ਭਾਜਪਾ ਨੇ ਝਾਰਖੰਡ ’ਚ ਸਰਕਾਰ ‘ਚੋਰੀ’ ਕਰਨ ਦੀ ਕੋਸ਼ਿਸ਼ ਕੀਤੀ: ਰਾਹੁਲ
ਗੋਡਾ (ਝਾਰਖੰਡ), 3 ਫਰਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਝਾਰਖੰਡ ’ਚ ਸਰਕਾਰ ਦੀ ‘ਚੋਰੀ’ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਾਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੇ ਲੋਕ ਫਤਵੇ ਦੀ ਰਾਖੀ ਲਈ ਦਖਲ ਦਿੱਤਾ ਹੈ।
ਗੋਡਾ ਜ਼ਿਲ੍ਹੇ ’ਚ ਕਾਂਗਰਸ ਦੀ ‘ਭਾਰਤ ਜੋੜੋ ਨਿਆਏ ਯਾਤਰਾ’ ਦੌਰਾਨ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਝਾਰਖੰਡ ਮੁਕਤੀ ਮੋਰਚਾ (ਜੇਐੱਮਐੱਮ) ਦੀ ਅਗਵਾਈ ਹੇਠਲੀ ਗੱਠਜੋੜ ਸਰਕਾਰ ਨੂੰ ਬਚਾਉਣ ’ਚ ਕਾਂਗਰਸ ਦੀ ਭੂਮਿਕਾ ਬਾਰੇ ਦੱਸਿਆ। ਉਨ੍ਹਾਂ ਇੱਕ ਵਾਰ ਫਿਰ ਭਾਜਪਾ ਦੀ ਵਿਚਾਰਧਾਰਾ ਦਾ ਵਿਰੋਧ ਕਰਨ ਦੀ ਆਪਣੀ ਪ੍ਰਤੀਬੱਧਤਾ ਜ਼ਾਹਿਰ ਕੀਤੀ। ਉਹ ਬਾਅਦ ਵਿੱਚ ਦਿਓਘਰ ਪੁੱਜੇ ਅਤੇ ਇੱਥੇ ਬੈਦਯਨਾਥ ਧਾਮ ’ਚ ਪੂਜਾ ਕੀਤੀ ਤੇ ਇਸ ਤੋਂ ਇਲਾਵਾ ਇੱਕ ਹੋਰ ਰੈਲੀ ਨੂੰ ਵੀ ਸੰਬੋਧਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ, ‘ਦੇਸ਼ ਦੇ ਨੌਜਵਾਨ ਰੁਜ਼ਗਾਰ ਚਾਹੁੰਦੇ ਹਨ। ਭਾਜਪਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਦੇਸ਼ ਅੰਦਰ ਬੇਰੁਜ਼ਗਾਰੀ ਦੀ ਬਿਮਾਰੀ ਫੈਲਾ ਦਿੱਤੀ ਹੈ। ਇਹ ਨਵੀਂ ਬਿਮਾਰੀ ਦੇਸ਼ ਦੇ ਨੌਜਵਾਨਾਂ ਨੂੰ ਬਿਮਾਰ ਕਰ ਰਹੀ ਹੈ ਅਤੇ ਉਨ੍ਹਾਂ ਦਾ ਭਵਿੱਖ ਤਬਾਹ ਕਰ ਰਹੀ ਹੈ।’ ਉਨ੍ਹਾਂ ਨਾਲ ਹੀ ਦੇਸ਼ ਅੰਦਰ ਕਬਾਇਲੀਆਂ, ਦਲਿਤਾਂ ਤੇ ਪੱਛੜੇ ਵਰਗ ਦੇ ਲੋਕਾਂ ਦੀ ਅਸਲ ਗਿਣਤੀ ਪਤਾ ਲਾਉਣ ਲਈ ਜਾਤੀ ਆਧਾਰਿਤ ਜਨਗਣਨਾ ਕਰਾਉਣ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਦੇਸ਼ ਅੰਦਰ ਕਬਾਇਲੀਆਂ, ਦਲਿਤਾਂ ਤੇ ਪੱਛੜੇ ਵਰਗ ਦੇ ਲੋਕਾਂ ਨਾਲ ਬੇਇਨਸਾਫੀ ਲਗਾਤਾਰ ਵਧ ਰਹੀ ਹੈ।’
ਮਨੀਪੁਰ ਤੋਂ 14 ਜਨਵਰੀ ਨੂੰ ਸ਼ੁਰੂ ਹੋਈ ਇਹ ਯਾਤਰਾ ਬੀਤੇ ਦਿਨ ਦੁਪਹਿਰ ਨੂੰ ਪੱਛਮੀ ਬੰਗਾਲ ਤੋਂ ਪਾਕੁੜ ਜ਼ਿਲ੍ਹੇ ’ਚੋਂ ਹੁੰਦੀ ਹੋਈ ਝਾਰਖੰਡ ਪਹੁੰਚੀ। ਕਾਂਗਰਸ ਦੇ ਤਰਜਮਾਨ ਰਾਕੇਸ਼ ਸਿਨਹਾ ਨੇ ਦੱਸਿਆ ਕਿ ਪਾਕੁੜ ਦੇ ਲਿੱਟੀਪਾੜਾ ’ਚ ਰਾਤ ਨੂੰ ਆਰਾਮ ਮਗਰੋਂ ਅੱਜ ਸਵੇਰੇ ਗੋਡਾ ਜ਼ਿਲ੍ਹੇ ਦੇ ਸਰਕੰਡਾ ਚੌਕ ਤੋਂ ਯਾਤਰਾ ਮੁੜ ਸ਼ੁਰੂ ਹੋਈ। -ਪੀਟੀਆਈ
ਭਾਜਪਾ ਦੇ ਮੁਕਾਬਲੇ ਲਈ ਸਾਰੀਆਂ ਪਾਰਟੀਆਂ ਇਕਜੁੱਟ ਹੋਣ: ਜੈਰਾਮ
ਗੋਡਾ: ਕਾਂਗਰਸ ਦੇ ਸੀਨੀਅਰ ਨੇਤਾ ਜੈਰਾਮ ਰਮੇਸ਼ ਨੇ ਅੱਜ ਇੱਥੇ ਕਿਹਾ ਕਿ ਪਾਰਟੀ ਦਾ ਮੰਨਣਾ ਹੈ ਕਿ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਹੁਣ ਵੀ ਵਿਰੋਧੀ ਗੱਠਜੋੜ ‘ਇੰਡੀਆ’ ਦਾ ਹਿੱਸਾ ਹਨ ਅਤੇ ਲੋਕ ਸਭਾ ਚੋਣਾਂ ਵਿੱਚ ਭਾਜਪਾ ਨਾਲ ਮੁਕਾਬਲੇ ਲਈ ਸਾਰੀਆਂ ਪਾਰਟੀਆਂ ਨੂੰ ਇਕਜੁੱਟ ਹੋਣਾ ਚਾਹੀਦਾ ਹੈ। ਰਮੇਸ਼ ਦਾ ਇਹ ਬਿਆਨ ਅਜਿਹੇ ਵੇਲੇ ਆਇਆ ਹੈ, ਜਦੋਂ ਮਮਤਾ ਬੈਨਰਜੀ ਨੇ ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਕਿਹਾ ਸੀ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਕੀ ਕਾਂਗਰਸ ਅਗਾਮੀ ਲੋਕ ਸਭਾ ਚੋਣਾਂ ਵਿੱਚ 40 ਸੀਟਾਂ ਵੀ ਜਿੱਤ ਸਕੇਗੀ। ਗੋਡਾ ਵਿੱਚ ਰਾਹੁਲ ਗਾਂਧੀ ਦੀ ਅਗਵਾਈ ਵਾਲੀ ‘ਭਾਰਤ ਜੋੜੋ ਨਿਆਏ ਯਾਤਰਾ’ ਮੌਕੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਮੰਨਦੇ ਹਾਂ ਕਿ ਉਹ (ਮਮਤਾ ਬੈਨਰਜੀ) 27 ਪਾਰਟੀਆਂ ਦੇ ਸਮੂਹ ‘ਇੰਡੀਆ’ ਦਾ ਹੁਣ ਵੀ ਹਿੱਸਾ ਹੈ। ਉਨ੍ਹਾਂ ਦਾ ਦਾਅਵਾ ਹੈ ਕਿ ਉਨ੍ਹਾਂ ਦੀ ਪਹਿਲ ਭਾਜਪਾ ਦਾ ਮੁਕਾਬਲਾ ਕਰਨਾ ਹੈ। ਸਾਡੀ ਪਹਿਲ ਵੀ ਭਾਜਪਾ ਨਾਲ ਮੁਕਾਬਲਾ ਕਰਨਾ ਹੈ। ਮੈਨੂੰ ਲੱਗਦਾ ਹੈ ਕਿ ਜੇਕਰ ਹੁਣ ਸਭ ਇਕਜੁੱਟ ਹੋਣ ਤਾਂ ਬਿਹਤਰ ਹੋਵੇਗਾ।’’ ਉਨ੍ਹਾਂ ਕਿਹਾ, ‘‘ਅਸੀਂ ਪਟਨਾ, ਬੰਗਲੂਰੂ ਅਤੇ ਮੁੰਬਈ ਵਿੱਚ ਇੱਕ-ਦੂਜੇ ਨਾਲ ਸੀ ਪਰ ਅਜਿਹਾ ਲੱਗਦਾ ਹੈ ਕਿ ਕੁੱਝ ਹੋਇਆ ਹੈ। ਪਹਿਲਾਂ ਸ਼ਿਵ ਸੈਨਾ ਦੋਫਾੜ ਹੋ ਗਈ, ਫਿਰ ਨਿਤੀਸ਼ ਕੁਮਾਰ ਨੇ ਪਲਟੀ ਮਾਰੀ। ਹੁਣ ਮਮਤਾ ਬੈਨਰਜੀ ਜੀ ਇਹ ਟਿੱਪਣੀਆਂ ਕਰ ਰਹੇ ਹਨ। ਮੈਨੂੰ ਲੱਗਦਾ ਹੈ ਕਿ ਸਾਨੂੰ ਇਸ ਦਾ ਅਹਿਸਾਸ ਹੋਣਾ ਚਾਹੀਦਾ ਹੈ ਕਿ ਇਹ ਸਥਾਨਕ ਪੱਧਰ ਦੀਆਂ ਚੋਣਾਂ ਨਹੀਂ ਹਨ।’’ਕ ੋਲਕਾਤਾ ਵਿੱਚ ਧਰਨੇ ਦੌਰਾਨ ਸੰਬੋਧਨ ਕਰਦਿਆਂ ਸ਼ੁੱਕਰਵਾਰ ਨੂੰ ਮਮਤਾ ਨੇ ਕਿਹਾ, ‘‘ਮੈਂ ਸੁਝਾਅ ਦਿੱਤਾ ਕਿ ਕਾਂਗਰਸ 300 ਸੀਟਾਂ ’ਤੇ ਚੋਣ ਲੜੇ (ਦੇਸ਼ ਭਰ ਵਿੱਚ ਜਿੱਥੇ ਭਾਜਪਾ ਮੁੱਖ ਵਿਰੋਧੀ ਹੈ) ਪਰ ਉਨ੍ਹਾਂ ਇਸ ’ਤੇ ਧਿਆਨ ਦੇਣ ਤੋਂ ਇਨਕਾਰ ਕਰ ਦਿੱਤਾ। ਹੁਣ ਉਹ ਮੁਸਲਿਮ ਵੋਟਾਂ ਨੂੰ ਆਪਣੇ ਪਾਲੇ ਵਿੱਚ ਕਰਨ ਲਈ ਸੂਬੇ ਵਿੱਚ ਆਏ ਹਨ। ਮੈਨੂੰ ਸ਼ੱਕ ਹੈ ਕਿ ਜੇਕਰ ਉਹ 300 ਸੀਟਾਂ ’ਤੇ ਚੋਣਾਂ ਲੜਦੇ ਹਨ ਤਾਂ ਕੀ ੳਹ 40 ਸੀਟਾਂ ਵੀ ਜਿੱਤ ਪਾਉਣਗੇ।’’ -ਪੀਟੀਆਈ