰ ’ਤੇ ਪਿਛਲੇ ਦੋ ਸਾਲਾਂ ਵਿੱਚ ਭਾਰਤ ਨੂੰ ਰੂਸ ਤੋਂ ਮਿਲੇ ਸਸਤੇ ਤੇਲ ਦੇ ਮਾਮਲੇ ਉੱਤੇ। ਪਰ ਅਮਰੀਕਾ ਦੇ ਹਲਕੇ ਰਵੱਈਏ ਤੇ ਪੱਕੀਆਂ ਦੋਸਤੀਆਂ ਦੇ ਵਾਅਦੇ ਅਚਾਨਕ ਕਮਜ਼ੋਰ ਪੈਣ ਦੇ ਮੱਦੇਨਜ਼ਰ ਮੋਦੀ ਸ਼ਾਇਦ ਕਿਸੇ ਹੋਰ ਅਜਿਹੇ ਨੇਤਾ ਨਾਲ ਸਬੰਧ ਮਜ਼ਬੂਤ ਕਰਨਾ ਚਾਹੁਣਗੇ ਜੋ ਉਨ੍ਹਾਂ ਨੂੰ ਜ਼ਿਆਦਾ ਘਰੇਲੂ ਦਾਇਰੇ ਦੇ ਸਵਾਲ ਨਾ ਪੁੱਛੇ ਕਿ ਉਹ (ਮੋਦੀ) ਆਪਣੇ ਦੇਸ਼ ਵਿੱਚ ਅੱਜ ਕਲ੍ਹ ਕੀ ਕਰ ਰਹੇ ਹਨ।
ਕੁਝ ਕੁ ਕਹਿਣਗੇ ਕਿ ਵੱਖ-ਵੱਖ ਮੁਲਕਾਂ ਵੱਲੋਂ ਖੇਡੀਆਂ ਜਾਂਦੀਆਂ ਖੇਡਾਂ ਦਾ ਇੱਕ ਹੋਰ ਅਧਿਆਏ ਸ਼ੁਰੂ ਹੋ ਰਿਹਾ ਹੈ- ਉਹ ਜੋ ਕਈ ਵਾਰ ਚਾਲਾਕੀ ਤੇ ਕਈ ਵਾਰ ਮਜਬੂਰੀ ’ਚ ਖੇਡੀਆਂ ਜਾਂਦੀਆਂ ਹਨ।

Advertisement

*ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹਨ।

Advertisement
Advertisement