For the best experience, open
https://m.punjabitribuneonline.com
on your mobile browser.
Advertisement

ਮੰਡੀਆਂ ਤਬਾਹ ਕਰਨਾ ਚਾਹੁੰਦੀ ਹੈ ਭਾਜਪਾ: ਭਰਤ ਗੁਪਤਾ

10:39 AM Apr 07, 2024 IST
ਮੰਡੀਆਂ ਤਬਾਹ ਕਰਨਾ ਚਾਹੁੰਦੀ ਹੈ ਭਾਜਪਾ  ਭਰਤ ਗੁਪਤਾ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਸਤਨਾਮ ਸਿੰਘ
ਸ਼ਾਹਬਾਦ ਮਾਰਕੰਡਾ, 6 ਅਪਰੈਲ
ਕੁਰੂਕਸ਼ੇਤਰ ਲੋਕ ਸਭਾ ਹਲਕੇ ਤੋਂ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਸੁਸ਼ੀਲ ਗੁਪਤਾ ਦੇ ਪੁੱਤਰ ਭਰਤ ਗੁਪਤਾ ਨੇ ਕਿਹਾ ਹੈ ਕਿ ਭਾਜਪਾ ਸਰਕਾਰ ਕਿਸਾਨ ਵਿਰੋਧੀ ਹੈ ਤੇ ਕਿਸਾਨਾਂ ਨੂੰ ਗੁਲਾਮ ਬਣਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਫਸਲ ਮੰਡੀਆਂ ਵਿਚ ਨਹੀਂ ਸਗੋਂ ਅਡਾਨੀ ਨੂੰ ਵੇਚਣ ਲਈ ਮਜਬੂਰ ਕੀਤਾ ਜਾ ਰਿਹਾ ਹੈ ਕਿਉਂਕਿ ਭਾਜਪਾ ਅਡਾਨੀ ਨੂੰ ਫਾਇਦਾ ਦੇਣ ਲਈ ਹਰਿਆਣਾ ਦੀਆਂ ਮੰਡੀਆਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਰਚ ਰਹੀ ਹੈ। ਭਰਤ ਗੁਪਤਾ ਆਪਣੇ ਪਿਤਾ ਦੀ ਚੋਣ ਮੁਹਿੰਮ ਤਹਿਤ ਪਿੰਡ ਪਟਾਕ ਮਾਜਰਾ ਵਿਚ ਪਿੰਡ ਵਾਸੀਆਂ ਨੂੰ ਸੰਬੋਧਨ ਕਰਨ ਉਪਰੰਤ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ।
ਉਨ੍ਹਾਂ ਕਿਹਾ ਕਿ ਭਾਜਪਾ ਚੋਣਾਂ ਵਿਚ ਜੋ ਧੋਖਾ, ਪੈਸਾ, ਭੇਦਭਾਵ ਆਦਿ ਢੰਗ ਵਰਤ ਰਹੀ ਹੈ, ਉਸ ਦਾ ਉਸ ਨੂੰ ਕੋਈ ਫਾਇਦਾ ਨਹੀਂ ਹੋਣਾ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਨੂੰ ਬਰਬਾਦੀ ਦੇ ਕੰਢੇ ’ਤੇ ਪਹੁੰਚਾ ਦਿੱਤਾ ਹੈ ਤੇ ਬੇਰੁਜ਼ਗਾਰੀ ਸਿਖਰਾਂ ’ਤੇ ਹੈ।
ਉਨ੍ਹਾਂ ਕਿਹਾ ਕਿ ਚੋਣ ਬਾਂਡ ਦਾ ਜੋ ਕਿੱਸਾ ਸਾਹਮਣੇ ਆਇਆ ਹੈ, ਉਸ ਤੋਂ ਸਾਫ ਜ਼ਾਹਿਰ ਹੈ ਕਿ ਭਾਜਪਾ ਨੇ ਹੀ ਸ਼ਰਾਬ ਘੁਟਾਲੇ ਦੇ ਮੁੱਖ ਮੁਲਜ਼ਮ ਤੋਂ 60 ਕਰੋੜ ਰੁਪਏ ਦੀ ਰਿਸ਼ਵਤ ਲੈ ਕੇ ਉਸ ਨੂੰ ਜੇਲ੍ਹ ਤੋਂ ਬਾਹਰ ਕਰਵਾਇਆ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੀਆਂ ਨੀਤੀਆਂ ਦਾ ਅੱਜ ਤਿੱਖਾ ਵਿਰੋਧ ਹੋ ਰਿਹਾ ਹੈ ਤੇ ਹਰਿਆਣਾ ਵਿਚ ਕਈ ਥਾਵਾਂ ’ਤੇ ਭਾਜਪਾ ਉਮੀਦਵਾਰਾਂ ਨੂੰ ਵੜਨ ਨਹੀਂ ਦਿੱਤਾ ਜਾ ਰਿਹਾ। ਭਰਤ ਨੇ ਕਿਹਾ ਕਿ ਸਾਡਾ ਸੰਕਲਪ ਹੈ ਕਿ ਹਰਿਆਣਾ ਦੀਆਂ ਸਾਰੀਆਂ 10 ਲੋਕ ਸਭਾ ਸੀਟਾਂ ਤੋਂ ਭਾਜਪਾ ਨੂੰ ਹਰਾਵਾਂਗੇ ਤੇ ਹਰਿਆਣਾ ਦੇ ਲੋਕ ਇੰਡੀਆ ਗੱਠਜੋੜ ਦੇ ਹਰ ਉਮੀਦਵਾਰ ਨੂੰ ਪੂਰਾ ਸਮਰਥਨ ਦੇਣਗੇ।
ਉਨ੍ਹਾਂ ਕਿਹਾ ਕਿ ਭਾਜਪਾ ਭ੍ਰਿਸ਼ਟਾਚਾਰ ਵਿਚ ਪਹਿਲੇ ਨੰਬਰ ’ਤੇ ਹੈ ਤੇ ਅੱਜ ਸਭ ਤੋਂ ਜ਼ਿਆਦਾ ਭ੍ਰਿਸ਼ਟ ਲੋਕ ਭਾਜਪਾ ’ਚ ਹੀ ਹਨ। ਉਨ੍ਹਾਂ ਕਿਹਾ ਕਿ ਤਾਊ ਦੇਵੀ ਲਾਲ ਦਾ ਪੋਤਰਾ ਕੁਰੂਕਸ਼ੇਤਰ ਤੋਂ ਚੋਣ ਲੜਨ ਆਇਆ ਹੈ, ਉਹ ਤਾਊ ਦੇਵੀ ਲਾਲ ਦਾ ਪੋਤਰਾ ਨਹੀਂ ਸਗੋਂ ਭਾਜਪਾ ਦਾ ਇੱਕ ਆਗੂ ਹੈ, ਜੋ ਇੰਡੀਆ ਗੱਠਜੋੜ ਦੀਆਂ ਵੋਟਾਂ ਕੱਟਣ ਲਈ ਉਸ ਦੇ ਇਸ਼ਾਰੇ ’ਤੇ ਕੰਮ ਕਰੇਗਾ। ਉਨ੍ਹਾਂ ਕਿਹਾ ਕਿ ਇਸ ਵਾਰ 400 ਦਾ ਅੰਕੜਾ ਪਾਰ ਕਰਨ ਦਾ ਨਾਅਰਾ ਬੁਲੰਦ ਕਰਨ ਵਾਲੀ ਪਾਰਟੀ 40 ਦਾ ਅੰਕੜਾ ਵੀ ਪਾਰ ਨਹੀਂ ਕਰ ਸਕੇਗੀ।

Advertisement

Advertisement
Author Image

sukhwinder singh

View all posts

Advertisement
Advertisement
×