ਹਰਿਆਣਾ ਪੁਲੀਸ ਵੱਲੋਂ ਪੰਜਾਬ ਨੂੰ ਜਾਂਦੀਆਂ ਸੜਕਾਂ ’ਤੇ ਨਾਕਾਬੰਦੀ
ਗੁਰਦੀਪ ਸਿੰਘ ਭੱਟੀ
ਟੋਹਾਣਾ, 6 ਦਸੰਬਰ
ਹਰਿਆਣਾ-ਪੰਜਾਬ ਨੂੰ ਜੋੜਨ ਵਾਲੀਆਂ ਦੋ ਮੁੱਖ ਸੜਕਾਂ ਮੂਨਕ-ਟੋਹਾਣਾ ਅਤੇ ਜਾਖਲ-ਕੁਲਾਂ ਸੜਕ ਤੇ ਹਰਿਆਣਾ ਪੁਲੀਸ ਨੇ ਕੇਂਦਰੀ ਰਿਜ਼ਰਵ ਪੁਲੀਸ ਬਲ ਦੇ ਸਹਿਯੋਗ ਨਾਲ ਨਾਕਾਬੰਦੀ ਕਰਕੇ ਗਸ਼ਤ ਕੀਤੀ ਜਾ ਰਹੀ ਹੈ। ਸੀਮਾ ਤੇ ਪੈਂਦੇ ਪੰਜਾਬ ਦੇ ਪਿੰਡ ਰਾਮਪੁਰਾ-ਗਨੌਟਾ ਦਾ ਪੰਜਾਬ ਪੁਲੀਸ ਤੇ ਹਰਿਆਣਾ ਇਲਾਕੇ ਵਿੱਚ ਪੁਲੀਸ ਦੀ ਗੱਡੀਆਂ ਚਲਦੀਆਂ ਰਹਿਣ ਕਰਕੇ ਮਾਹੌਲ ਦਹਿਸ਼ਤ ਭਰਿਆ ਹੈ ਪਰ ਜ਼ਿਲ੍ਹੇ ਦੀਆਂ ਪੰਜਾਬ ਨੂੰ ਜੋੜਨ ਵਾਲੀਆਂ ਸੜਕਾਂ ਤੇ ਕਿਸਾਨਾਂ ਦੀ ਕੋਈ ਗਤੀਵਿਧੀ ਨਹੀਂ ਵੇਖੀ ਗਈ।
ਜਾਖਲ-ਕੁਲਾਂ ਸੜਕ ਤੇ ਭਾਖੜਾ ਪੁਲ ’ਤੇ ਪੁਲੀਸ ਨੇ ਮੋਰਚਾ ਲਾਇਆ ਹੈ। ਸੜਕ ਨਾਕਿਆਂ ’ਤੇ ਪੁਲੀਸ ਅਥਰੂ ਗੈਸ, ਵਾਟਰ ਕੈਨਨ, ਰੋਡ ਰੋਲਰ ਤੇ ਪੁਲੀਸ ਵੱਲੋ ਲਾਏ ਨਾਕੇ ਮਜਬੁਤ ਲੋਹੇ ਦੇ ਬੈਰੀਕੇਡ ਦੀ ਤਿੰਨ-ਤਿੰਨ ਲੇਅਰ ਬਣਾਈਆਂ ਜਾਣ ਤੇ ਕੇਵਲ 12 ਕੁ ਫੁੱਟ ਦਾ ਰਸਤਾ ਆਉਣ-ਜਾਣ ਲਈ ਖੁੱਲ੍ਹਾ ਰੱਖਿਆ ਗਿਆ ਹੈ। ਸੀਮਿੰਟ ਦੇ 5 ਫੁੱਟ ਉਚੇ ਸਲੈਬ ਲਾਏ ਗਏ ਹਨ। ਦੂਜੇ ਪਾਸੇ ਪੰਜਾਬ ਸੂਬੇ ਦੇ ਮੂਣਕ, ਬਰੇਟਾ, ਕੁਲਰੀਆਂ, ਬੋਹਾ, ਆਹਲੂਪੁਰ ਤੋਂ ਕਿਸਾਨਾਂ ਦੀ ਕੋਈ ਸਰਗਰਮੀ ਦਿਖਾਈ ਨਹੀਂ ਦਿੱਤੀ। ਹਾਲਾਂਕਿ ਹਰਿਆਣਾ ਦੀ ਕਿਸਾਨ ਜਥੇਬੰਦੀਆਂ ਪਗੜੀ ਸੰਭਾਲ ਜੱਟਾ, ਭਾਕਿਯੂ–ਉਗਰਾਹਾਂ, ਭਾਕਿਯੂ-ਨੈਨ ਗਰੁੱਪ ਤੇ ਸਥਾਨਕ ਕਿਸਾਨ ਜਥੇਬੰਦੀਆਂ ਦੇ ਬੁਲਾਰਿਆਂ ਨੇ ਕਿਹਾ ਹੈ ਕਿ ਉਨ੍ਹਾਂ ਦੀਆਂ ਅਗਲੀ ਕਾਰਵਾਈ ਲਈ ਮੀਟਿੰਗਾਂ ਚੱਲ ਰਹੀਆਂ ਹਨ। ਦਿੱਲੀ ਕੂਚ ਲਈ ਜਲਦੀ ਹੀ ਫੈਸਲਾ ਹੋਵੇਗਾ। ਕਿਸਾਨਾਂ ਨੂੰ ਰੋਕਣ ਲਈ ਪੁਲੀਸ ਦੇ ਪ੍ਰਬੰਧ ਪੁਖ਼ਤਾ ਨਜ਼ਰ ਆ ਰਹੇ ਹਨ।
ਘੱਗਰ ਦਰਿਆ ਦੇ ਪੁਲ ’ਤੇ ਜਲ ਤੋਪਾਂ ਤੇ ਹਾਈਡਰਾ ਮਸ਼ੀਨਾਂ ਤਾਇਨਾਤ
ਗੂਹਲਾ ਚੀਕਾ (ਰਾਮ ਕੁਮਾਰ ਮਿੱਤਲ):
ਕਿਸਾਨਾਂ ਦੇ ਦਿੱਲੀ ਕੂਚ ਦੇ ਮੱਦੇਨਜ਼ਰ ਕੈਥਲ ਜ਼ਿਲ੍ਹਾ ਪ੍ਰਸ਼ਾਸਨ ਨੇ ਗੂਹਲਾ ਚੀਕਾ ਦੇ ਟਟੀਆਣਾ ਸਰਹੱਦ ’ਤੇ ਸਥਿਤ ਘੱਗਰ ਦਰਿਆ ਦੇ ਪੁਲ ’ਤੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹਨ। ਪ੍ਰਸ਼ਾਸਨ ਨੇ ਜਿੱਥੇ ਸਰਹੱਦ ਤੋਂ ਲੰਘਦੇ ਘੱਗਰ ਦਰਿਆ ਦੇ ਪੁਲ ’ਤੇੇ ਕਿਸਾਨਾਂ ਨੂੰ ਰੋਕਣ ਲਈ ਪੁਲੀਸ ਮੁਲਾਜ਼ਮਾਂ ਦੀ ਇੱਕ ਕੰਪਨੀ ਤਾਇਨਾਤ ਕਰ ਦਿੱਤੀ ਹੈ। ਉੱਥੇ ਜਲ ਤੋਪਾਂ, ਅੱਥਰੂ ਗੈਸ ਦੀਆਂ ਗੋਲੀਆਂ ਚਲਾਉਣ ਵਾਲੀਆਂ ਗੱਡੀਆਂ ਤੇ ਹਾਈਡਰਾ ਮਸ਼ੀਨਾਂ ਵੀ ਸੜਕਾਂ ਤਾਇਨਾਤ ਹਨ| ਗੂਹਲਾ ਚੀਕਾ ਨੂੰ ਪੰਜਾਬ ਨਾਲ ਜੋੜਨ ਵਾਲੀ ਟਟਿਆਣਾ ਸਰਹੱਦ ’ਤੇ ਭਾਵੇਂ ਅਜੇ ਤੱਕ ਪੰਜਾਬ ਵਾਲੇ ਪਾਸੇ ਤੋਂ ਕਿਸਾਨਾਂ ਦਾ ਕੋਈ ਜਥਾ ਨਹੀਂ ਪੁੱਜਿਆ ਪਰ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਹੋਏ ਹਨ| ਹਾਲਾਂਕਿ ਸਰਹੱਦ ‘ਤੇ ਭਾਰੀ ਪੁਲੀਸ ਤਾਇਨਾਤੀ ਦੇ ਬਾਵਜੂਦ ਚੀਕਾ ਪਟਿਆਲਾ ਰੋਡ ‘ਤੇ ਵਾਹਨਾਂ ਦੀ ਆਵਾਜਾਈ ਪੂਰੀ ਤਰ੍ਹਾਂ ਆਮ ਵਾਂਗ ਹੈ। ਗੂਹਲਾ ਦੇ ਲੋਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਚੀਕਾ ਪਟਿਆਲਾ ਰੋਡ ਨੂੰ ਕਿਸੇ ਵੀ ਕੀਮਤ ‘ਤੇ ਬੰਦ ਨਾ ਕੀਤਾ ਜਾਵੇ। ਦੂਜੇ ਪਾਸੇ ਭਾਰਤੀ ਕਿਸਾਨ ਯੂਨੀਅਨ ਚੜੂਨੀ ਦੇ ਆਈਟੀ ਸੈੱਲ ਦੇ ਇੰਚਾਰਜ ਜਰਨੈਲ ਸਿੰਘ ਜੈਲੀ ਨੇ ਕਿਹਾ ਕਿ ਉਨ੍ਹਾਂ ਦੀ ਯੂਨੀਅਨ ਇਸ ਅੰਦੋਲਨ ਵਿੱਚ ਪੰਜਾਬ ਦੇ ਕਿਸਾਨਾਂ ਦਾ ਸਾਥ ਨਹੀਂ ਦੇ ਰਹੀ।