ਖੁੱਲ੍ਹੀ ਬਹਿਸ ਲਈ ਨਾ ਪੁੱਜੇ ਭਾਜਪਾ ਆਗੂ
* 22 ਮਈ ਨੂੰ ਅੰਦੋਲਨ ਵਾਲੀ ਥਾਂ ਵੱਡੇ ਇਕੱਠ ਦੀ ਚਿਤਾਵਨੀ
ਆਤਿਸ਼ ਗੁਪਤਾ
ਚੰਡੀਗੜ੍ਹ, 23 ਅਪਰੈਲ
ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੱਜ ਇਥੇ ਕਿਸਾਨ ਭਵਨ ਵਿੱਚ ਬਹਿਸ ਲਈ ਦਿੱਤੀ ਖੁੱਲ੍ਹੀ ਚੁਣੌਤੀ ਵਿੱਚ ਕੋਈ ਵੀ ਭਾਜਪਾ ਆਗੂ ਨਹੀਂ ਪਹੁੰਚਿਆ। ਕਿਸਾਨ ਆਗੂਆਂ ਨੇ ਖਾਲੀ ਕੁਰਸੀਆਂ ’ਤੇ ਨਰਿੰਦਰ ਮੋਦੀ, ਅਮਿਤ ਸ਼ਾਹ, ਜੇਪੀ ਨੱਢਾ, ਅਰਜੁਨ ਮੁੰਡਾ ਅਤੇ ਸੁਨੀਲ ਜਾਖੜ ਦੀਆਂ ਤਸਵੀਰਾਂ ਲਗਾ ਕੇ ਬਹਿਸ ਲਈ ਤੈਅ ਕੀਤੇ ਸਵੇਰੇ 11 ਵਜੇ ਤੋਂ ਬਾਅਦ ਦੁਪਹਿਰ 3 ਵਜੇ ਦੇ ਸਮੇਂ ਤੱਕ ਇੰਤਜ਼ਾਰ ਕੀਤਾ। ਕਿਸਾਨ ਆਗੂ ਸੁਰਜੀਤ ਸਿੰਘ ਫੂਲ, ਜਗਜੀਤ ਸਿੰਘ ਡੱਲੇਵਾਲ, ਮਨਜੀਤ ਸਿੰਘ ਰਾਏ, ਗੁਰ ਅਮਨੀਤ ਸਿੰਘ ਮਾਂਗਟ, ਅਭਿਮਨਿਊ ਕੋਹਾੜ ਅਤੇ ਸੁਖਜੀਤ ਸਿੰਘ ਖਹਿਰਾ ਨੇ ਭਾਜਪਾ ਆਗੂਆਂ ਦੇ ਨਾ ਆਉਣ ’ਤੇ ਆਪਣੇ ਸੰਘਰਸ਼ ਦੀ ਅਗਲੀ ਰਣਨੀਤੀ ਦਾ ਐਲਾਨ ਕਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਭਾਜਪਾ ਆਗੂਆਂ ਨਾਲ ਹਰ ਸਮੇਂ ਬਹਿਸ ਲਈ ਤਿਆਰ ਹੈ, ਭਾਜਪਾ ਆਪਣੀ ਮਰਜ਼ੀ ਦੀ ਥਾਂ ਤੇ ਸਮਾਂ ਤੈਅ ਕਰ ਦੇਵੇ, ਕਿਸਾਨ ਬਹਿਸ ਵਿੱਚ ਸ਼ਾਮਲ ਹੋਣ ਲਈ ਪਹੁੰਚ ਜਾਣਗੇ।
ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਵੱਲੋਂ ਪੰਜਾਬ ਤੇ ਹਰਿਆਣਾ ਦੀਆਂ ਹੱਦਾਂ ’ਤੇ ਸ਼ੰਭੂ ਤੇ ਖਨੌਰੀ ਵਿੱਚ ਚੱਲ ਰਹੇ ਅੰਦੋਲਨ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਤੇ ਕਿਸਾਨ ਮਜ਼ਦੂਰ ਮੋਰਚਾ ਵੱਲੋਂ ਅੰਦੋਲਨ ਦੇ 100 ਦਿਨ ਮੁਕੰਮਲ ਹੋਣ ’ਤੇ ਅੰਦੋਲਨ ਵਾਲੀ ਥਾਂ ’ਤੇ ਵੱਡੇ ਇਕੱਠ ਕੀਤੇ ਜਾਣਗੇ। ਇਸ ਦੌਰਾਨ ਲੱਖਾਂ ਦੀ ਗਿਣਤੀ ਵਿੱਚ ਕਿਸਾਨ ਕੇਂਦਰ ਸਰਕਾਰ ਵਿਰੁੱਧ ਆਵਾਜ਼ ਬੁਲੰਦ ਕਰਨਗੇ। ਇਸ ਤੋਂ ਇਲਾਵਾ 1 ਮਈ ਨੂੰ ਦੋਵਾਂ ਮੋਰਚਿਆਂ ’ਤੇ ਮਜ਼ਦੂਰ ਦਿਹਾੜਾ ਮਨਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਕਿਸਾਨਾਂ ਵੱਲੋਂ ਸ਼ੰਭੂ ਰੇਲਵੇ ਸਟੇਸ਼ਨ ’ਤੇ ਕੀਤਾ ਗਿਆ ਚੱਕਾ ਜਾਮ ਵੀ ਜਾਰੀ ਰਹੇਗਾ। ਉਨ੍ਹਾਂ ਕਿਹਾ ਕਿ ਜਦੋਂ ਤੱਕ ਹਰਿਆਣਾ ਸਰਕਾਰ ਵੱਲੋਂ ਤਿੰਨ ਨੌਜਵਾਨ ਕਿਸਾਨਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਹੈ, ਉਦੋਂ ਤੱਕ ਰੇਲ ਮਾਰਗ ’ਤੇ ਚੱਕਾ ਜਾਮ ਹੀ ਰਹੇਗਾ।
ਕਿਸਾਨ ਆਗੂਆਂ ਨੇ ਦਾਅਵਾ ਕੀਤਾ ਕਿ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਇਕ ਪ੍ਰੈੱਸ ਕਾਨਫਰੰਸ ਦੌਰਾਨ ਕਿਸਾਨਾਂ ਨਾਲ ਹਰ ਸਮੇਂ ਗੱਲਬਾਤ ਕਰਨ ਲਈ ਤਿਆਰ ਰਹਿਣ ਦਾ ਦਾਅਵਾ ਕੀਤਾ ਸੀ। ਉਸੇ ਸਦਕਾ ਕਿਸਾਨਾਂ ਵੱਲੋਂ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਖੁੱਲ੍ਹੀ ਬਹਿਸ ਰੱਖੀ ਗਈ ਸੀ। ਕਿਸਾਨ ਆਗੂਆਂ ਨੇ ਕਿਹਾ ਕਿ ਭਾਜਪਾ ਆਗੂਆਂ ਦਾ ਖ਼ੁਦ ਹੀ ਕਿਸਾਨਾਂ ਨੂੰ ਬਹਿਸ ਲਈ ਵੰਗਾਰ ਕੇ ਖੁੱਲ੍ਹੀ ਚਰਚਾ ਵਿੱਚ ਨਾ ਆਉਣਾ ਇਹ ਸਾਬਿਤ ਕਰਦਾ ਹੈ ਕਿ ਭਾਜਪਾ ਸਰਕਾਰ ’ਚ ਕਿਸਾਨਾਂ ਮਜ਼ਦੂਰਾਂ ਦੇ ਸਵਾਲਾਂ ਦਾ ਸਾਹਮਣਾ ਕਰਨ ਦਾ ਮਾਦਾ ਨਹੀਂ ਹੈ। ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਕਾਰਜਕਾਲ ਦੌਰਾਨ ਕਿਸਾਨਾਂ ਮਜ਼ਦੂਰਾਂ ਖਿਲਾਫ਼ ਲਗਾਤਾਰ ਫੈਸਲੇ ਲਏ ਗਏ, ਜਿਸ ਕਰਕੇ ਅੱਜ ਚੋਣਾਂ ’ਚ ਭਾਜਪਾ ਆਗੂ ਸਵਾਲਾਂ ਤੋਂ ਲਗਾਤਾਰ ਭੱਜ ਰਹੇ ਹਨ। ਜਦੋਂ ਸ਼ਹਿਰਾਂ ਪਿੰਡਾਂ ’ਚ ਕਿਸਾਨ ਸਵਾਲ ਕਰਦੇ ਹਨ ਉਸ ਸਮੇਂ ਵੀ ਭਾਜਪਾ ਆਗੂ ਇਹ ਕਹਿ ਕੇ ਸਵਾਲਾਂ ਤੋਂ ਭੱਜਦੇ ਹਨ ਕਿ ਇਹ ਨੀਤੀ ਦੇ ਮਾਮਲੇ ਸਿਖਰਲੀ ਲੀਡਰਸ਼ਿਪ ਨਾਲ ਜੁੜੇ ਹੋਏ ਹਨ। ਅੱਜ ਜਦੋਂ ਭਾਜਪਾ ਦੀ ਸਿਖਰਲੀ ਲੀਡਰਸ਼ਿਪ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਤਾਂ ਉਹ ਵੀ ਕਿਸਾਨਾਂ ਦੇ ਸਵਾਲਾਂ ਤੋਂ ਭੱਜਦੇ ਹੋਏ ਗੈਰਹਾਜ਼ਰ ਰਹੇ। ਲੋਕ ਸਭਾ ਚੋਣਾਂ ਦੌਰਾਨ ਕਿਸਾਨਾਂ ਵੱਲੋਂ ਪੰਜਾਬ ਭਰ ਵਿੱਚ ਭਾਜਪਾ ਆਗੂਆਂ ਨੂੰ ਘੇਰ ਕੇ ਸਵਾਲ ਪੁੱਛੇ ਜਾ ਰਹੇ ਹਨ। ਇਸ ਦੌਰਾਨ ਕਈ ਥਾਵਾਂ ’ਤੇ ਟਕਰਾਅ ਵਾਲੇ ਹਾਲਾਤ ਵੀ ਬਣ ਗਏ ਸਨ।