For the best experience, open
https://m.punjabitribuneonline.com
on your mobile browser.
Advertisement

ਰਾਜਸਥਾਨ ’ਚ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ ਭਾਜਪਾ: ਸ਼ਾਹ

07:42 AM Apr 21, 2024 IST
ਰਾਜਸਥਾਨ ’ਚ ਸਾਰੀਆਂ ਲੋਕ ਸਭਾ ਸੀਟਾਂ ਜਿੱਤੇਗੀ ਭਾਜਪਾ  ਸ਼ਾਹ
ਮਥੁਰਾ ’ਚ ਰੈਲੀ ਦੌਰਾਨ ਅਮਿਤ ਸ਼ਾਹ, ਅਦਾਕਾਰਾ ਹੇਮਾ ਮਾਲਿਨੀ ਤੇ ਜੈਅੰਤ ਚੌਧਰੀ ਲੋਕਾਂ ਦਾ ਪਿਆਰ ਕਬੂਲਦੇ ਹੋਏ। -ਫੋਟੋ: ਪੀਟੀਆਈ
Advertisement

ਜੈਪੁਰ/ਕੋਟਾ, 20 ਅਪਰੈਲ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਰਾਜਸਥਾਨ ਤੀਜੀ ਵਾਰ ਲੋਕ ਸਭਾ ਦੀਆਂ ਸਾਰੀਆਂ 25 ਸੀਟਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਝੋਲੀ ਪਾਉਣ ਜਾ ਰਿਹਾ ਹੈ। ਭੀਲਵਾੜਾ ’ਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਸ਼ਾਹ ਨੇ ਸਾਬਕਾ ਮੁੱਖ ਮੰਤਰੀ ਅਸ਼ੋਕ ਗਹਿਲੋਤ ’ਤੇ ਵੀ ਨਿਸ਼ਾਨਾ ਸੇਧਿਆ ਤੇ ਕਿਹਾ ਕਿ ਉਹ ਆਪਣੇ ਪੁੱਤਰ ਵੈਭਵ ਗਹਿਲੋਤ ਦੇ ਚੋਣ ਪ੍ਰਚਾਰ ’ਚ ਫਸੇ ਹੋਏ ਹਨ। ਵੈਭਵ ਜਲੌਰ ਸੰਸਦੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਹਨ। ਵੈਭਵ ਗਹਿਲੋਤ ਦਾ ਹਵਾਲਾ ਦਿੰਦਿਆਂ ਕੇਂਦਰੀ ਮੰਤਰੀ ਨੇ ਦਾਅਵਾ ਕੀਤਾ, ‘‘ਪੁੱਤਰ ਵੱਡੇ ਫਰਕ ਨਾਲ ਹਾਰਨ ਜਾ ਰਿਹਾ ਹੈ।’’ ਉਨ੍ਹਾਂ ਕਿਹਾ, ‘‘ਲੰਘੇ ਦਿਨ ਚੋਣਾਂ ਦੇ ਪਹਿਲੇ ਪੜਾਅ ਦਾ ਮਤਦਾਨ ਹੋਇਆ ਹੈ। ਰਾਜਸਥਾਨ ਦੀਆਂ ਸਾਰੀਆਂ 12 ਸੀਟਾਂ ਜਿਨ੍ਹਾਂ ’ਤੇ ਲੰਘੇ ਦਿਨ ਵੋਟਾਂ ਪਈਆਂ ਹਨ, ਪ੍ਰਧਾਨ ਮੰਤਰੀ ਦੀ ਝੋਲੀ ਪੈਣਗੀਆਂ। ਰਾਜਸਥਾਨ ਤੀਜੀ ਵਾਰ ਨਰਿੰਦਰ ਮੋਦੀ ਨੂੰ ਸਾਰੀਆਂ 25 ਸੀਟਾਂ ਦੇ ਕੇ ਹੈਟ੍ਰਿਕ ਲਾਉਣ ਜਾ ਰਿਹਾ ਹੈ।’’ ਸ਼ਾਹ ਨੇ ਦਾਅਵਾ ਕੀਤਾ ਕਿ ਕਾਂਗਰਸੀ ਨੇਤਾ ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਹਰ ਤਿੰਨ ਮਹੀਨਿਆਂ ਬਾਅਦ ਛੁੱਟੀਆਂ ਮਨਾਉਣ ਵਿਦੇਸ਼ ਜਾਂਦੇ ਹਨ। ਉਨ੍ਹਾਂ ਕਿਹਾ, ‘‘ਪ੍ਰਿਯੰਕਾ ਗਾਂਧੀ ਜੀ ਚੋਣਾਂ ਦੇ ਦੌਰਾਨ ਹੀ ਥਾਈਲੈਂਡ ਤੋਂ ਛੁੱਟੀਆਂ ਮਨਾ ਕੇ ਪਰਤੇ ਹਨ।’’ ਕੇਂਦਰੀ ਮੰਤਰੀ ਨੇ ਅਯੁੱਧਿਆ ਦੇ ਰਾਮ ਮੰਦਰ ’ਚ ਸਮਾਗਮ ’ਚ ਸ਼ਾਮਲ ਨਾ ਹੋਣ ਨੂੰ ਲੈ ਕੇ ਵੀ ਕਾਂਗਰਸੀ ਨੇਤਾਵਾਂ ’ਤੇ ਨਿਸ਼ਾਨਾ ਸੇਧਿਆ ਤੇ ਦੋਸ਼ ਲਾਇਆ ਕਿ ਉਹ ਆਪਣਾ ਵੋਟ ਬੈਂਕ ਖੁੱਸਣ ਤੋਂ ਡਰਦੇ ਹਨ। ਉਨ੍ਹਾਂ ਕਿਹਾ ਕਿ ਲੋਕ ਰਾਮ ਮੰਦਰ ਨਾ ਜਾਣ ਵਾਲਿਆਂ ਨੂੰ ਮੁਆਫ਼ ਨਹੀ ਕਰਨਗੇ। ਰੈਲੀ ਦੌਰਾਨ ਭਾਜਪਾ ਨੇਤਾ ਨੇ ਕੇਂਦਰ ਸਰਕਾਰ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਕਾਂਗਰਸੀ ਆਗੂ ਰਾਹੁਲ ਗਾਂਧੀ ’ਤੇ ਰਾਖਵਾਂਕਰਨ ਦੇ ਮੁੱਦੇ ’ਤੇ ਝੂਠਾ ਪ੍ਰਚਾਰ ਕਰਨ ਦਾ ਦਾਅਵਾ ਕਰਦਿਆਂ ਕੇਂਦਰੀ ਗ੍ਰਹਿ ਮੰਤਰੀ ਸ੍ਰੀ ਸ਼ਾਹ ਨੇ ਕਿਹਾ ਕਿ ਜੇਕਰ ਵਿਰੋਧੀ ਪਾਰਟੀ ਐੱਸਸੀ, ਐੱਸਟੀ ਅਤੇ ਓਬੀਸੀਜ਼ ਨੂੰ ਮਿਲਿਆ ਰਾਖਵਾਂਕਰਨ ਖ਼ਤਮ ਵੀ ਕਰਨਾ ਚਾਹੇ ਤਾਂ ਵੀ ਭਾਜਪਾ ਅਜਿਹਾ ਨਹੀਂ ਕਰਨ ਦੇਵੇਗੀ। ਰਾਜਸਥਾਨ ਵਿੱਚ ਚੋਣ ਰੈਲੀਆਂ ਸੰਬੋਧਨ ਕਰਦਿਆਂ ਸ਼੍ਰੀ ਸ਼ਾਹ ਨੇ ਦਾਅਵਾ ਕੀਤਾ ਕਿ ਕਾਂਗਰਸ ਇਸਲਾਮਿਕ ਜਥੇਬੰਦੀ ਪੀਐੱਫਆਈ ’ਤੇ ਲੱਗੀ ਪਾਬੰਦੀ ਵੀ ਹਟਾਉਣਾ ਚਾਹੁੰਦੀ ਹੈ। ਉਨ੍ਹਾਂ ਵਿਰੋਧੀ ਪਾਰਟੀ ਦੇ ਦਾਅਵੇ ਕਿ ‘ਭਾਜਪਾ ਦੇ 400 ਸੀਟਾਂ ਜਿੱਤਣ ਦਾ ਨਾਅਰੇ ਦਾ ਮਕਸਦ ਸੰਵਿਧਾਨ ਬਦਲਣਾ ਹੈ’ ਉੱਤੇ ਨਿਸ਼ਾਨਾ ਸੇਧਿਆ। ਉਨ੍ਹਾਂ ਕਿਹਾ,‘ਜਦੋਂ ਕਾਂਗਰਸ ਬਹੁਮਤ ਜਿੱਤਦੀ ਹੈ ਤਾਂ ਉਨ੍ਹਾਂ ਇਸਦੀ ਵਰਤੋਂ ਐਮਰਜੈਂਸੀ ਲਾਉਣ ਲਈ ਕੀਤੀ...ਸਾਨੂੰ ਸਾਲ 2014 ਅਤੇ 2019 ਵਿੱਚ ਬਹੁਮਤ ਮਿਲਿਆ, ਅਸੀਂ ਰਾਖਵਾਂਕਰਨ ਖਤਮ ਕਰਨ ਲਈ ਇਸਦੀ ਵਰਤੋਂ ਨਹੀਂ ਕੀਤੀ ਬਲਕਿ ਇਸ ਨੂੰ ਧਾਰਾ 370 ਖਤਮ ਕਰਨ ਰਾਮ ਮੰਦਰ ਬਣਾਉਣ, ਸੀਏਏ ਲਿਆਉਣ, ਔਰਤਾਂ ਨੂੰ ਰਾਖਵਾਂਕਰਨ ਦੇਣ, ਗ਼ਰੀਬੀ ਖਤਮ ਕਰਨ ਤੇ ਮੁਲਕ ਦੀ ਸੁਰੱਖਿਆ ਲਈ ਵਰਤਿਆ। -ਪੀਟੀਆਈ

Advertisement

ਪਹਿਲੇ ਹੀ ਦਿਨ ਭਾਜਪਾ ਦੀ ਫ਼ਿਲਮ ਫਲਾਪ ਹੋਈ: ਅਖਿਲੇਸ਼ ਯਾਦਵ

ਮੇਰਠ: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਅੱਜ ਕਿਹਾ ਕਿ ਚੋਣਾਂ ਦੇ ਪਹਿਲੇ ਪੜਾਅ ਮਗਰੋਂ ਸੂਬੇ ਵਿੱਚ ਮਾਹੌਲ ਬਦਲ ਗਿਆ ਹੈ ਤੇ ਭਾਜਪਾ ਦੀ ਫ਼ਿਲਮ ਪਹਿਲੇ ਦਿਨ ਹੀ ਫਲਾਪ ਹੋ ਗਈ ਹੈ। ਸਪਾ ਤੇ ਇੰਡੀਆ ਗੱਠਜੋੜ ਦੀ ਉਮੀਦਵਾਰ ਸੁਨੀਤਾ ਵਰਮਾ ਦੇ ਹੱਕ ਵਿੱਚ ਇੱਕ ਚੋਣ ਰੈਲੀ ਮੌਕੇ ਸ੍ਰੀ ਯਾਦਵ ਨੇ ਕਿਹਾ,‘ਫਿਜ਼ਾ ਬਦਲ ਗਈ ਹੈ। ਸਿਰਫ਼ ਇਹ ਗੱਲ ਨਹੀਂ ਕਿ ਉਨ੍ਹਾਂ ਦੀ ਫ਼ਿਲਮ ਫਲਾਪ ਹੋ ਗਈ ਹੈ ਬਲਕਿ ਕੋਈ ਵੀ ਉਨ੍ਹਾਂ ਦੀ ਘਿਸੀ-ਪਿਟੀ ਕਹਾਣੀ ਸੁਣਨਾ ਨਹੀਂ ਚਾਹੁੰਦਾ। ਕੋਈ ਵੀ ਉਨ੍ਹਾਂ ਨੂੰ ਵੋਟ ਪਾਉਣਾ ਨਹੀਂ ਚਾਹੁੰਦਾ।’ ਸ੍ਰੀ ਯਾਦਵ ਨੇ ਮੇਰਠ ਨੂੰ ‘ਕ੍ਰਾਂਤੀਕਾਰੀਆਂ ਦੀ ਧਰਤੀ’ ਆਖਦਿਆਂ ਲੋਕਾਂ ਨੂੰ ਮੁਲਕ ਨੂੰ ਭਾਜਪਾ ਤੋਂ ਆਜ਼ਾਦੀ ਦਿਵਾਉਣ ਦੀ ਅਪੀਲ ਕੀਤੀ। -ਪੀਟੀਆਈ

ਸ਼ਾਹ ਵੱਲੋਂ ਪਹਿਲੇ ਪੜਾਅ ’ਚ ਕਾਂਗਰਸ ਤੇ ਸਪਾ ਦਾ ਸਫ਼ਾਇਆ ਹੋਣ ਦਾਅਵਾ

ਮਥੁਰਾ: ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਦਾਅਵਾ ਕੀਤਾ ਕਿ ਪਹਿਲੇ ਪੜਾਅ ਦੌਰਾਨ ਯੂਪੀ ਦੀਆਂ ਅੱਠ ਸੀਟਾਂ ’ਤੇ ਹੋਈ ਵੋਟਿੰਗ ਦੌਰਾਨ ਕਾਂਗਰਸ ਤੇ ਸਪਾ ਦਾ ਸਫ਼ਾਇਆ ਹੋ ਗਿਆ ਹੈ। ਭਾਜਪਾ ਉਮੀਦਵਾਰ ਹੇਮਾ ਮਾਲਿਨੀ ਦੇ ਪੱਖ ’ਚ ਵ੍ਰਿੰਦਾਵਨ ਵਿੱਚ ਇੱਕ ਚੋਣ ਰੈਲੀ ਮੌਕੇ ਸ੍ਰੀ ਸ਼ਾਹ ਨੇ ਕਿਹਾ,‘ਆਓ, ਮੈਂ ਤੁਹਾਨੂੰ ਪਹਿਲੇ ਪੜਾਅ ਦਾ ਨਤੀਜਾ ਦੱਸਦਾ ਹਾਂ, ਇਸ ਬਾਰੇ ਕਿਸੇ ਨੂੰ ਨਾ ਦੱਸਣਾ, ਮੈਂ ਤੁਹਾਨੂੰ ਦੱਸਦਾ ਹਾਂ ਕਿ ਪਹਿਲੇ ਪੜਾਅ ’ਚ ਕਾਂਗਰਸ ਤੇ ਸਮਾਜਵਾਦੀ ਪਾਰਟੀ ਦਾ ਸਫ਼ਾਇਆ ਹੋ ਗਿਆ ਹੈ। ਕਾਬਿਲੇਗ਼ੌਰ ਹੈ ਕਿ ਇਸ ਤੋਂ ਪਹਿਲਾਂ ਅੱਜ ਦਿਨ ’ਚ ਮੇਰਠ ਦੀ ਇੱਕ ਚੋਣ ਰੈਲੀ ਮੌਕੇ ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਦਾਅਵਾ ਕੀਤਾ ਸੀ ਕਿ ਸੂਬੇ ਵਿੱਚ ਮਾਹੌਲ ਬਦਲ ਗਿਆ ਹੈ ਤੇ ਲੋਕਾਂ ਨੇ ਵੋਟਿੰਗ ਦੇ ਪਹਿਲੇ ਦਿਨ ਮਗਰੋਂ ਭਾਜਪਾ ਨੂੰ ਨਕਾਰ ਦਿੱਤਾ ਹੈ। ਸ੍ਰੀ ਸ਼ਾਹ ਨੇ ਇਸ ਦੇ ਜੁਆਬ ’ਚ ਕਿਹਾ,‘ਇੱਕ ਪਾਸੇ, ਕਾਂਗਰਸ ਤੇ ਸਪਾ ਹਨ ਜੋ 12 ਲੱਖ ਕਰੋੜ ਦੇ ਘੁਟਾਲਿਆਂ ਤੇ ਭ੍ਰਿਸ਼ਟਾਚਾਰ ਵਿੱਚ ਸ਼ਾਮਲ ਹਨ ਤੇ ਦੂਜੇ ਪਾਸੇ ਨਰਿੰਦਰ ਮੋਦੀ ਹਨ ਜੋ 23 ਸਾਲ ਮੁੱਖ ਮੰਤਰੀ ਰਹਿਣ ਦੇ ਬਾਵਜੂਦ ਇੱਕ ਪੈਸੇ ਦੇ ਵੀ ਭ੍ਰਿਸ਼ਟਾਚਾਰ ਦੇ ਦੋਸ਼ੀ ਨਹੀਂ ਹਨ। -ਪੀਟੀਆਈ

Advertisement
Author Image

sukhwinder singh

View all posts

Advertisement
Advertisement
×