ਅਕਾਲੀ ਦਲ ਦੇ ਚੋਣਾਂ ਦੇ ਬਾਈਕਾਟ ਪਿੱਛੇ ਭਾਜਪਾ ਦੀ ਵੱਡੀ ਸਾਜਿਸ਼: ਬਾਜਵਾ
ਮਹਿੰਦਰ ਸਿੰਘ ਰੱਤੀਆਂ
ਮੋਗਾ, 24 ਅਕਤੂਬਰ
ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਅੱਜ ਮੋਗਾ, ਨਿਹਾਲ ਸਿੰਘ ਵਾਲਾ, ਧਰਮਕੋਟ ਤੇ ਬਾਘਾਪੁਰਾਣਾ ਦੀਆਂ ਅਨਾਜ ਮੰਡੀਆਂ ਦਾ ਦੌਰਾ ਕਰ ਕੇ ਕਿਸਾਨਾਂ ਅਤੇ ਆੜ੍ਹਤੀਆਂ ਦੀਆਂ ਮੁਸ਼ਕਲਾਂ ਸੁਣੀਆਂ।
ਇਸ ਮੌਕੇ ਸੀਨੀਅਰ ਕਾਂਗਰਸੀ ਆਗੂ ਨੇ ਅਕਾਲੀ ਦਲ ਦੇ ਜ਼ਿਮਨੀ ਚੋਣ ਦੇ ਬਾਈਕਾਟ ਪਿੱਛੇ ਭਾਜਪਾ ਦੀ ਵੱਡੀ ਸਾਜਿਸ਼ ਕਰਾਰ ਦਿੰਦਿਆਂ ਕਿਹਾ ਕਿ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਨਹੀਂ, ਸਗੋਂ ਸੰਸਦ ਮੈਂਬਰ ਸਰਬਜੀਤ ਸਿੰਘ ਵੱਲੋਂ ਉਪ ਚੋਣਾਂ ’ਚ ਆਪਣੇ ਸਮਰਥਕ ਉਮੀਦਵਾਰ ਖੜ੍ਹੇ ਕਰਨ ਤੋਂ ਹੱਥ ਪਿੱਛੇ ਖਿੱਚ ਲਏ ਗਏ ਹਨ। ਉਨ੍ਹਾਂ ਕਿਹਾ ਕਿ ਇਹ ਬਹੁਤ ਗੰਭੀਰ ਮੁੱਦਾ ਹੈ ਅਤੇ ਇਸ ਪਿੱਛੇ ਭਾਜਪਾ ਦੀ ਰਣਨੀਤੀ ਕੰਮ ਕਰ ਰਹੀ ਹੈ। ਜਿਵੇਂ ਵਿਰੋਧੀ ਪਾਰਟੀਆਂ ਚੋਣ ਪਿੜ ਵਿੱਚੋਂ ਬਾਹਰ ਹੋ ਗਈਆਂ ਹਨ, ਉਸ ਤੋਂ ਇਹ ਜਾਪਦਾ ਹੈ ਕਿ ਭਾਜਪਾ ਸੂਬੇ ਵਿੱਚ ਵੱਡੀ ਖੇਡ ਖੇਡਣ ਜਾ ਰਹੀ ਹੈ। ਸ੍ਰੀ ਬਾਜਵਾ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨ ਤੇ ਫਸਲ ਦੋਵੇਂ ਹੀ ਰੁਲ ਰਹੇ ਹਨ। ਇਸ ਲਈ ਸਿੱਧੇ ਤੌਰ ’ਤੇ ਪੰਜਾਬ ਤੇ ਕੇਂਦਰ ਸਰਕਾਰ ਦੋਵੇਂ ਹੀ ਜ਼ਿੰਮੇਵਾਰ ਹਨ। ਉਨ੍ਹਾਂ ਕਿਹਾ ਕਿ ਇਕ ਪਾਸੇ ਪੰਜਾਬ ਸਰਕਾਰ ਵੱਲੋਂ ਖਰੀਦ ਪ੍ਰਬੰਧਾਂ ਦੀ ਘਾਟ ਹੈ ਤੇ ਦੂਜੇ ਪਾਸੇ ਕੇਂਦਰ ਦੀ ਲਾਪ੍ਰਵਾਹੀ ਕਰਕੇ ਲਿਫਟਿੰਗ ਨਹੀਂ ਹੋ ਰਹੀ ਹੈ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਕਿਹਾ ਕਿ ਉਹ ਅਨਾਜ ਮੰਡੀਆਂ ਤੱਕ ਪਹੁੰਚ ਕਰਨ ਜਾਂ ਅਸਤੀਫ਼ਾ ਦੇਣ।