ਝਾਰਖੰਡ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰੇਗੀ ਭਾਜਪਾ: ਸ਼ਾਹ
ਰਾਂਚੀ, 3 ਨਵੰਬਰ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਅੱਜ ਐਲਾਨ ਕੀਤਾ ਕਿ ਜੇਕਰ ਭਾਜਪਾ ਝਾਰਖੰਡ ਵਿੱਚ ਸੱਤਾ ’ਚ ਆਈ ਤਾਂ ਸੂਬੇ ਵਿੱਚ ਸਾਂਝਾ ਸਿਵਲ ਕੋਡ (ਯੂਸੀਸੀ) ਲਾਗੂ ਕੀਤੀ ਜਾਵੇਗੀ ਪਰ ਜਨਜਾਤੀ ਭਾਈਚਾਰਿਆਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ। ਸ਼ਾਹ ਨੇ ਝਾਰਖੰਡ ਵਿੱਚ ਆਗਾਮੀ ਵਿਧਾਨ ਸਭਾ ਚੋਣਾਂ ਲਈ ਭਾਜਪਾ ਦਾ ਚੋਣ ਮੈਨੀਫੈਸਟੋ ‘ਸੰਕਲਪ ਪੱਤਰ’ ਜਾਰੀ ਕਰਦੇ ਹੋਏ ਐਲਾਨ ਕੀਤਾ ਕਿ ਸੂਬੇ ਵਿੱਚ ਉਦਯੋਗਾਂ ਤੇ ਖਦਾਨਾਂ ਕਰ ਕੇ ਉੱਜੜੇ ਹੋਏ ਲੋਕਾਂ ਦਾ ਪੁਨਰਵਾਸ ਯਕੀਨੀ ਬਣਾਉਣ ਲਈ ਵਿਸਥਾਪਨ ਕਮਿਸ਼ਨ ਦਾ ਗਠਨ ਕੀਤਾ ਜਾਵੇਗਾ। ਸ਼ਾਹ ਨੇ ਰਾਂਚੀ ਵਿੱਚ ਕਿਹਾ, ‘‘ਸਾਡੀ ਸਰਕਾਰ ਝਾਰਖੰਡ ਵਿੱਚ ਸਾਂਝਾ ਸਿਵਲ ਕੋਡ ਲਾਗੂ ਕਰੇਗੀ ਪਰ ਜਨਜਾਤੀ ਭਾਈਚਾਰਿਆਂ ਨੂੰ ਇਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ, ‘‘ਜੇਕਰ ਭਾਜਪਾ ਝਾਰਖੰਡ ਵਿੱਚ ਸੱਤਾ ’ਚ ਆਉਂਦੀ ਹੈ ਤਾਂ ਉਹ ‘ਸਰਨਾ ਧਰਮ ਕੋਡ’ ਦੇ ਮੁੱਦੇ ’ਤੇ ਵਿਚਾਰ ਕਰੇਗੀ ਅਤੇ ਉਚਿਤ ਫੈਸਲਾ ਲਵੇਗੀ। ਸ਼ਾਹ ਨੇ ਕਿਹਾ ਕਿ ਜੇਕਰ ਪਾਰਟੀ ਸੱਤਾ ਵਿੱਚ ਆਈ ਤਾਂ ਝਾਰਖੰਡ ’ਚ 2.87 ਲੱਖ ਸਰਕਾਰੀ ਨੌਕਰੀਆਂ ਸਣੇ ਰੁਜ਼ਗਾਰ ਦੇ ਪੰਜ ਲੱਖ ਮੌਕੇ ਪੈਦਾ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਝਾਰਖੰਡ ਵਿੱਚ ਪ੍ਰਸ਼ਨ ਪੱਤਰ ਲੀਕ ਦੀ ਸੀਬੀਆਈ ਅਤੇ ਵਿਸ਼ੇਸ਼ ਜਾਂਚ ਟੀਮ ਤੋਂ ਜਾਂਚ ਕਰਵਾਈ ਜਾਵੇਗੀ ਅਤੇ ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣਗੀਆਂ। ਗ੍ਰਹਿ ਮੰਤਰੀ ਨੇ ਕਿਹਾ ਕਿ ਭਾਜਪਾ ਝਾਰਖੰਡ ਵਿੱਚ ਘੁਸਪੈਠੀਆਂ ਤੋਂ ਜ਼ਮੀਨ ਵਾਪਸ ਲੈਣ ਅਤੇ ਗੈਰ ਕਾਨੂੰਨੀ ਪਰਵਾਸੀਆਂ ਦੀ ਪਛਾਣ ਕਰ ਕੇ ਉਨ੍ਹਾਂ ਨੂੰ ਵਾਪਸ ਭੇਜੇਗੀ। ਉਨ੍ਹਾਂ ਦਾਅਵਾ ਕੀਤਾ ਕਿ ਗੈਰ ਕਾਨੂੰਨੀ ਪਰਵਾਸੀਆਂ ਤੋਂ ‘ਮਾਟੀ, ਬੇਟੀ, ਰੋਟੀ’ ਨੂੰ ਖ਼ਤਰਾ ਹੈ ਅਤੇ ਭਾਜਪਾ ਸਥਾਨਕ ਲੋਕਾਂ ਨੂੰ ਸੁਰੱਖਿਆ ਮੁਹੱਈਆ ਕਰੇਗੀ। -ਪੀਟੀਆਈ