ਨੇਤਰਹੀਣ ਟੀ20 ਵਿਸ਼ਵ ਕੱਪ: ਸੀਏਬੀਆਈ ਵੱਲੋਂ 26 ਸੰਭਾਵੀ ਖਿਡਾਰੀਆਂ ਦਾ ਐਲਾਨ
ਬੰਗਲੂਰੂ, 12 ਅਕਤੂਬਰ
ਭਾਰਤੀ ਨੇੱਤਰਹੀਣ ਕ੍ਰਿਕਟ ਐਸੋਸੀਏਸ਼ਨ (ਸੀਏਬੀਆਈ) ਨੇ ਪਾਕਿਸਤਾਨ ਵਿੱਚ ਨਵੰਬਰ-ਦਸੰਬਰ ’ਚ ਹੋਣ ਵਾਲੇ ਟੀ20 ਵਿਸ਼ਵ ਕੱਪ ਤੋਂ ਪਹਿਲਾਂ ਨੈਸ਼ਨਲ ਕੈਂਪ ਲਈ 26 ਸੰਭਾਵੀ ਖਿਡਾਰੀਆਂ ਦੇ ਨਾਵਾਂ ਦਾ ਐਲਾਨ ਕੀਤਾ ਹੈ। ਖੇਡ ਮੰਤਰਾਲੇ ਅਤੇ ਭਾਰਤ ਸਰਕਾਰ ਤੋਂ ਐੱਨਓਸੀ ਮਿਲਣ ’ਤੇ ਹੀ ਭਾਰਤੀ ਟੀਮ ਪਾਕਿਸਤਾਨ ’ਚ ਇਹ ਟੂਰਨਾਮੈਂਟ ਖੇਡੇਗੀ। ਸੀਏਬੀਆਈ ਦੇ ਚੇਅਰਮੈਨ ਜੀ. ਮਹੰਤੇਸ਼ ਨੇ ਬਿਆਨ ਵਿੱਚ ਕਿਹਾ, ‘ਨੇੱਤਰਹੀਣ ਕ੍ਰਿਕਟਰਾਂ ਲਈ ਆਪਣਾ ਹੁਨਰ ਦਿਖਾਉਣ ਲਈ ਵਿਸ਼ਵ ਕੱਪ ਸਭ ਤੋਂ ਵੱਡਾ ਮੰਚ ਹੈ। ਪਾਕਿਸਤਾਨ ’ਚ ਵਿਸ਼ਵ ਕੱਪ ਖੇਡਣਾ ਅਤੇ ਆਪਣੇ ਦੇਸ਼ ਦੀ ਅਗਵਾਈ ਕਰਨਾ ਵੱਡਾ ਮੌਕਾ ਹੈ। ਵਿਸ਼ਵ ਕੱਪ ਜਿੱਤ ਨਾਲ ਸਾਨੂੰ ਨੇੱਤਰਹੀਣ ਕ੍ਰਿਕਟ ਨੂੰ ਹੁਲਾਰਾ ਦੇਣ ’ਚ ਮਦਦ ਮਿਲਦੀ ਹੈ ਅਤੇ ਖਿਡਾਰੀਆਂ ਨੂੰ ਐਵਾਰਡ ਅਤੇ ਪਛਾਣ ਵੀ। ਸਾਨੂੰ ਉਮੀਦ ਹੈ ਕਿ ਭਾਰਤ ਸਰਕਾਰ ਜਲਦੀ ਸਾਨੂੰ ਐੱਨਓਸੀ ਦੇਵੇਗੀ ਤਾਂ ਕਿ ਅਸੀਂ ਟੀਮ ਦੀ ਤਿਆਰੀ ਕਰਵਾ ਸਕੀਏ।’ -ਪੀਟੀਆਈ
ਟੀਮ ਦੇ ਸੰਭਾਵੀ ਖਿਡਾਰੀ
ਸੀਏਬੀਆਈ ਵੱਲੋਂ ਜਾਰੀ ਸੰਭਾਵੀ ਖਿਡਾਰੀਆਂ ਦੀ ਸੂਚੀ ਵਿੱਚ ਅਜੈ ਕੁਮਾਰ ਰੈੱਡੀ, ਦੇਬਰਾਜ ਬਹੇੜਾ, ਜੀਐੱਸ ਅਰਾਕੇਰੀ, ਮਹਾਰਾਜਾ ਸ਼ਿਵਸੁਬਰਾਮਨੀਅਨ, ਨਰੇਸ਼ਭਾਈ ਤੁਮਡਾ, ਨੀਲੇਸ਼ ਯਾਦਵ, ਸੰਜੈ ਕੁਮਾਰ ਸ਼ਾਹ, ਸ਼ੌਕਤ ਅਲੀ, ਪ੍ਰਵੀਨ ਕੁਮਾਰ ਸ਼ਰਮਾ, ਜਿਬਿਨ ਪ੍ਰਕਾਸ਼, ਵੈਂਕਟੇਸ਼ਵਰ ਰਾਓ ਦੁੰਨਾ, ਪੰਕਜ ਭੂਈ, ਲੋਕੇਸ਼, ਰਾਮਬੀਰ ਸਿੰਘ, ਨਕੁਲ ਬਡਨਾਇਕ, ਇਰਫਾਨ ਦੀਵਾਨ, ਸੋਨੂੰ ਸਿੰਘ ਰਾਵਤ, ਦੁਰਗਾ ਰਾਓ ਟੋਮਪਾਕੀ, ਸੁਨੀਲ ਰਮੇਸ਼, ਸੁਖਰਾਮ ਮਾਂਝੀ, ਰਵੀ ਅਮਿਤਿ, ਡੀ. ਗੋਪੂ, ਦਿਨੇਸ਼ਭਾਈ ਰਾਠਵਾ, ਘੇਵਰ ਰੇਬਾੜੀ, ਗੰਭੀਰ ਸਿੰਘ ਚੌਹਾਨ ਅਤੇ ਨਿਖਿਲ ਬਾਥੂਲਾ ਸ਼ਾਮਲ ਹਨ।