For the best experience, open
https://m.punjabitribuneonline.com
on your mobile browser.
Advertisement

ਹਰਿਆਣਾ ’ਚ ਸਾਰੀਆਂ ਲੋਕ ਸਭਾ ਸੀਟਾਂ ’ਤੇ ਹਾਰੇਗੀ ਭਾਜਪਾ: ਅਭੈ ਚੌਟਾਲਾ

08:51 AM Mar 29, 2024 IST
ਹਰਿਆਣਾ ’ਚ ਸਾਰੀਆਂ ਲੋਕ ਸਭਾ ਸੀਟਾਂ ’ਤੇ ਹਾਰੇਗੀ ਭਾਜਪਾ  ਅਭੈ ਚੌਟਾਲਾ
ਪੰਜਾਬੀ ਧਰਮਸ਼ਾਲਾ ਵਿੱਚ ਸਭਾ ਮੌਕੇ ਸਟੇਜ ’ਤੇ ਬੈਠੇ ਹੋਏ ਅਭੈ ਸਿੰਘ ਚੌਟਾਲਾ ਤੇ ਹੋਰ ਨੇਤਾ।
Advertisement

ਸਰਬਜੋਤ ਸਿੰਘ ਦੁੱਗਲ
ਕੁਰੂਕਸ਼ੇਤਰ, 28 ਮਾਰਚ
ਇੰਡੀਅਨ ਨੈਸ਼ਨਲ ਲੋਕ ਦਲ ਦੇ ਸੂਬਾਈ ਜਨਰਲ ਸਕੱਤਰ ਅਭੈ ਸਿੰਘ ਚੌਟਾਲਾ ਨੇ ਕਿਹਾ ਕਿ 400 ਪਾਰ ਦਾ ਨਾਅਰਾ ਦੇਣ ਵਾਲੀ ਭਾਜਪਾ ਸਰਕਾਰ ਕੋਲ ਕੁਰੂਕਸ਼ੇਤਰ ’ਚ ਅਜਿਹਾ ਕੋਈ ਵੀ ਵਰਕਰ ਨਹੀਂ ਹੈ, ਜਿਸ ਤੇ ਭਰੋਸਾ ਕਰਕੇ ਉਹ ਟਿਕਟ ਦੇ ਸਕੇ। ਚੌਟਾਲਾ ਨੇ ਕਿਹਾ ਕਿ ਭਾਜਪਾ ਕੋਲ ਚੋਣਾਂ ਲੜਨ ਲਈ ਆਪਣੇ ਉਮੀਦਵਾਰ ਨਹੀਂ ਹਨ। ਹਰਿਆਣਾ ਵਿੱਚ ਉਨ੍ਹਾਂ ਨੇ 10 ਵਿੱਚੋਂ 6 ਉਮੀਦਵਾਰ ਦਰਾਮਦ ਕੀਤੇ ਅਤੇ ਇਨ੍ਹਾਂ ਵਿੱਚੋਂ ਦੋ ਨੂੰ 35 ਮਿੰਟ ਪਹਿਲਾਂ ਭਾਜਪਾ ’ਚ ਸ਼ਾਮਲ ਕਰ ਕੇ ਟਿਕਟਾਂ ਦਿੱਤੀਆਂ ਗਈਆਂ ਹਨ। ਉਨ੍ਹਾਂ ਆਖਿਆਕਿ ਭਾਜਪਾ ਹਰਿਆਣਾ ’ਚ ਸਾਰੀਆਂ ਲੋਕ ਸਭਾ ਸੀਟਾਂ ’ਤੇ ਹਾਰੇਗੀ।
ਇਨੈਲੋ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤਨੂਜਾ ਵੱਲੋਂ ਪੰਜਾਬੀ ਧਰਮਸ਼ਾਲਾ ਵਿੱਚ ਕਰਵਾਈ ਜਨ ਸਭਾ ਬੋਲਦਿਆਂ ਅਭੈ ਸਿੰਘ ਚੌਟਾਲਾ ਨੇ ਭਾਜਪਾ ਉਮੀਦਵਾਰ ਨਵੀਨ ਜਿੰਦਲ ਨੂੰ ਘੇਰਿਆ ਤੇ ਕਿਹਾ ਕਿ ਉਹ 10 ਸਾਲ ਕੁਰੂਕਸ਼ੇਤਰ ਦੇ ਲੋਕਾਂ ਤੋਂ ਦੂਰ ਰਹੇ। ਹੁਣ ਉਹ ਚੋਣਾਂ ਸਮੇਂ ਜਨਤਾ ਤੱਕ ਪਹੁੰਚ ਗਏ ਹਨ ਪਰ ਲੋਕ ਉਨ੍ਹਾਂ ਨੂੰ ਸਬਕ ਸਿਖਾਉਣਗੇ। ਇਸ ਤੋਂ ਪਹਿਲਾਂ ਚੌਟਾਲਾ ਨੇ ਰੇਲਵੇ ਰੋਡ ’ਤੇ ਇਨੈਲੋ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਤਨੂਜਾ ਵੱਲੋਂ ਬਣਾਏ ਗਏ ਦਫ਼ਤਰ ਦਾ ਉਦਘਾਟਨ ਵੀ ਕੀਤਾ। ਅਭੈ ਸਿੰਘ ਚੌਟਾਲਾ ਨੇ ਐਲਾਨ ਕੀਤਾ ਕਿ ਜੇਕਰ ਇਨੈਲੋ ਸੱਤਾ ਵਿੱਚ ਆਉਂਦੀ ਹੈ ਤਾਂ ਉਹ ਹਰ ਘਰ ਵਿੱਚ ਇੱਕ ਨੌਜਵਾਨ ਨੂੰ ਰੁਜ਼ਗਾਰ ਦੇਵੇਗੀ ਤੇ ਬੇਰੁਜ਼ਗਾਰਾਂ ਨੂੰ 21,000 ਰੁਪਏ ਭੱਤਾ ਦੇਵੇਗੀ।
ਸ਼ਾਹਬਾਦ ਮਾਰਕੰਡਾ (ਪੱਤਰ ਪ੍ਰੇਰਕ) ਇਨੈਲੋ ਦੇ ਪ੍ਰਧਾਨ ਜਨਰਲ ਸਕੱਤਰ ਤੇ ਇਨੈਲੋ ਦੇ ਕੁਰੂਕਸ਼ੇਤਰ ਲੋਕ ਸਭਾ ਸੀਟ ਤੋਂ ਉਮੀਦਵਾਰ ਅਭੈ ਸਿੰਘ ਚੌਟਾਲਾ ਨੇ ਕਿਹਾ ਹੈ ਕਿ 400 ਪਾਰ ਦਾ ਨਾਅਰਾ ਦੇਣ ਵਾਲੀ ਭਾਜਪਾ ਨੇ ‘ਉਧਾਰ ਦੇ ਉਮੀਦਵਾਰਾਂ’ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ। ਉਨ੍ਹਾਂ ਆਖਿਆ ਕਿ ਇਨ੍ਹਾਂ ਨੇਤਾਵਾਂ ਨੇ ਕਦੇ ਵੀ ਆਮ ਲੋਕਾਂ ਦੀ ਪੀੜ ਨਹੀਂ ਸਮਝੀ ਅਤੇ ਭਗਵਾ ਪਾਰਟੀ ਨੂੰ ਸੂਬੇ ’ਚ ਸਾਰੀਆਂ 10 ਲੋਕ ਸਭਾ ਸੀਟਾਂ ’ਤੇ ਹਾਰ ਮਿਲੇਗੀ। ਉਹ ਲੰਘੀ ਸ਼ਾਮ ਬਰਾੜਾ ਰੋਡ ’ਤੇ ਸਥਿਤ ਸੰਗਤ ਫਾਰਮ ਵਿੱਚ ਹਲਕਾ ਪੱਧਰੀ ਬੈਠਕ ਨੂੰ ਸੰਬੋਧਨ ਕਰ ਰਹੇ ਸਨ।
ਚੌਟਾਲਾ ਨੇ ਕਿਹਾ ਕਿ ਭਾਜਪਾ ਦੀ ਹਾਲਤ ਅੱਜ ਸੂਬੇ ਵਿੱਚ ਅਜਿਹੀ ਹੋ ਗਈ ਹੈ ਕਿ ਉਸ ਨੂੰ ਸੂਬੇ ਦੇ ਆਪਣੇ ਵਰਕਰਾਂ ’ਤੇ ਭਰੋਸਾ ਨਹੀਂ ਰਿਹਾ। ਭਾਜਪਾ ਨੇ ਪਾਰਟੀ ਵਰਕਰਾਂ ’ਤੇ ਭਰੋਸਾ ਨਾ ਕਰ ਦੂਜੀਆਂ ਪਾਰਟੀਆਂ ਤੋਂ ਭਾਜਪਾ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਪਾਰਟੀ ਦਾ ਪਟਕਾ ਪਹਿਨਾ ਕੇ ਟਿਕਟ ਦੇਣ ਦਾ ਕੰਮ ਕੀਤਾ ਹੈ। ਚੌਟਾਲਾ ਨੇ ਆਖਿਆ ਕਿ ਇਸ ਤੋਂ ਸਪੱਸ਼ਟ ਜ਼ਾਹਿਰ ਹੈ, ਭਾਜਪਾ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ ਤੇ ਹਾਰਨ ਵਾਲੀ ਹੈ। ਉਨ੍ਹਾਂ ਆਖਿਆ ਕਿ ਭਾਜਪਾ ਨੇ ਸਿਰਸਾ ਵਿੱਚ ਅਜਿਹੇ ਵਿਅਕਤੀ ਨੂੰ ਟਿਕਟ ਦਿੱਤੀ ਹੈ ਜੋ ਕਈ ਪਾਰਟੀਆਂ ਵਿਚ ਰਹਿਣ ਤੋਂ ਬਾਅਦ ਭਾਜਪਾ ਵਿੱਚ ਸ਼ਾਮਲ ਹੋਇਆ। ਭਾਜਪਾ ਨੂੰ ਕੁਰੂਕਸ਼ੇਤਰ ਲੋਕ ਸਭਾ ਹਲਕੇ ’ਚ ਆਪਣੇ ਕਾਰਕੁਨਾਂ ’ਤੇ ਭਰੋਸਾ ਨਹੀਂ ਰਿਹਾ ਤੇ ਬਾਹਰੋਂ ਆਏ ਰਣਜੀਤ ਸਿੰਘ ਚੌਟਾਲਾ ਤੇ ਨਵੀਨ ਜਿੰਦਲ ਨੂੰ ਟਿਕਟ ਦੇ ਕੇ ਚੋਣ ਮੈਦਾਨ ਵਿਚ ਉਤਾਰਿਆ ਹੈ। ਉਨਾਂ ਕਿਹਾ ਕਿ ਕੁਰੂਕਸ਼ੇਤਰ ਵਿਚ ਕਾਂਗਰਸ ਕੋਲ ਵੀ ਕੋਈ ਉਮੀਦਵਾਰ ਨਹੀਂ ਸੀ ਜੋ ਚੋਣ ਲੜ ਸਕੇ। ਇਸ ਲਈ ਉਸ ਨੇ ਇਹ ਸੀਟ ਆਪਣੀ ਭਾਈਵਾਲ ਆਮ ਆਦਮੀ ਪਾਰਟੀ ਨੂੰ ਦੇ ਦਿੱਤੀ ਹੈ। ਭਾਜਪਾ ਤੇ ਕਾਂਗਰਸੀ ਉਮੀਦਵਾਰ ਵਪਾਰੀ ਵਰਗ ਤੋਂ ਹਨ। ਉਨ੍ਹਾਂ ਕਿਹਾ ਕਿ ਅੱਜ ਸੂਬਾ ਬੇਰੁਜ਼ਗਾਰੀ ਪਖੋਂ ਪਹਿਲੇ ਨੰਬਰ ’ਤੇ ਹੈ, ਜਿਸ ਕਾਰਨ ਨੌਜਵਾਨ ਵਿਦੇਸ਼ਾਂ ਨੂੰ ਜਾਣ ਲਈ ਮਜਬੂਰ ਹਨ। ਅਭੈ ਚੌਟਾਲਾ ਨੇ ਕਿਹਾ ਕਿ ਉਹ ਸੰਸਦ ਵਿਚ ਜਾ ਕੇ ਕਿਸਾਨਾਂ, ਗਰੀਬ ਕਮੇਰਾ ਵਰਗ ਦੇ ਲੋਕਾਂ ਦੇ ਹੱਕਾਂ ਦੀ ਲੜਾਈ ਲੜਨਗੇ।
ਬੈਠਕ ਵਿਚ ਪਾਰਟੀ ਪ੍ਰਧਾਨ ਰਾਮ ਪਾਲ ਮਾਜਰਾ, ਅਨੁਸ਼ਾਸ਼ਾਨ ਕਮੇਟੀ ਦੇ ਪ੍ਰਧਾਨ ਸ਼ੇਰ ਸਿੰਘ ਬੜਸਾਮੀ, ਸਾਬਕਾ ਵਿਧਾਇਕ ਸ਼ਾਮ ਸਿੰਘ ਰਾਣਾ, ਜ਼ਿਲ੍ਹਾ ਪ੍ਰਧਾਨ ਬੂਟਾ ਸਿੰਘ ਲੁੱਖੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਪਾਰਟੀ ਕਾਰਕੁਨ ਮੌਜੂਦ ਸਨ।

Advertisement

Advertisement
Author Image

joginder kumar

View all posts

Advertisement
Advertisement
×