ਨਾਗਪੁਰ ਦੀ ਫੈਕਟਰੀ ’ਚ ਧਮਾਕਾ, ਨੌਂ ਹਲਾਕ
ਨਾਗਪੁਰ: ਮਹਾਰਾਸ਼ਟਰ ਦੇ ਨਾਗਪੁਰ ਜ਼ਿਲ੍ਹੇ ਵਿਚ ਵਿਸਫੋਟਕ ਬਣਾਉਣ ਵਾਲੀ ਫੈਕਟਰੀ ਵਿਚ ਹੋਏ ਧਮਾਕੇ ਵਿੱਚ ਨੌਂ ਵਿਅਕਤੀ ਮਾਰੇ ਗਏ ਤੇ ਤਿੰਨ ਹੋਰ ਗੰਭੀਰ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਛੇ ਮਹਿਲਾਵਾਂ ਵੀ ਸ਼ਾਮਲ ਹਨ। ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਅੱਜ ਸਵੇਰੇ 9 ਵਜੇ ਦੇ ਕਰੀਬ ਬਾਜ਼ਾਰਗਾਓਂ ਇਲਾਕੇ ਵਿਚ ਸੋਲਰ ਇੰਡਸਟਰੀਜ਼ ਦੇ ਕਾਸਟ ਬੂਸਟਰ ਯੂਨਿਟ ਵਿਚ ਧਮਾਕਾ ਹੋਇਆ ਜਿਸ ਵਿਚ ਨੌਂ ਵਿਅਕਤੀਆਂ ਦੀ ਜਾਨ ਜਾਂਦੀ ਰਹੀ। ਕੌਂਡਹਾਲੀ ਪੁਲੀਸ ਥਾਣੇ ਦੇ ਅਧਿਕਾਰੀ ਨੇ ਕਿਹਾ ਕਿ ਧਮਾਕੇ ਕਰਕੇ ਇਮਾਰਤ ਨੂੰ ਵੱਡਾ ਨੁਕਸਾਨ ਪੁੱਜਾ। ਅਧਿਕਾਰੀ ਮੁਤਾਬਕ ਧਮਾਕੇ ਵੇਲੇ ਯੂਨਿਟ ਵਿੱਚ 12 ਵਰਕਰ ਮੌਜੂਦ ਸਨ।
ਮਹਾਰਾਸ਼ਟਰ ਦੇ ਉਪ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਐਕਸ ’ਤੇ ਇਕ ਪੋਸਟ ਵਿੱਚ ਹਾਦਸੇ ਨੂੰ ਮੰਦਭਾਗਾ ਕਰਾਰ ਦਿੰਦਿਆਂ ਨੌਂ ਵਿਅਕਤੀਆਂ ਦੀ ਮੌਤ ’ਤੇ ਦੁੱਖ ਜਤਾਇਆ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਵੱਲੋਂ ਮ੍ਰਿਤਕਾਂ ਦੇ ਵਾਰਿਸਾਂ ਨੂੰ ਪੰਜ-ਪੰਜ ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ ਤੇ ਮੁੱਖ ਮੰਤਰੀ ਏਕਨਾਥ ਸ਼ਿੰਦੇ ਨੇ ਫੈਸਲੇ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਫੜਨਵੀਸ ਨੇ ਕਿਹਾ ਕਿ ਧਮਾਕੇ ਵਿਚ ਮਾਰੇ ਗਏ ਨੌਂ ਵਿਅਕਤੀਆਂ ਵਿਚੋਂ ਛੇ ਮਹਿਲਾਵਾਂ ਹਨ। ਉਨ੍ਹਾਂ ਕਿਹਾ ਕਿ ਸੋਲਰ ਇੰਡਸਟਰੀਜ਼ ਵੱਲੋਂ ਹਥਿਆਰਬੰਦ ਬਲਾਂ ਲਈ ਡਰੋਨਾਂ ਤੇ ਵਿਸਫੋਟਕਾਂ ਦਾ ਨਿਰਮਾਣ ਕੀਤਾ ਜਾਂਦਾ ਹੈ। ਫੜਨਵੀਸ ਨੇ ਕਿਹਾ, ‘‘ਮੈਂ ਨਾਗਪੁਰ ਕੁਲੈਕਟਰ ਤੇ ਐੱਸਪੀ ਦੇ ਸੰਪਰਕ ਵਿਚ ਹਾਂ। ਧਮਾਕੇ ਮਗਰੋਂ ਆਈਜੀ, ਐੈੱਸਪੀ ਤੇ ਕੁਲੈਕਟਰ ਮੌਕੇ ’ਤੇ ਪਹੁੰਚ ਗਏ ਸਨ।’’ ਉਧਰ ਸੋਲਰ ਇੰਡਸਟਰੀਜ਼ ਦੇ ਸੀਨੀਅਰ ਜਨਰਲ ਮੈਨੇਜਰ ਆਸ਼ੀਸ਼ ਸ੍ਰੀਵਾਸਤਵ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਮਾਕਾ ਉਸ ਇਮਾਰਤ ਵਿੱਚ ਹੋਇਆ ਜਿੱਥੇ ਕੋਲਾ ਖਾਣਾਂ ਵਿਚ ਵਰਤੇ ਜਾਂਦੇ ਬੂਸਟਰ ਤਿਆਰ ਹੁੰਦੇ ਹਨ। ਹਾਦਸੇ ਵਿਚ ਨੌਂ ਲੋਕ ਮਾਰੇ ਗਏ। ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਪੀਟੀਆਈ