For the best experience, open
https://m.punjabitribuneonline.com
on your mobile browser.
Advertisement

ਕਾਲੀਆਂ ਭੇਡਾਂ

06:00 AM Nov 24, 2024 IST
ਕਾਲੀਆਂ ਭੇਡਾਂ
Advertisement

Advertisement

ਪਰਮਜੀਤ ਢੀਂਗਰਾ

Advertisement

ਬਖਸ਼ੀ ਰਾਮ ਦਾ ਹੱਥ ਵਾਰ ਵਾਰ ਮੇਜ਼ ’ਤੇ ਪਈ ਘੰਟੀ ਵੱਲ ਚਲਾ ਜਾਂਦਾ ਤੇ ਕੰਬਦੀਆਂ ਉਂਗਲਾਂ ਨਾਲ ਉਹ ਘੰਟੀ ਦੱਬ ਦਿੰਦਾ। ਹੰਸਾ ਜਿਉਂ ਹੀ ਟਰਨ... ਟਰਨ... ਦੀ ਆਵਾਜ਼ ਸੁਣਦਾ ਦੌੜਦਾ ਹੋਇਆ ਆਉਂਦਾ, ‘‘ਜੀ, ਜਨਾਬ...’’
‘‘ਕੁਝ ਨਹੀਂ, ਜਾਹ ਪਾਣੀ ਦਾ ਗਲਾਸ ਲਿਆ।’’
ਉਹ ਚੁੱਪਚਾਪ ਪਾਣੀ ਦਾ ਗਲਾਸ ਮੇਜ਼ ’ਤੇ ਰੱਖ ਕੇ ਕੁਝ ਪਲ ਰੁਕਦਾ ਕਿ ਸ਼ਾਇਦ ਸਾਹਿਬ ਕੁਝ ਹੋਰ ਆਖੇ, ਪਰ ਬਖਸ਼ੀ ਰਾਮ ਨੂੰ ਤਰੇਲੀਆਂ ਆ ਰਹੀਆਂ ਸਨ। ਉਹ ਸਵੇਰ ਦਾ ਬੈਠਾ ਇੱਕ ਵੱਡੀ ਡਿਕਸ਼ਨਰੀ ਫੋਲ ਫੋਲ ਥੱਕ ਗਿਆ ਸੀ।
ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੀ ਸੋਚਿਆ ਕਿ ਇਹੋ ਜਿਹਾ ਭਾਣਾ ਵੀ ਵਾਪਰ ਸਕਦਾ ਹੈ। ਉਂਜ ਉਹ ਹਰ ਰੋਜ਼ ਇਹ ਸ਼ਬਦ ਸੁਣਦਾ ਵੀ ਆ ਰਿਹਾ ਸੀ ਤੇ ਵਰਤਦਾ ਵੀ। ਪਰ ਵੱਡੀ ਸਰਕਾਰ ਨੇ ਇਹ ਨਵੀਂ ਭਸੂੜੀ ਪਾ ਦਿੱਤੀ ਸੀ- ਅਖੇ, ਇਸ ਸ਼ਬਦ ਬਾਰੇ ਵਿਸਥਾਰ ਨਾਲ ਰਿਪੋਰਟ ਭੇਜੋ ਤਾਂ ਕਿ ਵੱਖ ਵੱਖ ਮਹਿਕਮਿਆਂ ਵਿੱਚ ਇਨ੍ਹਾਂ ਦੀ ਪਛਾਣ ਯਕੀਨੀ ਬਣਾਈ ਜਾ ਸਕੇ।
ਬਖਸ਼ੀ ਰਾਮ ਨੇ ਪੰਜਾਬੀ ਸਕੂਲ ਤੋਂ ਅੱਗੇ ਪੜ੍ਹੀ ਨਹੀਂ ਸੀ। ਬੀ.ਏ. ਅੰਗਰੇਜ਼ੀ ਵਿੱਚ ਕਰਕੇ ਉਹ ਭਲੇ ਵੇਲਿਆਂ ਵਿੱਚ ਬਾਬੂ ਲੱਗ ਗਿਆ ਸੀ। ਉਦੋਂ ਬਾਬੂ ਦਫਤਰਾਂ ਦੇ ਮਾਲਕ ਸਮਝੇ ਜਾਂਦੇ ਸਨ। ਉਨ੍ਹਾਂ ਦਾ ਰੁਤਬਾ ਸ਼ਹਿਦ ਦੇ ਛੱਤੇ ਦੀ ਰਾਣੀ ਮੱਖੀ ਵਰਗਾ ਹੁੰਦਾ ਸੀ, ਮਜਾਲ ਕੋਈ ਚੂੰ ਕਰ ਜਾਵੇ। ਲੋਕਾਂ ਨੂੰ ਵੀ ਪਤਾ ਹੁੰਦਾ ਸੀ ਕਿ ਜੇ ਕੰਮ ਕਰਾਉਣਾ ਹੈ ਤਾਂ ਬਾਬੂ ਦੀ ਖੁਸ਼ਾਮਦ ਦੇ ਨਾਲ ਨਾਲ ਚਾਂਦੀ ਦਾ ਪਹੀਆ ਵੀ ਜ਼ਰੂਰੀ ਹੈ। ਜੇ ਕੋਈ ਹਮਕੀ ਤੁਮਕੀ ਵਾਲਾ ਚਾਂਦੀ ਦੇ ਪਹੀਏ ਤੱਕ ਨਾ ਪਹੁੰਚਦਾ ਤਾਂ ਬਾਬੂ ਟਿੰਡ ਵਿੱਚ ਅਜਿਹਾ ਕਾਨਾ ਪਾਉਂਦਾ ਕਿ ਪਹੀਆ ਨਾ ਦੇਣ ਵਾਲਾ ਚਾਂਦੀ ਦੀ ਬੱਘੀ ਦੇਣ ਲਈ ਵੀ ਤਿਆਰ ਹੋ ਜਾਂਦਾ। ਇੰਜ ਹੀ ਪਹੀਆ ਪਹੀਆ ਜੋੜ ਕੇ ਉਹ ਅਫਸਰ ਦੀ ਪਦਵੀ ਤੱਕ ਜਾ ਪਹੁੰਚਿਆ ਸੀ।
ਜਦੋਂ ਦੀ ਨਵੀਂ ਹਕੂਮਤ ਆਈ ਸੀ ਬਖਸ਼ੀ ਰਾਮ ਕੋਲ ਚਾਂਦੀ ਦੇ ਪਹੀਏ ਘਟ ਗਏ ਸਨ, ਪਰ ਉਹ ਵੀ ਗੁਰੂ ਘੰਟਾਲ ਸੀ। ਉਹਨੇ ਬਾਬੂਗਿਰੀ ਵਿੱਚ ਹੁਣ ਤੱਕ ਮਾਸਟਰ ਦੀਆਂ ਕਈ ਡਿਗਰੀਆਂ ਚੁੱਪ-ਚੁਪੀਤੇ ਡੁੱਕ ਲਈਆਂ ਸਨ। ਕਈ ਨਵੇਂ ਨਵੇਂ ਬਣੇ ਬਾਬੂ ਉਹਨੂੰ ਗੁਰੂ ਧਾਰਨ ਨੂੰ ਫਿਰਦੇ ਸਨ। ਉਹ ਗੁਰੂ ਬਣਨ ਤੋਂ ਪਹਿਲਾਂ ਹੀ ਹਿੱਸਾ ਪੱਤੀ ਤੈਅ ਕਰ ਲੈਂਦਾ। ਇੰਜ ਉਹਨੂੰ ਬਹੁਤੀ ਸਿਰ-ਖਪਾਈ ਵੀ ਨਹੀਂ ਸੀ ਕਰਨੀ ਪੈਂਦੀ। ਦੂਜਾ, ਹੁਣ ਉਹ ਕਿਸੇ ਵੀ ਅਸਾਮੀ ਨਾਲ ਦਫ਼ਤਰ ਵਿੱਚ ਸੌਦਾ ਨਹੀਂ ਸੀ ਕਰਦਾ। ਪਹਿਲਾਂ ਚੰਗੀ ਤਰ੍ਹਾਂ ਪਰਖ ਕਰ ਲੈਂਦਾ ਸੀ ਕਿ ਬੰਦਾ ਕੋਈ ਸਰਕਾਰੀਆ ਤਾਂ ਨਹੀਂ। ਹੁਣ ਕਿਹੜਾ ਕਿਸੇ ਦੇ ਮੂੰਹ ’ਤੇ ਲਿਖਿਆ ਹੁੰਦਾ ਹੈ ਕਿ ਇਹ ਸਰਕਾਰੀਆ ਹੈ ਜਾਂ ਉਂਜ ਹੀ ਮੁਸੀਬਤ ਦਾ ਮਾਰਿਆ। ਇਹੋ ਜਿਹੇ ਬੰਦਿਆਂ ਦੀ ਪਛਾਣ ਲਈ ਉਹਨੇ ਆਪਣੀ ਤਰਕੀਬ ਘੜ ਲਈ ਸੀ। ਉਹ ਸਰਕਾਰ ਦੀ ਰੱਜ ਕੇ ਤਾਰੀਫ਼ ਕਰਦਾ। ਜੇ ਅੱਗੋਂ ਅਸਾਮੀ ਵੀ ਉਹਦੀ ਹਾਂ ਵਿੱਚ ਹਾਂ ਮਿਲਾਉਂਦੀ ਸਿਫ਼ਤਾਂ ਦੇ ਪੁਲ ਬੰਨ੍ਹਣ ਲੱਗ ਜਾਂਦੀ ਤਾਂ ਸਮਝੋ ਇਹ ਸਰਕਾਰੀ ਤੋਤਾ ਹੈ। ਇਹਦੇ ਤੋਂ ਹੁਸ਼ਿਆਰ ਰਹਿਣ ਦੀ ਲੋੜ ਹੈ।
ਜੇ ਕਿਤੇ ਅਸਾਮੀ ਅੱਗੋਂ ਚਾਰੇ ਖੁਰ ਚੁੱਕ ਕੇ ਸਰਕਾਰ ਨੂੰ ਪੈ ਨਿਕਲੇ ਤੇ ਚੋਣਾਂ ਵਿੱਚ ਕੀਤੇ ਵਾਅਦਿਆਂ ਦੇ ਪੋਤੜੇ ਫੋਲਣ ਲੱਗ ਜਾਵੇ ਤਾਂ ਸਮਝੋ ਕਿ ਝੋਟਾ ਚੋਇਆ ਜਾ ਸਕਦਾ ਹੈ। ਇਹੋ ਜਿਹੀਆਂ ਅਸਾਮੀਆਂ ਨੂੰ ਬਖਸ਼ੀ ਰਾਮ ਹੋਰ ਉਕਸਾਉਂਦਾ ਤੇ ਨਾਲ ਨਾਲ ਕਹਿੰਦਾ, ‘‘ਭਾਈ ਸਾਡਾ ਕੀ ਕਸੂਰ, ਆਵਾ ਹੀ ਊਤਿਆ ਪਿਐ। ਅਸੀਂ ਤਾਂ ਚਾਹੁੰਦੇ ਆਂ ਕਿ ਕਿਸੇ ਦੀ ਖੱਜਲ ਖੁਆਰੀ ਨਾ ਹੋਵੇ, ਹਰ ਇੱਕ ਦਾ ਕੰਮ ਬਿਨਾਂ ਪੈਸੇ ਤੋਂ ਹੋਵੇ, ਪਰ ਕੀ ਕਰੀਏ ਉਪਰਲੇ ਸਾਡੀ ਜਾਨ ਖਾ ਜਾਂਦੇ ਨੇ। ਜੇ ਇੱਕ ਮਹੀਨਾ ਵੀ ਭੱਤਾ ਲੇਟ ਹੋ ਜਾਵੇ ਤਾਂ ਉਨ੍ਹਾਂ ਦਾ ਇੱਕੋ ਤਾਹਨਾ ਹੁੰਦਾ ਏ- ‘ਲੱਗਦੈ ਸੀਟ ਚੂੰਢੀਆਂ ਵੱਢਦੀ ਐ। ਜਲਦੀ ਜੈਤੋ ਮਿਲੂਗੀ ਢਿਚਕੂੰ ਢਿੰਚਕੂ ਕਰਦੀ ਕੁਰਸੀ। ਸਾਰਾ ਦਿਨ ਮੂੰਹ ਤੋਂ ਬਰਸਾਤੀ ਮੱਖੀ ਨਹੀਂ ਉੱਡਣੀ।’
ਉਹ ਅਸਾਮੀ ਵੱਲ ਨਿਗ੍ਹਾ ਮਾਰਦਾ। ਅਸਾਮੀ ਅੱਗੋਂ ਉਹਨੂੰ ਤਾੜ ਰਹੀ ਹੁੰਦੀ ਕਿ ਹੁਣ ਭਾਅ ਕੀ ਲੱਗੇਗਾ, ਮੋਲ ਤੋਲ ਦੀ ਕੋਈ ਗੁੰਜਾਇਸ਼ ਹੈ ਜਾਂ ਨਹੀਂ। ਹਾਲਾਂਕਿ ਬਖਸ਼ੀ ਰਾਮ ਨੇ ਪਹਿਲਾਂ ਹੀ ਏਜੰਟ ਰੱਖੇ ਹੋਏ ਸਨ ਤੇ ਉਹ ਚੰਗੀ ਤਰ੍ਹਾਂ ਸਮਝਾ ਦਿੰਦੇ ਸਨ ਕਿ ਕਿੰਨਾ ਕੁ ਭਾਰ ਪਾਉਣਾ ਪਏਗਾ ਤੇ ਫਾਈਲ ਝੱਟ ਅਫ਼ਸਰ ਕੋਲੋਂ ਘੁੱਗੀ ਮਰਵਾ ਕੇ ਚੰਡੀਗੜ੍ਹ ਵੱਲ ਉੱਡਣ ਲੱਗ ਜਾਵੇਗੀ। ਇਸ ਉਡਾਣ ਵਿੱਚ ਏਜੰਟ ਆਪਣਾ ਹਿੱਸਾ ਪਹਿਲਾਂ ਹੀ ਬਰੈਕਟ ਲਾ ਕੇ ਰਾਖਵਾਂ ਕਰ ਲੈਂਦੇ।
ਜੇ ਕਿਸੇ ਅਸਾਮੀ ਨੂੰ ਜ਼ਿਆਦਾ ਕਾਹਲੀ ਹੁੰਦੀ ਤੇ ਚੰਡੀਗੜ੍ਹ ਫਾਈਲ ਦਾ ਪਤਾ-ਟਿਕਾਣਾ ਲੱਭਣਾ ਹੁੰਦਾ ਤਾਂ ਇਹਦੇ ਲਈ ਡੀਲ ਹੁੰਦੀ ਤੇ ਉਪਰ ਤੱਕ ਦਾ ਹਿੱਸਾ ਇਸ ਵਿੱਚ ਸ਼ਾਮਲ ਕਰਕੇ ਗੰਢ ਬੰਨ੍ਹ ਦਿੱਤੀ ਜਾਂਦੀ। ਪਰ ਉਪਰ ਕੰਮ ਕਰਾਉਣ ਦੀ ਗਾਰੰਟੀ ਬਿਲਕੁਲ ਨਾ ਲਈ ਜਾਂਦੀ ਕਿਉਂਕਿ ਉਪਰਲਿਆਂ ਦਾ ਆਪਣਾ ਨੈੱਟਵਰਕ ਤੇ ਏਜੰਟ ਸਨ। ਉਨ੍ਹਾਂ ਦੇ ਭਾਰ ਵੀ ਵੱਖਰੇ ਸਨ।
ਬਖਸ਼ੀ ਰਾਮ ਖ਼ਿਆਲਾਂ ਵਿੱਚ ਗੋਤੇ ਲਾਉਂਦਾ, ਕਦੇ ਡੁੱਬਦਾ ਕਦੇ ਤੈਰਦਾ ਘੰਟੀ ਉੱਤੋਂ ਹੱਥ ਚੁੱਕ ਹੀ ਨਹੀਂ ਸੀ ਰਿਹਾ। ਹੰਸ ਰਾਜ ਉਡੀਕ ਵਿੱਚ ਖੜ੍ਹਾ ਸੀ ਕਿ ਫਾਇਰ ਬ੍ਰਿਗੇਡ ਦੀ ਘੰਟੀ ਬੰਦ ਹੋਵੇ ਤਾਂ ਉਹ ਸਾਹਿਬ ਨੂੰ ਪੁੱਛੇ ਕਿ ਕੀ ਹੁਕਮ ਐ, ਜਨਾਬ। ਪਰ ਸਾਹਿਬ ਤਾਂ ਜਿਵੇਂ ਡੌਰ ਭੌਰ ਹੋਇਆ ਡਿਕਸ਼ਨਰੀ ਫੋਲੀ ਜਾ ਰਿਹਾ ਸੀ, ਜਿਵੇਂ ਉਹਦੇ ’ਚ ਕੋਈ ਅਸਾਮੀ ਗੁਆਚ ਗਈ ਹੋਵੇ।
ਸਾਰੀ ਰਾਤ ਉਹਨੂੰ ਨੀਂਦ ਨਹੀਂ ਸੀ ਆਈ। ਜਦੋਂ ਉਹ ਭੇਡ ਬਾਰੇ ਸੋਚਦਾ ਤਾਂ ਸਮਝ ਨਹੀਂ ਸੀ ਆ ਰਹੀ ਕਿ ਉਹਨੇ ਕਾਲੀ ਭੇਡ ਤਾਂ ਕਦੇ ਸਕੂਲ ਦੀ ਕਿਤਾਬ ਵਿੱਚ ਵੀ ਨਹੀਂ ਸੀ ਦੇਖੀ, ਜਿੱਥੇ ਅਕਸਰ ‘ਭ’ ਭੇਡ ਰਟਾਈ ਜਾਂਦੀ। ਕਦੇ ਕਦੇ ਉਹ ਸੋਚਦਾ ਕਿ ‘ਭ’ ਸਿਰਫ਼ ਭੇਡ ਲਈ ਹੀ ਕਿਉਂ ਰਾਖਵਾਂ ਹੈ। ਇਹ ਹੋਰ ਕੋਈ ਕਿਉਂ ਨਹੀਂ ਹੋ ਸਕਦਾ, ਮਸਲਨ ਭੇਡੂ, ਮੱਛਰ ਦੀ ਭੀਂ ਭੀਂ, ਭੁੱਜਿਆ ਹੋਇਆ ਬਤਾਊਂ, ਭੇਜਾ। ਉਹਨੂੰ ਲੱਗਦਾ ਭੇਡ ਹੀ ਠੀਕ ਹੈ। ਹਾਲਾਂਕਿ ਉਹਨੇ ਕਦੇ ਭੇਡ ਨੂੰ ਹੱਥ ਲਾ ਕੇ ਨਹੀਂ ਸੀ ਦੇਖਿਆ। ਸ਼ਹਿਰਾਂ ਵਿੱਚ ਭੇਡਾਂ ਹੁੰਦੀਆਂ ਹੀ ਨਹੀਂ।
ਵੱਡੀ ਸਰਕਾਰ ਨੇ ਕਾਲੀਆਂ ਭੇਡਾਂ ਦਾ ਇਹ ਨਵਾਂ ਹੀ ਰੱਫੜ ਪਾ ਦਿੱਤਾ ਸੀ। ਹਾਲਾਂਕਿ ਉਹਨੇ ਕਾਲੀ ਕਮਾਈ, ਕਾਲੀਆਂ ਇੱਟਾਂ, ਕਾਲੇ ਰੋੜ, ਕਾਲੀ ਨਾਗਣੀ, ਕਾਲੀ ਗੁੱਤ, ਕਾਲੀਆਂ ਅੱਖਾਂ, ਕਾਲੇ ਹਬਸ਼ੀ, ਕਾਲੀ ਬੱਦਲੀ, ਕਾਲੀ ਦੀਵਾਲੀ ਤੇ ਇੱਥੋਂ ਤੱਕ ਦਾਲ ਵਿੱਚ ਕਾਲਾ ਤੇ ਕੋਲਿਆਂ ਦੀ ਦਲਾਲੀ ਵਿੱਚ ਮੂੰਹ ਕਾਲੇ ਬਾਰੇ ਵੀ ਅਕਸਰ ਸੁਣਿਆ ਸੀ, ਪਰ ਕਾਲੀਆਂ ਭੇਡਾਂ ਬਾਰੇ ਉਹਦਾ ਗਿਆਨ ਸਿਫ਼ਰ ਬਰਾਬਰ ਸੀ।
ਹੁਣ ਤਤਕਾਲ ਮੰਗੀ ਜਾਣਕਾਰੀ ਅਨੁਸਾਰ ਕਾਲੀਆਂ ਭੇਡਾਂ ਦੀ ਰਿਪੋਰਟ ਤਿਆਰ ਕਰਕੇ ਉੱਪਰ ਭੇਜਣੀ ਸੀ। ਜਿੰਨੀ ਸਿਰ ਖਪਾਈ ਉਹਨੇ ਕਰਨੀ ਸੀ ਕਰ ਲਈ। ਕਈ ਕੋਸ਼ ਫੋਲ ਲਏ, ਕਈ ਮਹਿਕਮਿਆਂ ਤੋਂ ਪਤਾ ਲਾਉਣ ਦੀ ਕੋਸ਼ਿਸ਼ ਕੀਤੀ ਕਿ ਉਨ੍ਹਾਂ ਦੇ ਮਹਿਕਮੇ ਵਿੱਚ ਕਾਲੀਆਂ ਭੇਡਾਂ ਹਨ, ਜੇ ਹਨ ਤਾਂ ਕਿੰਨੀਆਂ। ਪਰ ਕਿਤਿਓਂ ਵੀ ਕੋਈ ਸੁਰਾਗ਼ ਨਹੀਂ ਸੀ ਲੱਭ ਰਿਹਾ। ਕਦੇ ਉਹਨੂੰ ਲੱਗਦਾ ਕਿਸੇ ਨੇ ਕੋਈ ਸ਼ਰਾਰਤ ਹੀ ਨਾ ਕੀਤੀ ਹੋਵੇ, ਪਰ ਵੱਡੇ ਦਫ਼ਤਰ ਦਾ ਨੰਬਰ ਤੇ ਲੱਗੀ ਮੋਹਰ ਦੇਖ ਕੇ ਉਹਨੂੰ ਯਕੀਨ ਹੋ ਗਿਆ ਕਿ ਇਹ ਕਾਲੀਆਂ ਭੇਡਾਂ ਦਾ ਮਸਲਾ ਖ਼ਾਸਾ ਵੱਡਾ ਤੇ ਅਹਿਮ ਹੈ। ਇਸੇ ਕਰਕੇ ਤੁਰੰਤ ਰਿਪੋਰਟ ਮੰਗੀ ਗਈ ਹੈ, ਤਾਂ ਜੋ ਇਨ੍ਹਾਂ ਦੀ ਪਛਾਣ ਕਰਕੇ ਉਚਿਤ ਕਾਰਵਾਈ ਕੀਤੀ ਜਾ ਸਕੇ।
ਅਖੀਰ ਉਹਨੇ ਪਿਛਲਾ ਰਿਕਾਰਡ ਵੀ ਤਾੜ ਲਿਆ ਕਿ ਜਿੰਨੀ ਭਰਤੀ ਹੋਈ ਸੀ ਉਹਦੇ ਵਿੱਚ ਕੋਈ ਕਾਲੀ ਭੇਡ ਤਾਂ ਨਹੀਂ? ਪਰ ਸਾਰੇ ਰਿਕਾਰਡ ਵਿੱਚ ਇਹਦੇ ਨਾਲ ਸੰਬੰਧਤ ਕੋਈ ਖਾਨਾ ਨਹੀਂ ਸੀ। ਉਹਨੇ ਸਰਕਾਰੀ ਮੈਨੂਅਲ ਦੀ ਵੀ ਫੋਲਾਫਾਲੀ ਕੀਤੀ, ਪਰ ਕਾਲੀਆਂ ਭੇਡਾਂ ਸ਼ਬਦ ਬਾਰੇ ਕੁਝ ਵੀ ਸਪੱਸ਼ਟ ਨਹੀਂ ਸੀ। ਅਖੀਰ ਉਹਨੇ ਫ਼ੈਸਲਾ ਕਰ ਲਿਆ ਕਿ ਉਹ ਰਿਪੋਰਟ ਨਿੱਲ ਕਰਕੇ ਭੇਜ ਦੇਵੇਗਾ ਕਿ ਇੱਥੇ ਕੋਈ ਕਾਲੀ ਭੇਡ ਨਹੀਂ, ਬਸ ਟੰਟਾ ਖ਼ਤਮ।
ਉਹਨੇ ਘੰਟੀ ਮਾਰੀ ਤੇ ਹੰਸ ਰਾਜ ਨੂੰ ਚਾਹ ਲਿਆਉਣ ਲਈ ਕਿਹਾ। ਟੌਇਲਟ ਵਿੱਚ ਜਾ ਕੇ ਹੌਲਾ ਹੋ ਕੇ ਉਹਨੇ ਮੂੰਹ ਧੋਤਾ ਤੇ ਸ਼ੀਸ਼ੇ ਸਾਹਮਣੇ ਖਲੋ ਕੇ ਵਾਲ ਵਾਹੁਣ ਹੀ ਲੱਗਾ ਸੀ ਕਿ ਇਕਦਮ ਉਹਦੀ ਚੀਕ ਨਿਕਲਦੀ ਗਲੇ ਵਿੱਚ ਫਸ ਗਈ। ਸ਼ੀਸ਼ੇ ਵਿੱਚ ਕਾਲੀ ਭੇਡ ਜੀਭ ਕੱਢੀ ਉਹਨੂੰ ਅੱਖਾਂ ਕੱਢ ਰਹੀ ਸੀ। ਸ਼ੀਸ਼ੇ ਤੋਂ ਪਰ੍ਹਾਂ ਹੋ ਕੇ ਉਹ ਸੋਚਣ ਲੱਗਾ ਕਿ ਇਹਦਾ ਮਤਲਬ ਹੈ, ਦਫ਼ਤਰ ਵਿੱਚ ਕਾਲੀ ਭੇਡ ਹੈ ਜ਼ਰੂਰ। ਉਹਨੇ ਇੱਕ ਵਾਰ ਫਿਰ ਸ਼ੀਸ਼ੇ ਵਿੱਚ ਦੇਖਣ ਦਾ ਜੇਰਾ ਕੀਤਾ, ਪਰ ਭੇਡ ਟੱਸ ਤੋਂ ਮੱਸ ਨਹੀਂ ਸੀ ਹੋਈ ਸਗੋਂ ਉਹਦਾ ਰੰਗ ਹੋਰ ਕਾਲਾ ਸ਼ਾਹ ਹੋ ਗਿਆ ਸੀ।
ਉਹਨੇ ਕੁਰਸੀ ’ਤੇ ਆਕੜ ਭੰਨਦਿਆਂ ਸਟੈਨੋ ਨੂੰ ਨੋਟਿਸ ਲਿਖਵਾਇਆ ਕਿ ਸਵੇਰੇ ਹਾਜ਼ਰੀ ਤੋਂ ਬਾਅਦ ਸਾਰੇ ਕਰਮਚਾਰੀ ਵੱਡੇ ਦਫ਼ਤਰ ਵਿੱਚ ਇਕੱਠੇ ਹੋ ਕੇ ਸ਼ੀਸ਼ੇ ਵਿੱਚ ਆਪੋ ਆਪਣੀ ਸ਼ਕਲ ਦੇਖਣਗੇ ਤਾਂ ਕਿ ਕਾਲੀਆਂ ਭੇਡਾਂ ਦੀ ਪਛਾਣ ਕੀਤੀ ਜਾ ਸਕੇ। ਕੱਲ੍ਹ ਕਿਸੇ ਨੂੰ ਛੁੱਟੀ ਨਹੀਂ ਮਿਲੇਗੀ। ਇਸ ਨੋਟਿਸ ਨੂੰ ਅਤਿ ਜ਼ਰੂਰੀ ਸਮਝਿਆ ਜਾਵੇ। ਗ਼ੈਰਹਾਜ਼ਰ ਕਰਮਚਾਰੀ ਖ਼ਿਲਾਫ਼ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ।
ਬਾ ਹੁਕਮ....
ਸੰਪਰਕ: 94173-58120

Advertisement
Author Image

Advertisement