ਭਾਜਪਾ ਨੇ ਕਸ਼ਮੀਰੀ ਪੰਡਿਤਾਂ ਦੇ ਦਰਦ ਨੂੰ ‘ਹਥਿਆਰ’ ਵਜੋਂ ਵਰਤਿਆ: ਮਹਬਿੂਬਾ
ਸ੍ਰੀਨਗਰ, 9 ਅਪਰੈਲ
ਪੀਪਲਜ਼ ਡੈਮੋਕਰੈਟਿਕ ਪਾਰਟੀ (ਪੀਡੀਪੀ) ਦੀ ਮੁਖੀ ਮਹਬਿੂਬਾ ਮੁਫ਼ਤੀ ਨੇ ਅੱਜ ਕਿਹਾ ਕਿ ਭਾਜਪਾ ਨੇ ਕਸ਼ਮੀਰੀ ਪੰਡਿਤ ਭਾਈਚਾਰੇ ਦੇ ਦਰਦ ਅਤੇ ਦੁੱਖ ਨੂੰ ਦੇਸ਼ ਭਰ ਵਿੱਚ ਵੋਟਾਂ ਹਾਸਲ ਕਰਨ ਲਈ ‘ਹਥਿਆਰ’ ਵਜੋਂ ਵਰਤਿਆ ਹੈ। ਮਹਬਿੂਬਾ ਮੁਫਤੀ ਨੇ ਦੋਸ਼ ਲਾਇਆ, ‘‘ਭਾਜਪਾ ਨੇ ਕਸ਼ਮੀਰੀ ਪੰਡਿਤਾਂ ਨੂੰ ਨਾ ਸਿਰਫ ਵੋਟ ਬੈਂਕ ਵਜੋਂ ਸਗੋਂ ਹਥਿਆਰ ਵਜੋਂ ਵੀ ਵਰਤਿਆ। ਉਸ ਨੇ ਕਸ਼ਮੀਰੀ ਪੰਡਿਤਾਂ ਦੇ ਦੁੱਖ ਨੂੰ ਹਥਿਆਰ ਵਜੋਂ ਵਰਤਿਆ ਅਤੇ ਫਿਰ ਉਸ ਹਥਿਆਰ ਨੂੰ ਦੂਜਿਆਂ ਦੀਆਂ ਵੋਟਾਂ ਹਾਸਲ ਕਰਨ ਲਈ ਵਰਤਿਆ।’’ ਇਸ ਦੌਰਾਨ ਉਨ੍ਹਾਂ ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਦੀ ਉਮੀਦ ਜਤਾਈ।
ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ, ‘‘ਪੰਡਿਤ ਭਾਈਚਾਰੇ ਦੀਆਂ ਆਪਣੀਆਂ ਬਹੁਤੀਆਂ ਵੋਟਾਂ ਨਹੀਂ ਹਨ ਪਰ ਭਾਜਪਾ ਨੇ ਉਨ੍ਹਾਂ ਲਈ ਕੁਝ ਕੀਤੇ ਬਿਨਾਂ ਉਨ੍ਹਾਂ ਦੇ ਦੁੱਖ-ਦਰਦ ਦੀ ਵਰਤੋਂ ਕੀਤੀ ਅਤੇ ਉਨ੍ਹਾਂ ਦੇ ਨਾਂ ’ਤੇ ਵੋਟਾਂ ਹਾਸਲ ਕੀਤੀਆਂ।’’ ਸਾਬਕਾ ਮੁੱਖ ਮੰਤਰੀ ਮਹਬਿੂਬਾ ਮੁਫਤੀ ਨੇ ਕਿਹਾ ਕਿ ਜਦੋਂ ਤੋਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਜੰਮੂ ਕਸ਼ਮੀਰ ਵਿੱਚ ਸਿੱਧੇ ਤੌਰ ’ਤੇ ਪ੍ਰਸ਼ਾਸਨ ਚਲਾਉਣਾ ਸ਼ੁਰੂ ਕੀਤਾ ਹੈ ਉਦੋਂ ਤੋਂ ਇੱਥੇ ਰਹਿੰਦੇ ਕਸ਼ਮੀਰੀ ਪੰਡਿਤ ਵੀ ਇੱਥੋਂ ਚਲੇ ਗਏ ਹਨ।
ਉਨ੍ਹਾਂ ਕਿਹਾ, ‘‘ਦੇਸ਼ ਵਿੱਚ ਇਹ ਕੀ ਹੋ ਰਿਹਾ ਹੈ? ਸਾਡੇ ਭਾਈਚਾਰੇ ਦੇ ਲੋਕਾਂ ਦੀ ਭੀੜ ਵੱਲੋਂ ਕੁੱਟਮਾਰ ਕੀਤੀ ਜਾਂਦੀ ਹੈ, ਉਨ੍ਹਾਂ ਦੀ ਹੱਤਿਆ ਕੀਤੀ ਜਾਂਦੀ ਹੈ। ਸਾਡੀਆਂ ਮਸਜਿਦਾਂ ਅਤੇ ਮਦਰੱਸਿਆਂ ਨੂੰ ਢਾਹਿਆ ਜਾਂਦਾ ਹੈ। ਘਰਾਂ ਦਾ ਨੁਕਸਾਨ ਕੀਤਾ ਜਾਂਦਾ ਹੈ। ਸਾਡੇ ਦੇਸ਼ ਦੇ ਲੋਕ, ਸਾਡੇ ਹਿੰਦੂ ਭਰਾ ਧਰਮ ਨਿਰਪੱਖ ਹਨ। ਉਹ ਇਸ ਵਿੱਚ ਵਿਸ਼ਵਾਸ ਨਹੀਂ ਰੱਖਦੇ। ਇਹ ਉਨ੍ਹਾਂ ਲਈ ਇੱਕ ਸਬਕ ਹੈ ਕਿ ਕਈ ਪੰਡਿਤ ਬਹੁਤ ਔਖੇ ਸਮੇਂ ਵਿੱਚ ਵੀ ਇੱਥੇ ਰਹਿੰਦੇ ਹਨ ਅਤੇ ਮੁਸਲਮਾਨ ਤੇ ਹਿੰਦੂ ਇੱਥੇ ਉਸੇ ਤਰ੍ਹਾਂ ਰਹਿਣ ਲਈ ਤਿਆਰ ਹਨ ਜਿਵੇਂ ਉਹ ਰਿਹਾ ਕਰਦੇ ਸਨ।’’
ਘਾਟੀ ਵਿੱਚ ਕਸ਼ਮੀਰੀ ਪੰਡਿਤਾਂ ਦੀ ਵਾਪਸੀ ਬਾਰੇ ਗੱਲਬਾਤ ਕਰਦਿਆਂ ਮਹਬਿੂਬਾ ਨੇ ਕਿਹਾ ਕਿ ਇਸ ਭਾਈਚਾਰੇ ਨੂੰ ਕਿਸੇ ਸਰਕਾਰ ਦੀ ਮਦਦ ਦੀ ਲੋੜ ਨਹੀਂ ਹੈ। -ਪੀਟੀਆਈ