ਬੀਕੇਯੂ (ਉਗਰਾਹਾਂ) ਵੱਲੋਂ ਪੱਕੇ ਮੋਰਚੇ ਦੀ ਤਿਆਰੀ ਲਈ ਮੀਟਿੰਗ
ਪੱਤਰ ਪ੍ਰੇਰਕ
ਭਗਤਾ ਭਾਈ, 1 ਜਨਵਰੀ
ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਪੰਜਾਬ ਭਰ ਵਿੱਚ ਜ਼ਿਲ੍ਹਾ ਹੈੱਡਕੁਆਰਟਰਾਂ ਉੱਤੇ ਲਾਏ ਜਾ ਰਹੇ ਪੱਕੇ ਮੋਰਚੇ ਦੀ ਤਿਆਰੀਆਂ ਲਈ ਬਲਾਕ ਭਗਤਾ ਭਾਈ ਨਾਲ ਸਬੰਧਤ ਅਹੁਦੇਦਾਰਾਂ ਦੀ ਮੀਟਿੰਗ ਪਿੰਡ ਕੋਠਾ ਗੁਰੂ ਵਿੱਚ ਹੋਈ। ਜਥੇਬੰਦੀ ਦੇ ਜ਼ਿਲ੍ਹਾ ਮੀਤ ਪ੍ਰਧਾਨ ਬਸੰਤ ਸਿੰਘ ਕੋਠਾ ਗੁਰੂ ਨੇ ਕਿਹਾ ਕਿ ਜਥੇਬੰਦੀ ਕੇਂਦਰ ਤੇ ਸੂਬਾ ਸਰਕਾਰ ਖ਼ਿਲਾਫ ਕਿਸਾਨੀ ਮੰਗਾਂ ਮਨਵਾਉਣ ਲਈ ਫਿਰ ਸ਼ਾਂਤਮਈ ਅੰਦੋਲਨ ਸ਼ੁਰੂ ਕਰਨ ਜਾ ਰਹੀ ਹੈ। ਜਿਸ ਤਹਿਤ ਜਥੇਬੰਦੀ ਵੱਲੋਂ ਸਰਕਾਰ ਖਿਲਾਫ਼ 22 ਤੋਂ 26 ਜਨਵਰੀ ਤੱਕ ਡੀਸੀ ਦਫ਼ਤਰਾਂ ਅੱਗੇ ਦਿਨ/ਰਾਤ ਦੇ ਪੱਕੇ ਮੋਰਚੇ ਲਾਏ ਜਾ ਰਹੇ ਹਨ। ਆਖ਼ਰੀ ਦਿਨ 26 ਜਨਵਰੀ ਨੂੰ ਟਰੈਕਟਰ ਮਾਰਚ ਕੀਤੇ ਜਾਣਗੇ। ਫਰਵਰੀ ਵਿੱਚ ਚੰਡੀਗੜ੍ਹ ’ਚ ਇੱਕ ਹਫ਼ਤੇ ਦਾ ਪੱਕਾ ਮੋਰਚਾ ਲਗਾਇਆ ਜਾਵੇਗਾ, ਜਿਸ ਉਪਰੰਤ ਦਿੱਲੀ ਵੱਲ ਕੂਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਨ੍ਹਾਂ ਪ੍ਰੋਗਰਾਮਾਂ ਦੀ ਤਿਆਰੀ ਲਈ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਮੀਟਿੰਗ ਨੂੰ ਜਸਪਾਲ ਪਾਲਾ, ਅਵਤਾਰ ਸਿੰਘ ਭਗਤਾ, ਰਣਧੀਰ ਮਲੂਕਾ, ਇੰਦਰਜੀਤ ਸਿਰੀਏਵਾਲਾ, ਲਛਮਣ ਬੁਰਜ ਲੱਧਾ, ਸੁਖਦੇਵ ਸਿੰਘ ਜਲਾਲ, ਨਛੱਤਰ ਸਿੰਘ ਆਕਲੀਆ, ਮੱਖਣ ਸਿੰਘ ਗੁਰੂਸਰ, ਮਾਲਣ ਕੌਰ, ਚਰਨਜੀਤ ਕੌਰ ਤੇ ਗੁਰਮੇਲ ਕੌਰ ਨੇ ਸੰਬੋਧਨ ਕੀਤਾ।