ਰਾਮਗੜ੍ਹੀਆ ਭਾਈਚਾਰੇ ਵੱਲੋਂ ਖੂਨਦਾਨ ਕੈਂਪ
ਨਿੱਜੀ ਪੱਤਰ ਪ੍ਰੇਰਕ
ਫ਼ਤਹਿਗੜ੍ਹ ਸਾਹਿਬ, 14 ਨਵੰਬਰ
ਰਾਮਗੜ੍ਹੀਆ ਭਾਈਚਾਰੇ ਵੱਲੋਂ ਪ੍ਰੋਫੈਸਰ ਕਲੋਨੀ ਸਰਹਿੰਦ ਵਿੱਚ ਵਿਸ਼ਵਕਰਮਾ ਪੂਜਾ ਕੀਤੀ ਗਈ ਅਤੇ ਖੂਨਦਾਨ ਕੈਂਪ ਵੀ ਲਗਾਇਆ ਗਿਆ। ਇਸ ਮੌਕੇ ਫ਼ਤਹਿਗੜ੍ਹ ਸਾਹਿਬ ਹਲਕੇ ਦੇ ਵਿਧਾਇਕ ਐਡ. ਲਖਵੀਰ ਸਿੰਘ ਰਾਏ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਉਨ੍ਹਾਂ ਕਿਹਾ ਕਿ ਰਾਮਗੜ੍ਹੀਆ ਭਾਈਚਾਰੇ ਦਾ ਇਹ ਉਪਰਾਲਾ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਅੱਜ ਪੱਛਮੀ ਸੱਭਿਆਚਾਰ ਸਾਡੇ ਬੱਚਿਆਂ ’ਤੇ ਭਾਰੂ ਹੋ ਰਿਹਾ ਹੈ। ਬੱਚੇ ਆਪਣੇ ਦੇਸ਼ ਨੂੰ ਛੱਡ ਕੇ ਵਿਦੇਸ਼ ਵੱਲ ਵੱਧ ਜਾ ਰਹੇ ਹਨ, ਜਿਸ ਕਾਰਨ ਆਪਣੇ ਬਜ਼ੁਰਗਾਂ ਦਾ ਸਤਿਕਾਰ ਅਤੇ ਸੰਸਕ੍ਰਿਤੀ ਤੋਂ ਅਸੀਂ ਦੂਰ ਹੁੰਦੇ ਜਾ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇ ਅਸੀਂ ਆਪਣਾ ਸੱਭਿਆਚਾਰ ਬਰਕਰਾਰ ਰੱਖਣਾ ਹੈ ਤਾਂ ਸਾਨੂੰ ਆਪਣੇ ਬੱਚਿਆਂ ਨੂੰ ਸੱਭਿਆਚਾਰ ਪ੍ਰਤੀ ਜਾਗਰੂਕ ਕਰਨਾ ਹੋਵੇਗਾ। ਉਨ੍ਹਾਂ ਵਿਸ਼ਵਕਰਮਾ ਦਿਵਸ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਆਪਣੇ ਰੀਤੀ ਰਿਵਾਜ ਅਤੇ ਸੱਭਿਆਚਾਰ ਤੋਂ ਆਪਣੇ ਬੱਚਿਆਂ ਨੂੰ ਜਾਣੂ ਕਰਵਾਉਣਾ ਚਾਹੀਦਾ ਹੈ। ਇਸ ਮੌਕੇ ਪ੍ਰਬੰਧਕਾਂ ਵੱਲੋਂ ਸ੍ਰੀ ਰਾਏ ਦਾ ਸਨਮਾਨ ਕੀਤਾ ਗਿਆ।
ਸਮਾਗਮ ਵਿਚ ਸੁਖਵਿੰਦਰ ਸਿੰਘ ਚਾਨੇ, ਅਸੀਸ ਅੱਤਰੀ, ਸਨੀ ਚੋਪੜਾ, ਅਸੀਸ ਸੂਦ, ਮੋਹਿਤ ਸੂਦ, ਪਵੇਲ ਹਾਂਡਾ, ਸਤੀਸ਼ ਲੁਟੌਰ, ਭੁਪਿੰਦਰ ਧੀਮਾਨ, ਸੁਰਿੰਦਰ ਚਾਨੇ, ਜਸਵਿੰਦਰ ਚਾਨੇ, ਜੈ ਦੇਵ ਸ਼ੁਕਲਾ, ਹਰਪ੍ਰੀਤ ਸਿੰਘ, ਅਨੰਦ ਮੋਹਨ, ਗੋਪਾਲ ਬਿੰਬਰਾ ਆਦਿ ਹਾਜ਼ਰ ਸਨ।