BJP's foundation day ਭਾਜਪਾ ਦੇ ਸੁਸ਼ਾਸਨ ਦੇ ਏਜੰਡੇ ਨੂੰ ਦੇਖ ਰਹੇ ਹਨ ਲੋਕ, ਇਤਿਹਾਸਕ ਲੋਕ ਫ਼ਤਵੇ ’ਚੋਂ ਦਿਸਦੀ ਹੈ ਝਲਕ: ਮੋਦੀ
ਨਵੀਂ ਦਿੱਲੀ, 6 ਅਪਰੈਲ
BJP's foundation day ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਐਤਵਾਰ ਨੂੰ ਭਾਜਪਾ ਦੇ ਸਥਾਪਨਾ ਦਿਹਾੜੇ ਮੌਕੇ ਕਿਹਾ ਕਿ ਲੋਕ ਪਾਰਟੀ ਦੇ ਸੁਸ਼ਾਸਨ ਦੇ ਏਜੰਡੇ ਨੂੰ ਦੇਖ ਰਹੇ ਹਨ ਤੇ ਇਸ ਦੀ ਝਲਕ ਪਿਛਲੇ ਸਾਲਾਂ ਵਿਚ ਪਾਰਟੀ ਨੂੰ ਮਿਲੇ ਇਤਿਹਾਸਕ ਲੋਕ ਫ਼ਤਵੇ ਵਿਚੋਂ ਸਪਸ਼ਟ ਨਜ਼ਰ ਆਉਂਦੀ ਹੈ।
ਸ੍ਰੀ ਮੋਦੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਭਾਜਪਾ ਦੇ ਸਥਾਪਨਾ ਦਿਵਸ ਉੱਤੇ ਪਾਰਟੀ ਦੇ ਸਾਰੇ ਵਰਕਰਾਂ ਨੂੰ ਵਧਾਈ। ਅਸੀਂ ਉਨ੍ਹਾਂ ਸਾਰਿਆਂ ਨੂੰ ਯਾਦ ਕਰਦੇ ਹਾਂ ਜਿਨ੍ਹਾਂ ਪਿਛਲੇ ਕਈ ਦਹਾਕਿਆਂ ਵਿਚ ਸਾਡੀ ਪਾਰਟੀ ਨੂੰ ਮਜ਼ਬੂਤ ਬਣਾਉਣ ਲਈ ਖ਼ੁਦ ਨੂੰ ਸਮਰਪਿਤ ਕੀਤਾ ਹੈ।’’
ਪ੍ਰਧਾਨ ਮੰਤਰੀ ਨੇ ਕਿਹਾ ਕਿ ਇਹ ਅਹਿਮ ਦਿਨ ਸਾਨੂੰ ਭਾਰਤ ਦੀ ਤਰੱਕੀ ਲਈ ਕੰਮ ਕਰਨ ਅਤੇ ਵਿਕਸਤ ਭਾਰਤ ਦੇ ਸੁਪਨੇ ਨੂੰ ਸਾਕਾਰ ਕਰਨ ਦੀ ਸਾਡੀ ਬੇਮਿਸਾਲ ਪ੍ਰਤੀਬੱਧਤਾ ਦੇ ਦੁਹਰਾਅ ਲਈ ਪ੍ਰੇਰਦਾ ਹੈ। ਸ੍ਰੀ ਮੋਦੀ ਨੇ ਕਿਹਾ, ‘‘ਭਾਰਤ ਦੇ ਲੋਕ ਸਾਡੀ ਪਾਰਟੀ ਦੇ ਸੁਸ਼ਾਸਨ ਏਜੰਡੇ ਨੂੰ ਦੇਖ ਰਹੇ ਹਨ, ਜੋ ਪਿਛਲੇ ਸਾਲਾਂ ਦੀਆਂ ਚੋਣਾਂ ਵਿਚ ਸਾਨੂੰ ਮਿਲੇ ਇਤਿਹਾਸਕ ਲੋਕ ਫ਼ਤਵੇ ਨੂੰ ਦਰਸਾਉਂਦੇ ਹਨ। ਫਿਰ ਚਾਹੇ ਉਹ ਲੋਕ ਸਭਾ ਚੋਣਾਂ ਹੋਣ, ਵੱਖ ਵੱਖ ਰਾਜਾਂ ਦੀਆਂ ਵਿਧਾਨ ਸਭਾ ਚੋਣਾਂ ਹੋਣ ਜਾਂ ਦੇਸ਼ ਭਰ ਵਿਚ ਵੱਖ ਵੱਖ ਨਿਗਮ ਚੋਣਾਂ ਹੋਣ।’’
ਉਨ੍ਹਾਂ ਕਿਹਾ, ‘‘ਸਾਡੀਆਂ ਸਰਕਾਰਾਂ ਸਮਾਜ ਸੇਵਾ ਕਰਦੀਆਂ ਰਹਿਣਗੀਆਂ ਤੇ ਸਰਬਪੱਖੀ ਵਿਕਾਸ ਯਕੀਨੀ ਬਣਾਉਣਗੀਆਂ। ਸਾਡੀ ਪਾਰਟੀ ਦੀ ਰੀੜ੍ਹ ਦੀ ਹੱਡੀ, ਸਾਡੇ ਸਾਰੇ ਮਿਹਨਤੀ ਵਰਕਰਾਂ ਨੂੰ ਮੇਰੇ ਵੱਲੋਂ ਸ਼ੁਭ ਕਾਮਨਾਵਾਂ। ਉਹ ਜ਼ਮੀਨੀ ਪੱਧਰ ’ਤੇ ਸਰਗਰਮੀ ਨਾਲ ਕੰਮ ਕਰ ਰਹੇ ਹਨ ਤੇ ਸਾਡੇ ਸੁਸ਼ਾਸਨ ਦੇ ਏਜੰਡੇ ਨੂੰ ਅੱਗੇ ਵਧਾ ਰਹੇ ਹਨ।’’ -ਪੀਟੀਆਈ