ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦਾ ‘ਛੁਣਛਣਾ ਬਜਟ’: ‘ਆਪ’
ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 23 ਜੁਲਾਈ
‘ਆਪ’ ਨੇ ਕੇਂਦਰੀ ਬਜਟ ਨੂੰ ‘ਛੁਣਛੁਣਾ ਬਜਟ’ ਕਰਾਰ ਦਿੱਤਾ ਹੈ। ਪਾਰਟੀ ਨੇ ਕਿਹਾ ਕਿ ਬਜਟ ’ਚ ਕਿਸਾਨਾਂ, ਨੌਜਵਾਨਾਂ, ਮੁਲਾਜ਼ਮਾਂ ਅਤੇ ਔਰਤਾਂ ਲਈ ਕੁਝ ਖਾਸ ਉਪਰਾਲੇ ਨਹੀਂ ਕੀਤੇ ਗਏ ਹਨ। ‘ਆਪ’ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਅਤੇ ਪੰਜਾਬ ਤੋਂ ਲੋਕ ਸਭਾ ਮੈਂਬਰ ਮਾਲਵਿੰਦਰ ਸਿੰਘ ਕੰਗ ਨੇ ਇਥੇ ਪ੍ਰੈੱਸ ਕਾਨਫਰੰਸ ਕਰ ਕੇ ਬਜਟ ਦੀ ਨਿੰਦਾ ਕੀਤੀ। ਕੰਗ ਨੇ ਦੋਸ਼ ਲਾਇਆ ਕਿ ‘ਆਪ’ ਸ਼ਾਸਿਤ ਦਿੱਲੀ ਅਤੇ ਪੰਜਾਬ ਨੂੰ ਵਿੱਤੀ ਵੰਡ ਵਿੱਚ ਉਨ੍ਹਾਂ ਦੇ ਬਣਦੇ ਹਿੱਸੇ ਤੋਂ ਵਾਂਝਾ ਕੀਤਾ ਗਿਆ ਹੈ। ਕੰਗ ਨੇ ਦੋਸ਼ ਲਾਇਆ ਕਿ ਇਹ ‘ਸਰਕਾਰ ਬਚਾਓ, ਮਹਿੰਗਾਈ ਵਧਾਓ’ ਬਜਟ ਹੈ। ਦੋਵੇਂ ਆਗੂਆਂ ਨੇ ਕਿਹਾ ਕਿ ਬਜਟ ’ਚ ਕਾਰਪੋਰੇਟ ਘਰਾਣਿਆਂ ਵੱਲੋਂ ਅਦਾ ਕੀਤੇ ਟੈਕਸ ਵਿੱਚ ਵਾਧਾ ਨਾ ਕਰਕੇ ਉਨ੍ਹਾਂ ਨੂੰ ਰਾਹਤ ਦਿੱਤੀ ਗਈ ਹੈ। ਕੰਗ ਨੇ ਕਿਹਾ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਕਰੀਬ ਇੱਕ ਘੰਟੇ ਦੇ ਬਜਟ ਭਾਸ਼ਣ ਵਿੱਚ ਇੱਕ ਵਾਰ ਵੀ ਪੰਜਾਬ ਦਾ ਜ਼ਿਕਰ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸੀਤਾਰਮਨ ਨੇ ਹੜ੍ਹਾਂ ਲਈ ਹਿਮਾਚਲ ਅਤੇ ਉੱਤਰਾਖੰਡ ਨੂੰ ਰਾਹਤ ਦੇਣ ਦਾ ਐਲਾਨ ਤਾਂ ਕੀਤਾ ਪਰ ਪੰਜਾਬ ਲਈ ਅਜਿਹਾ ਕੋਈ ਐਲਾਨ ਨਹੀਂ ਕੀਤਾ ਗਿਆ ਜਿੱਥੇ ਹੜ੍ਹਾਂ ਕਾਰਨ ਫ਼ਸਲਾਂ ਅਤੇ ਸੰਪਤੀ ਦਾ ਭਾਰੀ ਨੁਕਸਾਨ ਹੋਇਆ ਹੈ।