ਭਾਜਪਾ ਨੇ ਭਰੋਸੇਯੋਗਤਾ ਗੁਆਈ, ‘ਇੰਡੀਆ’ ਗੱਠਜੋੜ ਮਜ਼ਬੂਤੀ ਨਾਲ ਉੱਭਰੇਗਾ: ਸਿਨਹਾ
ਪਟਨਾ, 30 ਸਤੰਬਰ
ਤ੍ਰਿਣਮੂਲ ਕਾਂਗਰਸ (ਟੀਐੱਮਸੀ) ਦੇ ਸੰਸਦ ਮੈਂਬਰ ਸ਼ਤਰੂਘਣ ਸਿਨਹਾ ਨੇ ਅੱਜ ਇੱਥੇ ਉਮੀਦ ਜਤਾਈ ਕਿ ਉਨ੍ਹਾਂ ਦੀ ਪਾਰਟੀ ਜਿਸ ‘ਇੰਡੀਆ’ ਗੱਠਜੋੜ ਦਾ ਹਿੱਸਾ ਹੈ, ਉਹ ਜੰਮੂ ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ’ਚ ਵਿਧਾਨ ਸਭਾ ਚੋਣਾਂ ਜਿੱਤੇਗੀ। ਅਦਾਕਾਰ ਤੋਂ ਸਿਆਸਤਦਾਨ ਬਣੇ ਸ਼ਤਰੂਘਣ ਸਿਨਹਾ ਨੇ ਦਾਅਵਾ ਕੀਤਾ ਕਿ ਭਾਜਪਾ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ ਅਤੇ ਉਹ ਅਸਲੀ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਸਿਨਹਾ ਨੇ ਕੁੱਝ ਸਾਲ ਪਹਿਲਾਂ ਭਾਜਪਾ ਤੋਂ ਆਪਣਾ ਤਿੰਨ ਦਹਾਕੇ ਪੁਰਾਣਾ ਨਾਤਾ ਤੋੜ ਲਿਆ ਸੀ। ਸਿਨਹਾ ਨੇ ਕਿਹਾ, ‘ਭਾਜਪਾ ਨੇ ਆਪਣੀ ਭਰੋਸੇਯੋਗਤਾ ਗੁਆ ਦਿੱਤੀ ਹੈ। ਇਸ ਦੇ ਨੇਤਾ ਇਸ ਗੱਲ ਤੋਂ ਜਾਣੂ ਹਨ, ਭਾਵੇਂ ਉਹ ਇਸ ਨੂੰ ਸਵੀਕਾਰ ਨਾ ਕਰਨ। ਇਸ ਲਈ ਉਹ ਅਸਲ ਮੁੱਦਿਆਂ ਤੋਂ ਲੋਕਾਂ ਦਾ ਧਿਆਨ ਭਟਕਾਉਣ ਲਈ ਤਰ੍ਹਾਂ-ਤਰ੍ਹਾਂ ਦੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ।’ ਕਾਂਗਰਸ ਵਿੱਚ ਕੁੱਝ ਸਮਾਂ ਰਹਿਣ ਮਗਰੋਂ ਤ੍ਰਿਣਮੂਲ ਕਾਂਗਰਸ ’ਚ ਸ਼ਾਮਲ ਹੋਏ ਪੱਛਮੀ ਬੰਗਾਲ ਦੇ ਆਸਨਸੋਲ ਦੇ ਸੰਸਦ ਮੈਂਬਰ ਨੇ ਕਿਹਾ, ‘ਮੈਨੂੰ ਲੱਗਦਾ ਹੈ ਕਿ ‘ਇੰਡੀਆ’ ਗੱਠਜੋੜ, ਜਿਸ ਨੇ ਪਹਿਲਾਂ ਹੀ ਆਪਣੀ ਛਾਪ ਛੱਡ ਦਿੱਤੀ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਮਜ਼ਬੂਤ ਬਣ ਕੇ ਉੱਭਰੇਗਾ। ਸਹਿਯੋਗੀ ਪਾਰਟੀਆਂ ਜੰਮੂ ਕਸ਼ਮੀਰ, ਹਰਿਆਣਾ, ਮਹਾਰਾਸ਼ਟਰ ਅਤੇ ਝਾਰਖੰਡ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨਗੀਆਂ।’ -ਪੀਟੀਆਈ