For the best experience, open
https://m.punjabitribuneonline.com
on your mobile browser.
Advertisement

ਭਾਜਪਾ ਜੰਮੂ-ਕਸ਼ਮੀਰ ਦਾ ਸੂਬਾਈ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕਰੇਗੀ: ਮੋਦੀ

08:07 AM Sep 20, 2024 IST
ਭਾਜਪਾ ਜੰਮੂ ਕਸ਼ਮੀਰ ਦਾ ਸੂਬਾਈ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕਰੇਗੀ  ਮੋਦੀ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਨਮਾਨ ਕਰਦੇ ਹੋਏ ਭਾਜਪਾ ਆਗੂ। -ਫੋਟੋ: ਪੀਟੀਆਈ
Advertisement

ਸ੍ਰੀਨਗਰ/ਕਟੜਾ, 19 ਸਤੰਬਰ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਜੰਮੂ-ਕਸ਼ਮੀਰ ਦੇ ਲੋਕ ਜਮਹੂਰੀਅਤ ਦਾ ਜਸ਼ਨ ਮਨਾ ਰਹੇ ਹਨ ਅਤੇ ਨੌਜਵਾਨਾਂ ਦਾ ਲੋਕਤੰਤਰ ਵਿਚ ਭਰੋਸਾ ਬਹਾਲ ਹੋਇਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਵੱਲੋਂ ਜੰਮੂ-ਕਸ਼ਮੀਰ ਦਾ ਰਾਜ ਦਾ ਰੁਤਬਾ ਬਹਾਲ ਕਰਨ ਦਾ ਵਾਅਦਾ ਪੂਰਾ ਕੀਤਾ ਜਾਵੇਗਾ।
ਕਾਂਗਰਸ ਅਤੇ ਨੈਸ਼ਨਲ ਕਾਨਫਰੰਸ ਦੇ ਗੱਠਜੋੜ ’ਤੇ ਗੁਆਂਢੀ ਮੁਲਕ ਪਾਕਿਸਤਾਨ ਦਾ ਏਜੰਡਾ ਲਾਗੂ ਕਰਨ ਦਾ ਦੋਸ਼ ਲਾਉਂਦਿਆਂ ਉਨ੍ਹਾਂ ਕਿਹਾ ਕਿ ਧਰਤੀ ਦੀ ਕੋਈ ਵੀ ਤਾਕਤ ਜੰਮੂ ਕਸ਼ਮੀਰ ’ਚ ਧਾਰਾ 370 ਬਹਾਲ ਨਹੀਂ ਕਰ ਸਕਦੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਪਾਕਿਸਤਾਨ ਦਾ ਏਜੰਡਾ ਹਿੰਸਾ ਅਤੇ ਅਸ਼ਾਂਤੀ ਫੈਲਾਉਣਾ ਹੈ। ਪ੍ਰਧਾਨ ਮੰਤਰੀ ਨੇ ਇਹ ਜ਼ੁਬਾਨੀ ਹਮਲਾ ਉਸ ਸਮੇਂ ਕੀਤਾ ਜਦੋਂ ਪਾਕਿਸਤਾਨੀ ਰੱਖਿਆ ਮੰਤਰੀ ਖਵਾਜਾ ਆਸਿਫ਼ ਨੇ ਬਿਆਨ ਦਿੱਤਾ ਕਿ ਉਨ੍ਹਾਂ ਦਾ ਮੁਲਕ ਜੰਮੂ ਕਸ਼ਮੀਰ ਦੇ ਵਿਸ਼ੇਸ਼ ਦਰਜੇ ਅਤੇ ਸੂਬੇ ਦਾ ਰੁਤਬਾ ਬਹਾਲ ਕਰਨ ਦੇ ਮੁੱਦੇ ’ਤੇ ਨੈਸ਼ਨਲ ਕਾਨਫਰੰਸ ਤੇ ਕਾਂਗਰਸ ਨਾਲ ਹੈ। ਮੋਦੀ ਨੇ ਅੱਜ ਸ੍ਰੀਨਗਰ ਅਤੇ ਕਟੜਾ ਵਿਚ ਭਾਜਪਾ ਉਮੀਦਵਾਰਾਂ ਦੇ ਹੱਕ ਵਿਚ ਰੈਲੀਆਂ ਕੀਤੀਆਂ। ਕਾਂਗਰਸ, ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਉਤੇ ਹਮਲਾ ਬੋਲਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਤਿੰਨ ਪਾਰਟੀਆਂ ਅਤੇ ਪਰਿਵਾਰਾਂ ਨੇ ਆਪਣੇ ਹਿੱਤਾਂ ਲਈ ਜਮਹੂਰੀਅਤ ਅਤੇ ਕਸ਼ਮੀਰੀਅਤ ਨੂੰ ‘ਦਰੜਿਆ’ ਹੈ।
ਉਨ੍ਹਾਂ ਲੋਕਾਂ ਨੂੰ ਖ਼ਬਰਦਾਰ ਕਰਦਿਆਂ ਕਿਹਾ ਕਿ ਕਾਂਗਰਸ ਨੂੰ ਮਿਲਣ ਵਾਲਾ ਹਰ ਵੋਟ ਨੈਸ਼ਨਲ ਕਾਨਫਰੰਸ ਅਤੇ ਪੀਡੀਪੀ ਦੇ ਚੋਣ ਮਨੋਰਥ ਪੱਤਰ ਨੂੰ ਲਾਗੂ ਕਰੇਗਾ। ਮੋਦੀ ਨੇ ਕਿਹਾ, ‘‘ਉਹ ਧਾਰਾ 370 ਬਹਾਲ ਕਰਨਗੇ ਅਤੇ ਹਿੰਸਾ ਤੇ ਖ਼ੂਨ-ਖ਼ਰਾਬੇ ਦਾ ਦੌਰ ਮੁੜ ਸ਼ੁਰੂ ਹੋ ਜਾਵੇਗਾ। ਇਥੋਂ ਦੇ ਲੋਕਾਂ ’ਚ ਨੈਸ਼ਨਲ ਕਾਨਫਰੰਸ ਅਤੇ ਕਾਂਗਰਸ ਦੇ ਗੱਠਜੋੜ ’ਚ ਭਾਵੇਂ ਕੋਈ ਜੋਸ਼ ਨਾ ਹੋਵੇ ਪਰ ਗੁਆਂਢੀ ਮੁਲਕ ਬਹੁਤ ਉਤਸ਼ਾਹਿਤ ਹੈ। ਉਨ੍ਹਾਂ ਦੀ ਬੱਲੇ-ਬੱਲੇ ਪਾਕਿਸਤਾਨ ’ਚ ਹੋ ਰਹੀ ਹੈ।’’ -ਪੀਟੀਆਈ

Advertisement

‘ਕਾਂਗਰਸ ਆਗੂ ਨਕਸਲੀ ਵਿਚਾਰਧਾਰਾ ਫੈਲਾਅ ਰਹੇ ਨੇ’

ਕਟੜਾ:

Advertisement

ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਅਮਰੀਕਾ ਦੌਰੇ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਕਾਂਗਰਸ ਦਾ ਜਾਨਸ਼ੀਨ ਵਿਦੇਸ਼ੀ ਧਰਤੀ ’ਤੇ ਆਖਦਾ ਹੈ ਕਿ ਦੇਵੀ-ਦੇਵਤੇ ਭਗਵਾਨ ਨਹੀਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਭਗਵਾਨ ਦਾ ਅਪਮਾਨ ਕਰਦੀ ਰਹੀ ਹੈ ਅਤੇ ਉਸ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਮੋਦੀ ਨੇ ਕਿਹਾ ਕਿ ਇਹ ਨਕਸਲੀ ਵਿਚਾਰਧਾਰਾ ਹੈ ਅਤੇ ਅਜਿਹੇ ਵਿਚਾਰ ਹੋਰ ਧਰਮਾਂ ਤੇ ਮੁਲਕਾਂ ਤੋਂ ਲਏ ਗਏ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਕਾਂਰਗਸ ਨੇ ਨਕਸਲ ਵਿਚਾਰਧਾਰਾ ਦੇ ਅਸਰ ਹੇਠ ਡੋਗਰਾ ਸ਼ਾਸਕਾਂ ’ਤੇ ਆਧਾਰਹੀਣ ਦੋਸ਼ ਲਾਏ ਸਨ। ਉਨ੍ਹਾਂ ਕਿਹਾ, ‘‘ਕਾਂਗਰਸ ਦੇਸ਼ ਦਾ ਸਭ ਤੋਂ ਵਧ ਭ੍ਰਿਸ਼ਟ ਪਰਿਵਾਰ ਹੈ ਅਤੇ ਇਹੋ ਭ੍ਰਿਸ਼ਟਾਚਾਰ ਦੀ ਜੜ੍ਹ ਹੈ।’’ ਰਾਹੁਲ ਵੱਲੋਂ ਨਫ਼ਰਤ ਖ਼ਿਲਾਫ਼ ਚਲਾਈ ਗਈ ਮੁਹਿੰਮ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸੀ ਆਗੂ ਮੁਹੱਬਤ ਦੀ ਦੁਕਾਨ ਦੇ ਨਾਮ ਹੇਠ ਨਫ਼ਰਤ ਦਾ ਸੌਦਾ ਕਰ ਰਹੇ ਹਨ। -ਪੀਟੀਆਈ

ਦਹਿਸ਼ਤਗਰਦੀ ਲਈ ਰੁਬੱਈਆ ਸਈਦ ਦੀ ਰਿਹਾਈ ਤੇ ਜਹਾਜ਼ ਅਗਵਾ ਕਾਂਡ ਜ਼ਿੰਮੇਵਾਰ: ਫਾਰੂਕ

ਜੰਮੂ:

ਨੈਸ਼ਨਲ ਕਾਨਫਰੰਸ ਦੇ ਮੁਖੀ ਫਾਰੂਕ ਅਬਦੁੱਲਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਮੋੜਵਾਂ ਜਵਾਬ ਦਿੰਦਿਆਂ ਕਿਹਾ ਕਿ ਖ਼ਿੱਤੇ ’ਚ ਦਹਿਸ਼ਤਗਰਦੀ ਫੈਲਣ ਲਈ 1989 ’ਚ ਰੁਬੱਈਆ ਸਈਦ ਦੀ ਰਿਹਾਈ ਦੇ ਬਦਲੇ ਦਹਿਸ਼ਤਗਰਦਾਂ ਨੂੰ ਛੱਡਣ ਅਤੇ 1999 ’ਚ ਇੰਡੀਅਨ ਏਅਰਲਾਈਨਜ਼ ਦਾ ਜਹਾਜ਼ ਅਗਵਾ ਕਾਂਡ ਜ਼ਿੰਮੇਵਾਰ ਹਨ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਨੈਸ਼ਨਲ ਕਾਨਫਰੰਸ ਦਾ ਧੰਨਵਾਦੀ ਹੋਣਾ ਚਾਹੀਦਾ ਹੈ ਕਿਉਂਕਿ ਜੇ ਉਹ ਨਾ ਹੁੰਦੇ ਤਾਂ ਇਹ ਖ਼ਿੱਤਾ ਵੀ ਪਾਕਿਸਤਾਨ ਦਾ ਹਿੱਸਾ ਹੁੰਦਾ। ਪਾਰਟੀ ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਿਰਫ਼ ਪਰਿਵਾਰਵਾਦ ਦਾ ਮੁੱਦਾ ਚੁੱਕ ਰਹੇ ਹਨ ਕਿਉਂਕਿ ਉਨ੍ਹਾਂ ਕੋਲ ਹੋਰ ਕੋਈ ਮੁੱਦਾ ਨਹੀਂ ਹੈ। -ਪੀਟੀਆਈ

Advertisement
Tags :
Author Image

joginder kumar

View all posts

Advertisement