ਭਾਜਪਾ ਵਿਧਾਇਕ ਦੇਵੇਂਦਰ ਸਿੰਘ ਰਾਣਾ ਦਾ ਦੇਹਾਂਤ
ਜੰਮੂ, 1 ਨਵੰਬਰ
ਭਾਜਪਾ ਵਿਧਾਇਕ ਦੇਵੇਂਦਰ ਸਿੰਘ ਰਾਣਾ, ਜਿਨ੍ਹਾਂ ਨੂੰ ਅਕਸਰ ‘ਜੰਮੂ ਦੀ ਆਵਾਜ਼’ ਕਿਹਾ ਜਾਂਦਾ ਹੈ, ਦਾ ਲੰਘੀ ਰਾਤ ਦੇਹਾਂਤ ਹੋ ਗਿਆ। ਅੱਜ ਉਨ੍ਹਾਂ ਦੀ ਅੰਤਿਮ ਯਾਤਰਾ ਮੌਕੇ ਵੱਡੀ ਗਿਣਤੀ ਲੋਕ ਸ਼ਾਮਲ ਹੋਏ।
ਉਹ ਉੱਘੇ ਕਾਰੋਬਾਰੀ ਤੇ ਸਿਆਸੀ ਆਗੂ ਸਨ। ਰਾਣਾ ਦਾ ਹਰਿਆਣਾ ਦੇ ਫਰੀਦਾਬਾਦ ਸਥਿਤ ਹਸਪਤਾਲ ’ਚ ਦੇਹਾਂਤ ਹੋਇਆ। ਉਹ 59 ਸਾਲਾਂ ਦੇ ਸਨ ਤੇ ਕੁਝ ਦਿਨ ਤੋਂ ਬਿਮਾਰ ਸਨ। ਉਨ੍ਹਾਂ ਦੇ ਪਰਿਵਾਰ ’ਚ ਪਤਨੀ ਤੋਂ ਇਲਾਵਾ ਦੋ ਧੀਆਂ ਤੇ ਇੱਕ ਪੁੱਤਰ ਹੈ। ਉਹ ਜੰਮੂ ਕਸ਼ਮੀਰ ਦੇ ਨਗਰੋਟਾ ਵਿਧਾਨ ਸਭਾ ਹਲਕੇ ਤੋਂ ਵਿਧਾਇਕ ਸਨ। ਉਹ ਸਾਬਕਾ ਨੌਕਰਸ਼ਾਹ ਰਾਜਿੰਦਰ ਸਿੰਘ ਰਾਣਾ ਦੇ ਪੁੱਤਰ ਅਤੇ ਪ੍ਰਧਾਨ ਮੰਤਰੀ ਦਫ਼ਤਰ ’ਚ ਕੇਂਦਰੀ ਰਾਜ ਮੰਤਰੀ ਜਿਤੇਂਦਰ ਸਿੰਘ ਦੇ ਛੋਟੇ ਭਰਾ ਸਨ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਵੇਂਦਰ ਸਿੰਘ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਐਕਸ ’ਤੇ ਲਿਖਿਆ, ‘ਦੇਵੇਂਦਰ ਸਿੰਘ ਰਾਣਾ ਦੀ ਬੇਵਕਤੀ ਮੌਤ ਹੈਰਾਨ ਕਰਨ ਵਾਲੀ ਹੈ। ਉਹ ਇੱਕ ਤਜਰਬੇਕਾਰ ਆਗੂ ਸਨ ਜਿਨ੍ਹਾਂ ਜੰਮੂ ਕਸ਼ਮੀਰ ਦੀ ਪ੍ਰਗਤੀ ਲਈ ਲਗਨ ਨਾਲ ਕੰਮ ਕੀਤਾ।’ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਦੇਵੇਂਦਰ ਰਾਣਾ ਦੇ ਦੇਹਾਂਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ। ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲ੍ਹਾ ਦੁੱਖ ਦਾ ਪ੍ਰਗਟਾਵਾ ਕਰਨ ਲਈ ਸ੍ਰੀਨਗਰ ਤੋਂ ਇੱਥੇ ਪੁੱਜੇ ਤੇ ਦੁਖੀ ਪਰਿਵਾਰ ਨਾਲ ਮੁਲਾਕਾਤ ਕੀਤੀ। ਉਹ ਰਾਣਾ ਦੀ ਅੰਤਿਮ ਯਾਤਰਾ ’ਚ ਵੀ ਸ਼ਾਮਲ ਹੋਏ। ਉਪ ਮੁੱਖ ਮੰਤਰੀ ਸੁਰਿੰਦਰ ਸਿੰਘ ਚੌਧਰੀ ਨੇ ਕਿਹਾ ਕਿ ਰਾਣਾ ਨੇ ਜੰਮੂ ਕਸ਼ਮੀਰ ਦੀ ਸਿਆਸਤ ’ਤੇ ਡੂੰਘੀ ਛਾਪ ਛੱਡੀ। ਕੇਂਦਰੀ ਮੰਤਰੀ ਜਿਤੇਂਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਛੋਟੇ ਭਰਾ ਦੇਵੇਂਦਰ ਸਿੰਘ ਰਾਣਾ ਦੀ ਬੇਵਕਤੀ ਮੌਤ ਡੂੰਘਾ ਤੇ ਨਿੱਜੀ ਤੌਰ ’ਤੇ ਨਾ ਪੂਰਿਆ ਜਾ ਸਕਣ ਵਾਲਾ ਘਾਟਾ ਹੈ। -ਪੀਟੀਆਈ
ਸੱਜਣ ਸਿਆਸਤਦਾਨ ਸਨ ਦੇਵੇਂਦਰ ਰਾਣਾ: ਐੱਨਐੱਨ ਵੋਹਰਾ
ਨਵੀਂ ਦਿੱਲੀ (ਟ੍ਰਿਬਿਊਨ ਨਿਊਜ਼ ਸਰਵਿਸ):
ਜੰਮੂ ਕਸ਼ਮੀਰ ਦੇ ਸਾਬਕਾ ਰਾਜਪਾਲ ਐੱਨਐੱਨ ਵੋਹਰਾ ਨੇ ਅੱਜ ਵਿਧਾਇਕ ਦੇਵੇਂਦਰ ਸਿੰਘ ਰਾਣਾ ਨੂੰ ਯਾਦ ਕਰਦਿਆਂ ਉਨ੍ਹਾਂ ਨੂੰ ਸੱਜਣ ਸਿਆਸਤਦਾਨ ਆਖਿਆ ਤੇ ਕਿਹਾ ਕਿ ਉਨ੍ਹਾਂ ਦੀ ਬੇਵਕਤੀ ਮੌਤ ਨਾਲ ਜੰਮੂ ਕਸ਼ਮੀਰ ਦੀ ਸਿਆਸਤ ਨੇ ਪ੍ਰਭਾਵਸ਼ਾਲੀ ਆਗੂ ਗੁਆ ਲਿਆ ਹੈ। ਆਪਣੇ ਸ਼ੋਕ ਸੁਨੇਹੇ ’ਚ ਸ੍ਰੀ ਵੋਹਰਾ ਨੇ ਕਿਹਾ, ‘ਮੈਨੂੰ ਦੇਵੇਂਦਰ ਰਾਣਾ ਦੀ ਬੇਵਕਤੀ ਮੌਤ ਬਾਰੇ ਜਾਣ ਕੇ ਬਹੁਤ ਦੁੱਖ ਹੋਇਆ ਹੈ ਜਿਨ੍ਹਾਂ ਨੂੰ ਮੈਂ ਕਈ ਸਾਲਾਂ ਤੋਂ ਬਹੁਤ ਸਮਝਦਾਰ ਤੇ ਇੱਕ ਸੱਜਣ-ਸਿਆਸਤਦਾਨ ਦੀ ਵਿਲੱਖਣ ਮਿਸਾਲ ਵਜੋਂ ਜਾਣਦਾ ਸੀ।’ ਸਾਬਕਾ ਰਾਜਪਾਲ ਨੇ ਕਿਹਾ ਕਿ ਰਾਣਾ ਦੇ ਦੁਖਦਾਈ ਵਿਛੋੜੇ ਨਾਲ ਜੰਮੂ ਕਸ਼ਮੀਰ ਦੀ ਸਿਆਸਤ ਅਤੇ ਜੰਮੂ ਖਿੱਤੇ ਨੇ ਬਹੁਤ ਹੀ ਮਸ਼ਹੂਰ ਤੇ ਪ੍ਰਭਾਵਸ਼ਾਲੀ ਆਗੂ ਗੁਆ ਲਿਆ ਹੈ, ਜਿਸ ਨੇ ਲੋਕਾਂ ਦੀ ਸੇਵਾ ਲਈ ਵੱਡੀ ਪਾਰੀ ਖੇਡਣੀ ਸੀ। ਉਨ੍ਹਾਂ ਕਿਹਾ, ‘ਰੱਬ ਵਿੱਛੜੀ ਰੂਹ ਨੂੰ ਸ਼ਾਂਤੀ ਦੇਵੇ।’