For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੂੰ ਨਵੇਂ ਸਿਰਿਓਂ ਉਲੀਕਣੀ ਪਵੇਗੀ ਜੰਮੂ ਲਈ ਰਣਨੀਤੀ

06:52 AM Sep 14, 2024 IST
ਭਾਜਪਾ ਨੂੰ ਨਵੇਂ ਸਿਰਿਓਂ ਉਲੀਕਣੀ ਪਵੇਗੀ ਜੰਮੂ ਲਈ ਰਣਨੀਤੀ
Advertisement

ਜਯੋਤੀ ਮਲਹੋਤਰਾ

Advertisement

ਜੰਮੂ ਤੋਂ ਕਠੂਆ ਤੱਕ ਦਾ ਰਾਸ਼ਟਰੀ ਰਾਜਮਾਰਗ ਭਾਜਪਾ ਦੇ ਇੱਕ ਵਾਕ ਵਾਲੇ ਇਸ਼ਤਿਹਾਰੀ ਬੋਰਡਾਂ ਨਾਲ ਭਰਿਆ ਪਿਆ ਹੈ ਜਿਨ੍ਹਾਂ ਦੀ ਚਾਹਤ ਹੈ ਕਿ ਲੋਕ 2014 ਤੋਂ ‘ਪਹਿਲਾਂ’ ਤੇ ‘ਬਾਅਦ’ ਦੇ ਸਮਿਆਂ ’ਚੋਂ ਇੱਕ ਸਿੱਧਾ-ਸਰਲ ਜਿਹਾ ਸੁਨੇਹਾ ਹੀ ਘਰਾਂ ਨੂੰ ਲੈ ਕੇ ਜਾਣ- ਸਾਲ 2014, ਜਦ ਸਾਬਕਾ ਜੰਮੂ ਕਸ਼ਮੀਰ ਰਾਜ ਨੇ ਆਖ਼ਰੀ ਵਾਰ ਵੋਟ ਪਾਈ ਸੀ, ਤੋਂ ਲੈ ਕੇ ਹੁਣ ਤੱਕ ਦੀ ਸਥਿਤੀ- ਜਦ ਕੇਂਦਰ ਸ਼ਾਸਿਤ ਪ੍ਰਦੇਸ਼ ਕੁਝ ਦਿਨਾਂ ਵਿੱਚ ਮੁੜ ਵੋਟ ਪਾਉਣ ਜਾ ਰਿਹਾ ਹੈ, ਪੂਰੇ ਇੱਕ ਦਹਾਕੇ ਬਾਅਦ।
ਇਸ਼ਤਿਹਾਰੀ ਬੋਰਡਾਂ ਦੇ ਇੱਕ ਪਾਸੇ ਧੂੰਏਂ, ਪਿੱਟਦੇ ਹੱਥਾਂ ਤੇ ਸੜਦੀਆਂ ਕਾਰਾਂ ਦੀਆਂ ਹਨੇਰੀਆਂ ਤਸਵੀਰਾਂ; ਦੂਜੇ ਪਾਸੇ ਚਮਕਦੀਆਂ, ਲਿਸ਼ਕਦੀਆਂ ਤਸਵੀਰਾਂ ਦਾ ਮੁਕਾਬਲਾ ਕਰ ਰਹੀਆਂ ਹਨ, ਜੋ ਉਮੀਦ ਤੇ ਖੁਸ਼ਹਾਲੀ ਦਾ ਪ੍ਰਤੀਕ ਬਣਨ ਦੀ ਆਸ ਰੱਖਦੀਆਂ ਹਨ। ਭਾਜਪਾ ਦੀ ਇਸ਼ਤਿਹਾਰੀ ਮੁਹਿੰਮ ਦੇ ਕੇਂਦਰ ਬਿੰਦੂ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਫੋਟੋ ਫਰੇਮ ਦੇ ਬਿਲਕੁਲ ਵਿਚਾਲੇ ਲਾਈ ਗਈ ਹੈ।
‘ਮਾਤਮ-ਸਵਾਗਤਮ’। ‘ਡਰ-ਨਿਡਰ’। ‘ਸ਼ਾਂਤੀ-ਅਸ਼ਾਂਤੀ’। ਅਤੇ ਫੇਰ ਇਹ ਵਾਕ, ‘ਸ਼ਾਂਤੀ, ਸਥਿਰਤਾ ਤੇ ਵਿਕਾਸ/ ਜੰਮੂ ਨੂੰ ਮੋਦੀ ’ਤੇ ਵਿਸ਼ਵਾਸ।’’
ਵੱਡਾ ਸਵਾਲ ਬਿਲਕੁਲ ਇਹੀ ਹੈ ਕਿ ਕੀ ਜੰਮੂ ਮੋਦੀ ਦੇ ਨਾਲ-ਨਾਲ ਭਾਜਪਾ ਦੇ ਉਨ੍ਹਾਂ ਮੁਕਾਮੀ ਉਮੀਦਵਾਰਾਂ ’ਤੇ ਭਰੋਸਾ ਪ੍ਰਗਟਾਏਗਾ ਜੋ ਪੀਰ ਪੰਜਾਲ ਦੇ ਦੱਖਣ ਵਿੱਚ ਪੈਂਦੇ ਇਸ ਵੱਡੇ ਤੇ ਦੁਰਗਮ ਖੇਤਰ ’ਚ 43 ਹਲਕਿਆਂ ’ਤੇ ਦਾਅਵੇਦਾਰੀ ਜਤਾ ਰਹੇ ਹਨ। ਹਾਲਾਂਕਿ ਇਹ ਵਿਧਾਨ ਸਭਾ ਚੋਣ ਹਲਕਿਆਂ ਦੀ ਹਾਲੀਆ ਹੱਦਬੰਦੀ ਤੋਂ ਬਾਅਦ ਇੱਕ ਬਦਲੇ ਹੋਏ ਤੇ ਮੁੜ ਮਿੱਥੇ ਗਏ ਭੂ-ਦ੍ਰਿਸ਼ ਵਿੱਚ ਪਹਿਲੀ ਵਾਰ ਲੜੀ ਜਾ ਰਹੀ ਹੈ। ਹੱਦਬੰਦੀ ਤੋਂ ਬਾਅਦ ਖਿੱਤੇ ਦੀਆਂ ਸੀਟਾਂ ਵਿੱਚ ਛੇ ਹੋਰ ਸੀਟਾਂ ਦਾ ਵਾਧਾ ਕੀਤਾ ਗਿਆ ਹੈ ਜਦੋਂਕਿ ਪੰਜ ਹੋਰ ਉਮੀਦਵਾਰ ਨਵੀਂ ਅਸੈਂਬਲੀ ਲਈ ਨਾਮਜ਼ਦ ਕੀਤੇ ਜਾਣਗੇ ਿਜਸ ਨਾਲ ਅਸੈਂਬਲੀ ਮੈਂਬਰਾਂ ਦੀ ਗਿਣਤੀ ਪਿਛਲੇ 87 ਦੇ ਮੁਕਾਬਲੇ ਹੁਣ 95 ਹੋ ਜਾਵੇਗੀ। ਅਜਿਹੀ ਚੋਣ, ਜਿੱਥੇ ਹਰ ਸੀਟ ਅਹਿਮੀਅਤ ਰੱਖਦੀ ਹੈ, ਜੰਮੂ ਜਿੱਤ ਤੇ ਹਾਰ ਵਿੱਚ ਫੈਸਲਾਕੁਨ ਸਾਬਿਤ ਹੋ ਸਕਦਾ ਹੈ।
ਸਾਮ, ਦਾਮ, ਦੰਡ, ਭੇਦ। ਦੁਨੀਆ ਦੇ ਇਸ ਹਿੱਸੇ ਵਿੱਚ, ਜਿੱਥੇ ਸਾਡੀ ਕੌਮਾਂਤਰੀ ਸਰਹੱਦ ਬਿਲਕੁਲ ਪਾਕਿਸਤਾਨ ਨਾਲ ਜਾ ਲੱਗਦੀ ਹੈ, ਉੱਥੇ ਸਾਰੀਆਂ ਸਿਆਸੀ ਧਿਰਾਂ ਵੱਲੋਂ ਲੋਕਾਂ ਦਾ ਦਿਲ ਜਿੱਤਣ ਲਈ ਮੋਹ, ਭ੍ਰਿਸ਼ਟਾਚਾਰ, ਦੰਡ ਤੇ ਧੋਖਾਧੜੀ ਵਾਲੀ ਚਾਣਕਿਆ ਨੀਤੀ ਵਰਤੀ ਜਾਵੇਗੀ। ਭਾਜਪਾ, ਜਿਸ ਨੇ 2014 ਵਿੱਚ ਜੰਮੂ ਤੋਂ ਸਾਰੀਆਂ 25 ਸੀਟਾਂ ਜਿੱਤੀਆਂ ਸਨ ਪਰ ਵਾਦੀ ਵਿੱਚੋਂ ਕੋਈ ਵੀ ਸੀਟ ਜਿੱਤਣ ’ਚ ਨਾਕਾਮ ਰਹੀ ਸੀ, ਦਾ ਬਹੁਤ ਕੁਝ ਦਾਅ ਉੱਤੇ ਲੱਗਾ ਹੋਇਆ ਹੈ।
ਇਥੇ ਸਥਿਤੀ ਭੰਬਲਭੂਸੇ ਵਾਲੀ ਹੈ। ਜੇ ਭਾਜਪਾ-ਪੱਖੀ ਜੰਮੂ ਦੇ ਲੋਕਾਂਵਿੱਚ ‘ਸਾਨੂੰ ਕੀ ਮਿਲਿਆ’ ਦਾ ਿਬਰਤਾਂਤ ਪਕੇਰਾ ਹੁੰਦਾ ਗਿਆ ਤਾਂ ਸ਼ਾਇਦ ਪਾਰਟੀ ਦਾ ਇਹ ਕਿਲ੍ਹਾ ਵੀ ਢਹਿ ਸਕਦਾ ਹੈ। ਜੰਮੂ, ਜਿੱਥੇ ਪਹਿਲੀ ਅਕਤੂਬਰ ਨੂੰ ਵੋਟਾਂ ਪੈਣੀਆਂ ਹਨ, ’ਚ ਵੋਟਰ ਨਿੱਤ ਟਰੈਫਿਕ ਦੀ ਭਿਆਨਕ ਸਮੱਸਿਆ ਨਾਲ ਜੂਝ ਰਹੇ ਹਨ (ਨਿਤਿਨ ਗਡਕਰੀ ਦਾ ਮੰਤਰਾਲਾ ਪੁਲ਼ ਤੇ ਨਵੇਂ ਫਲਾਈਓਵਰ ਬਣਾ ਰਿਹਾ ਹੈ), ਜਦੋਂਕਿ ‘ਸਮਾਰਟ ਸਿਟੀ’ ਦੇ ਖੁੱਲ੍ਹੀਆਂ ਡਰੇਨਾਂ ਨੂੰ ਢਕਣ ਤੇ ਕੂੜੇ ਦੇ ਢੇਰਾਂ ਨੂੰ ਸਾਫ਼ ਕਰਨ ਦੇ ਕੀਤੇ ਵਾਅਦੇ ਵੀ ਕਿਸੇ ਤਣ-ਪੱਤਣ ਨਹੀਂ ਲੱਗੇ ਹਨ। ਪੈਨਸ਼ਨਾਂ ਦੇਰੀ ਨਾਲ ਮਿਲ ਰਹੀਆਂ ਹਨ ਤੇ ਸਰਕਾਰੀ ਸਕੀਮਾਂ ਦੇ ਲਾਭਪਾਤਰੀ ‘ਫੇਸਲੈੱਸ’ ਆਨਲਾਈਨ ਪ੍ਰਕਿਰਿਆਵਾਂ ਨਿਪਟਾਉਣ ’ਚ ਔਖ ਮਹਿਸੂਸ ਕਰ ਰਹੇ ਹਨ ਜੋ ਕਿ ਨਿਰੰਤਰ ਠੱਪ ਹੋਈਆਂ ਰਹਿੰਦੀਆਂ ਹਨ ਅਤੇ ਅੰਤ ’ਚ ਜੋ ਵੀ ਹੋਵੇ ਆਪਣੇ ਕੰਮ ਕਰਾਉਣ ਲਈ ਤੁਹਾਨੂੰ ਉਨ੍ਹਾਂ ਪੁਰਾਣੇ ਲੋਕਾਂ ਨੂੰ ਹੀ ਰਿਸ਼ਵਤ ਦੇਣੀ ਪੈਂਦੀ ਹੈ।
ਦੂਜੇ ਪਾਸੇ, ਬਾਕੀ ਦਾ ਭਾਰਤ ਆਪਣੀਆਂ ਇੰਸਟਾ ਯਾਦਾਂ ਤਾਜ਼ਾ ਕਰਨ ਲਈ ਵਾਦੀ ਦੇ ਟਿਊਲਿਪ ਗਾਰਡਨ, ਗਰਮੀਆਂ ਵਿਚ ਡੱਲ ਝੀਲ ਅਤੇ ਸਰਦੀਆਂ ਵਿੱਚ ਗੁਲਮਰਗ-ਪਹਿਲਗਾਮ ਦੀਆਂ ਸੈਰਾਂ ਕਰਨ ਹੀ ਜਾਂਦਾ ਹੈ। ਹਰ ਕੋਈ ਜੰਮੂ ਤੋਂ ਬਚ ਕੇ ਲੰਘ ਜਾਂਦਾ ਹੈ। ਸੈਲਾਨੀਆਂ ਨਾਲ ਖਚਾਖਚ ਭਰੀਆਂ 25 ’ਚੋਂ 15 ਰੇਲਗੱਡੀਆਂ ਸਿੱਧੀਆਂ ਕਟੜਾ ਦੇ ਵੈਸ਼ਨੂੰ ਦੇਵੀ ਮੰਦਰ ਲਈ ਚਲੀਆਂ ਜਾਂਦੀਆਂ ਹਨ। ਕਾਰੋਬਾਰ ਮੱਠਾ ਚੱਲ ਰਿਹਾ ਹੈ। ਬਾਹਰਲਿਆਂ ਦਾ ਡਰ ਹਕੀਕੀ ਵੀ ਹੈ ਅਤੇ ਗ਼ੈਰਹਕੀਕੀ ਵੀ ਕਿਉਂਕਿ ਇੱਥੇ ਨਿਵੇਸ਼ ਕਰਨਾ ਚਾਹੁੰਦੇ ਕੁਝ ਕਾਰਪੋਰੇਟਸ ਹਾਲੇ ਵੀ ਵੱਡੇ ਪੱਧਰ ’ਤੇ ਨਿਵੇਸ਼ ਕਰਨ ਤੋਂ ਝਿਜਕ ਰਹੇ ਹਨ। ਇੱਥੋਂ ਤੱਕ ਕਿ 2015-2018 ਤੱਕ ਰਹੀ ਭਾਜਪਾ-ਪੀਡੀਪੀ ਸਰਕਾਰ ਵੇਲੇ ਦੋ ਨਵੇਂ ਏਮਸ ਹਸਪਤਾਲਾਂ, ਇੱਕ ਆਈਆਈਐਮ ਅਤੇ ਆਈਆਈਟੀ ਦੇ ਵਾਅਦੇ ਵੀ ਪੂਰੇ ਹੋਣ ਦੀ ਉਡੀਕ ਵਿੱਚ ਹਨ। ਇਸ ਵਿੱਚ ਕੁਝ ਵੀ ਨਵਾਂ ਨਹੀਂ ਹੈ। ਜੰਮੂ ਨੂੰ ਅੱਜ ਜੋ ਕਨਸੋਆਂ ਮਿਲ ਰਹੀਆਂ ਹਨ, ਉਹ ਉੱਤਰ ਪ੍ਰਦੇਸ਼ ਅਤੇ ਬਿਹਾਰ ਚਿਰਾਂ ਤੋਂ ਜਾਣਦੇ ਹਨ ਕਿ ਸਿਆਸਤਦਾਨ ਵਾਅਦੇ ਕਰ ਲੈਂਦੇ ਹਨ ਪਰ ਇਹ ਧੂੰਏਂ ਵਿੱਚ ਗੁਆਚ ਜਾਂਦੇ ਹਨ। ਬੇਸ਼ੱਕ, ਜੰਮੂ ਆਪਣੇ ਨਾਲ ਗਰੀਬੜੇ ਚਚੇਰੇ ਭਰਾ ਜਿਹਾ ਸਲੂਕ ਪਸੰਦ ਨਹੀਂ ਕਰਦਾ।
ਭਾਜਪਾ ਲੀਡਰਸ਼ਿਪ ਅਤੇ ਇਸ ਦੇ ਹਮਾਇਤੀਆਂ ਵਿਚਕਾਰ ਇਸ ਸੰਗੀਨ ਅਤੇ ਭਖਵੀਂ ਹਕੀਕੀ ਸਮੱਸਿਆ ਨੂੰ ਬੇਸ਼ੱਕ ਸੁਲਝਾਇਆ ਜਾ ਸਕਦਾ ਹੈ ਪਰ ਸਵਾਲ ਇਹ ਹੈ ਕਿ ਕੀ ਇਸ ਵਿੱਚ ਪਹਿਲਾਂ ਹੀ ਦੇਰ ਹੋ ਚੁੱਕੀ ਹੈ। ਭਾਜਪਾ ਨੂੰ ਇਹ ਗੱਲ ਰਾਸ ਆਉਂਦੀ ਹੈ ਕਿ ਇਸ ਖਿੱਤੇ ਵਿੱਚ ਕਾਂਗਰਸ-ਨੈਸ਼ਨਲ ਕਾਨਫਰੰਸ ਗੱਠਜੋੜ ਡਾਵਾਂਡੋਲ ਹੋ ਜਾਵੇ ਜਾਂ ਇਹ ਬਿਲਕੁਲ ਹੋਵੇ ਹੀ ਨਾ। ਇਹ ਸਵਾਲ ਵਾਕਈ ਅਹਿਮ ਹੈ ਕਿ ਆਰਐੱਸਐੱਸ ਦੇ ਚਿੰਤਕ ਰਾਮ ਮਾਧਵ, ਜਿਸ ਨੇ ਭਾਜਪਾ-ਪੀਡੀਪੀ ਗੱਠਜੋੜ ਕਾਇਮ ਕਰਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਅਤੇ ਫਿਰ ਮੋਦੀ ਸਰਕਾਰ ਨੇ ਉਨ੍ਹਾਂ ਨੂੰ ਚੁੱਪ ਵੀ ਕਰਵਾ ਦਿੱਤਾ ਸੀ, ਨੂੰ ਹੁਣੇ ਜਿਹੇ ਵਾਪਸ ਿਲਆਂਦਾ ਗਿਆ ਹੈ। ਕੀ ਹੁਣ ਉਹ ਵਾਕਈ ਪਾਰਟੀ ਲਈ ਕੁਝ ਕਰ ਸਕਦੇ ਹਨ? ਪਾਰਟੀ ਨੂੰ ਬੇਸਬਰੀ ਨਾਲ ਆਸ ਹੈ ਕਿ ਅਗਲੇ ਕੁਝ ਦਿਨਾਂ ਵਿੱਚ ਪ੍ਰਧਾਨ ਮੰਤਰੀ ਮੋਦੀ ਦੀਆਂ ਹੋਣ ਵਾਲੀਆਂ ਰੈਲੀਆਂ ਨਾਲ ਪਾਸਾ ਪਲਟਣ ਵਿੱਚ ਮਦਦ ਮਿਲੇਗੀ।
ਸਵਾਲ ਇਹ ਹੈ ਕਿ ਭਾਜਪਾ ਨੇ ਜੰਮੂ ਨਾਲ ਕੋਈ ਵੀ ਸ਼ਿਕਵਾ ਨਾ ਕਰਨ ਵਾਲੀ ਪਤਨੀ ਦੀ ਤਰ੍ਹਾਂ ਸਲੂਕ ਕਿਉਂ ਕੀਤਾ ਹੈ, ਇਸ ਕਰ ਕੇ ਕਿਉਂਕਿ ਜੰਮੂ ਹਮੇਸ਼ਾ ਭਾਜਪਾ ਦੇ ਪੱਖ ਵਿੱਚ ਹੀ ਭੁਗਤਦਾ ਰਿਹਾ ਹੈ। ਦੋਵੇਂ ਪਾਰਟੀਆਂ ਜਾਣਦੀਆਂ ਹਨ ਕਿ ਇਹ ਵਿਚਾਰਧਾਰਕ ਲੜਾਈ ਦੀ ਧੁਰੀ ਹੈ, ਇੱਕ ਅਜਿਹਾ ਦਾਗ ਜੋ ਦਹਾਕਿਆਂ ਤੋਂ ਹਿੰਦੂਤਵ ਦੇ ਦਿਲ ਦੀਆਂ ਤਰਬਾਂ ਛੇੜਦਾ ਰਿਹਾ ਹੈ।
ਜਦੋਂ ਜੂਨ 1953 ਵਿੱਚ ਲਖਨਪੁਰ ਵਿੱਚ ਭਾਰਤੀ ਜਨ ਸੰਘ ਦੇ ਵਿਚਾਰਕ ਸ਼ਿਆਮਾ ਪ੍ਰਸ਼ਾਦ ਮੁਕਰਜੀ ਦੀ ਦਿਲ ਦਾ ਦੌਰਾ ਪੈਣ ਕਰ ਕੇ ਮੌਤ ਹੋ ਗਈ ਸੀ ਤਾਂ ਉਹ ਜਵਾਹਰਲਾਲ ਨਹਿਰੂ ਅਤੇ ਸ਼ੇਖ ਅਬਦੁੱਲ੍ਹਾ ਦੀ ਜ਼ਬਰਦਸਤ ਕ੍ਰਿਸ਼ਮਈ ਜੋੜੀ ਵੱਲੋਂ ਧਾਰਾ 370 ਦੇ ਅਮਲ ਖਿਲਾਫ਼ ਜੰਮੂ ਵਿੱਚ ਦਾਖ਼ਲ ਹੋਣ ਦਾ ਯਤਨ ਕਰ ਰਹੇ ਸਨ। ਉਸ ਸੰਵਿਧਾਨਕ ਧਾਰਾ ਨੇ ਪਾਕਿਸਤਾਨ ਨਾਲ ਜਾਣ ਤੋਂ ਨਾਂਹ ਕਰਨ ਮਗਰੋਂ ਭਾਰਤ ਨਾਲ ਰਲੇਵਾਂ ਕਰ ਕੇ ਦੋ ਕੌਮਾਂ ਦੇ ਸਿਧਾਂਤ ਨੂੰ ਰੱਦ ਕਰਨ ਵਾਲੀ ਬਹੁਗਿਣਤੀ ਕਸ਼ਮੀਰੀ ਮੁਸਲਿਮ ਆਬਾਦੀ ਨੂੰ ਇਹ ਯਕੀਨਦਹਾਨੀ ਕਰਾਈ ਸੀ ਕਿ ਉਹ ਹਿੰਦੂ ਬਹੁਗਿਣਤੀ ਭਾਰਤ ਵਿੱਚ ਮਹਿਫ਼ੂਜ਼ ਰਹਿ ਸਕਦੀ ਹੈ।
ਲਖਨਪੁਰ ਵਿੱਚ ਮੁਕਰਜੀ ਦੀ ਮੌਤ ਨਾਲ ਆਰਐੱਸਐੱਸ-ਜਨ ਸੰਘ ਨੂੰ ਧਾਰਾ 370 ਦੀ ਮਨਸੂਖੀ ਨੂੰ ਆਪਣੀ ਵਿਚਾਰਧਾਰਾ ਦਾ ਕੇਂਦਰ ਬਿੰਦੂ ਬਣਾਉਣ ਦਾ ਮੌਕਾ ਮਿਲ ਗਿਆ, ਪਰ ਕੁਝ ਸਮੇਂ ਬਾਅਦ ਇਹ ਬਹਿਸ ਇਤਿਹਾਸ ਵਿੱਚ ਗੁਆਚ ਕੇ ਰਹਿ ਗਈ ਸੀ। ਇਹ ਮਾਮਲਾ ਉਦੋਂ ਤੱਕ ਡੂੰਘਾ ਦਫ਼ਨ ਿਰਹਾ ਜਦੋਂ ਤੱਕ ਅਗਸਤ 2019 ਵਿੱਚ ਨਰਿੰਦਰ ਮੋਦੀ ਨੇ ਇਸ ਤਰਕ ਨੂੰ ਸਥਾਈ ਤੌਰ ’ਤੇ ਠੱਪ ਕਰਨ ਦਾ ਫ਼ੈਸਲਾ ਨਾ ਕਰ ਲਿਆ। ਧਾਰਾ 370 ਇਸ ਲਈ ਰੱਦ ਕੀਤੀ ਗਈ ਕਿਉਂਕਿ ਆਰਐੱਸਐੱਸ-ਭਾਜਪਾ ਦਾ ਮੰਨਣਾ ਸੀ ਕਿ ਹਿੰਦੂ ਬਹੁਗਿਣਤੀ ਵਾਲੇ ਜੰਮੂ ਨੂੰ ਵਾਦੀ ਵਿੱਚ ਭਾਰੂ ਕਸ਼ਮੀਰ ਮੁਸਲਿਮ ਕੁਲੀਨਾਂ ਤੋਂ ਦੋਇਮ ਦਰਜੇ ’ਤੇ ਨਹੀਂ ਵੇਖਿਆ ਜਾਣਾ ਚਾਹੀਦਾ।
ਜੰਮੂ ਹਮੇਸ਼ਾ ਆਪਣੇ ਹਿੱਸੇ ਦੀ ਸੌਦੇਬਾਜ਼ੀ ਕਰਦਾ ਰਿਹਾ ਹੈ। ਜਦੋਂ ਧਾਰਾ 370 ਰੱਦ ਕੀਤੀ ਗਈ ਸੀ ਤਾਂ ਇਸ ਨੇ ਗਲੀਆਂ ਵਿੱਚ ਆ ਕੇ ਜਸ਼ਨ ਮਨਾਏ ਸਨ ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਵਾਦੀ ਵਿੱਚ ਸੰਨਾਟਾ ਛਾਇਆ ਹੋਇਆ ਸੀ, ਇੰਟਰਨੈੱਟ ਬੰਦ ਕਰ ਦਿੱਤਾ ਗਿਆ ਸੀ, ਰੋਸ ਮੁਜ਼ਾਹਰਿਆਂ ’ਤੇ ਪਾਬੰਦੀ ਸੀ ਅਤੇ ਆਗੂਆਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।
ਇਸੇ ਲਈ ਜ਼ਮੀਨੀ ਪੱਧਰ ’ਤੇ ਹਲਕਾ-ਦਰ-ਹਲਕਾ, ਮੁਹੱਲਾ-ਦਰ-ਮੁਹੱਲਾ, ਪਿੰਡ-ਦਰ-ਪਿੰਡ ਲੜੀਆਂ ਜਾਣ ਵਾਲੀਆਂ ਇਹ ਚੋਣਾਂ ਬਹੁਤ ਅਹਿਮੀਅਤ ਰੱਖਦੀਆਂ ਹਨ। ਕੀ ਜੋ ਭਾਜਪਾ ਚਾਹੁੰਦੀ ਹੈ, ਜੰਮੂ ਉਸ ਨੂੰ ਦੇਵੇਗਾ- ਮੁੜ ਗਠਿਤ ਜੰਮੂ ਕਸ਼ਮੀਰ ਵਿਧਾਨ ਸਭਾ ਵਿੱਚ ਐਨੀਆਂ ਕੁ ਸੀਟਾਂ ਜਿਸ ਦੇ ਆਸਰੇ ਇਹ ਮੁੜ ਸੱਤਾ ਵਿੱਚ ਆਉਣ ਲਾਇਕ ਲੈਣ ਦੇਣ ਕਰ ਸਕੇ? ਜਾਂ ਫਿਰ ਖਿੱਤੇ ਵੱਲੋਂ ਆਪਣੇ ਆਕਾਵਾਂ ਨੂੰ ਮੁੜ ਨਵੇਂ ਸਿਰਿਓਂ ਵੱਖਰੇ ਨੇਮਾਂ ਮੁਤਾਬਿਕ ਮੈਦਾਨ ’ਚ ਨਿੱਤਰਨ ਲਈ ਆਖੇਗਾ। ਭਾਵ ਧਾਰਾ 370 ਨੂੰ ਹਮੇਸ਼ਾ ਲਈ ਦਫ਼ਨ ਕਰ ਦਿੱਤਾ ਜਾਵੇ ਪਰ ਨਾਲ ਹੀ ਵਿਚਾਰਧਾਰਕ ਪਾੜੇ ਨੂੰ ਪੂਰਦਿਆਂ ਵਾਦੀ ਅਤੇ ਜੰਮੂ ਨੂੰ ਇਕਜੁੱਟ ਕਰ ਦਿੱਤਾ ਜਾਵੇ ਤਾਂ ਕਿ ਇਸ ਹਿਮਾਲਿਆ ਜਿੱਡੇ ਖੱਪੇ ਨੂੰ ਪੂਰ ਦਿੱਤਾ ਜਾਵੇ ਅਤੇ ਸਮੁੱਚੇ ਜੰਮੂ ਕਸ਼ਮੀਰ ਰਾਜ ਨੂੰ ਇੱਕ ਵਾਰ ਫਿਰ ਊਰਜਾ ਨਾਲ ਸਿੰਜਿਆ ਜਾਵੇ।
* ਲੇਖਕਾ ‘ਦਿ ਟ੍ਰਿਬਿਊਨ’ ਦੀ ਮੁੱਖ ਸੰਪਾਦਕ ਹੈ।

Advertisement

Advertisement
Author Image

joginder kumar

View all posts

Advertisement