ਸੰਵਿਧਾਨਕ ਕਦਰਾਂ-ਕੀਮਤਾਂ ਦੀ ਉਲੰਘਣਾ ਕਰ ਰਹੀ ਹੈ ਭਾਜਪਾ: ਪ੍ਰਿਯੰਕਾ
ਵਾਇਨਾਡ, 28 ਅਕਤੂਬਰ
ਲੋਕ ਸਭਾ ਹਲਕਾ ਵਾਇਨਾਡ ਦੀ ਜ਼ਿਮਨੀ ਚੋਣ ਲਈ ਕਾਂਗਰਸ ਉਮੀਦਵਾਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਆਪਣੀ ਪ੍ਰਚਾਰ ਮੁਹਿੰਮ ਦੇ ਦੂਜੇ ਗੇੜ ਦੀ ਸ਼ੁਰੂਆਤ ਕਰਦਿਆਂ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ’ਤੇ ਦੋਸ਼ ਲਾਇਆ ਕਿ ਸੰਵਿਧਾਨ ਦੀਆਂ ਕਦਰਾਂ-ਕੀਮਤਾਂ ਦੇ ਨਿਯਮਾਂ ਦੀ ਉਲੰਘਣਾ ਕਰਕੇ ਇਸ ਨੂੰ ਲਗਾਤਾਰ ਕਮਜ਼ੋਰ ਕੀਤਾ ਜਾ ਰਿਹਾ ਹੈ। ਮੀਨਾਂਗੜ੍ਹੀ ਵਿੱਚ ਮੀਟਿੰਗ ਦੌਰਾਨ ਆਲ ਇੰਡੀਆ ਕਾਂਗਰਸ ਕਮੇਟੀ (ਏਆਈਸੀਸੀ) ਦੀ ਜਨਰਲ ਸਕੱਤਰ ਨੇ ਮਨੀਪੁਰ ਹਿੰਸਾ ਦਾ ਜ਼ਿਕਰ ਕਰਦਿਆਂ ਦੋਸ਼ ਲਾਇਆ ਕਿ ਦੇਸ਼ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ‘ਯੋਜਨਾਬੱਧ’ ਹਮਲੇ ਕੀਤੇ ਜਾ ਰਹੇ ਹਨ।
ਪ੍ਰਿਯੰਕਾ ਨੇ ਕਿਹਾ, ‘ਤੁਸੀਂ ਜਾਣਦੇ ਹੋ ਕਿ ਕੇਂਦਰ ਦੀ ਭਾਜਪਾ ਸਰਕਾਰ ਵੱਖ-ਵੱਖ ਭਾਈਚਾਰਿਆਂ ਵਿੱਚ ਡਰ ਅਤੇ ਗੁੱਸਾ ਪੈਦਾ ਕਰ ਰਹੀ ਹੈ। ਤੁਸੀਂ ਘੱਟ ਗਿਣਤੀਆਂ ’ਤੇ ਹਮਲੇ ਦੇਖੇ ਹਨ। ਤੁਸੀਂ ਮਨੀਪੁਰ ਵਿੱਚ ਹੋਏ ਹਮਲੇ ਦੇਖੇ ਹਨ। ਤੁਸੀਂ ਵਾਰ-ਵਾਰ ਯੋਜਨਾਬੱਧ ਤਰੀਕੇ ਨਾਲ ਗੁੱਸਾ, ਨਫ਼ਰਤ ਅਤੇ ਡਰ ਫੈਲਦੇ ਦੇਖਿਆ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਇੱਕ ਤੋਂ ਬਾਅਦ ਇੱਕ ਨੀਤੀ ਆਮ ਲੋਕਾਂ ਦੀ ਬਜਾਏ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੋਸਤਾਂ ਨੂੰ ਧਿਆਨ ਵਿਚ ਰੱਖ ਕੇ ਬਣਾਈ ਜਾ ਰਹੀ ਹੈ।
‘ਰਾਹੁਲ ਨੇ ਭਰੇ ਮਨ ਨਾਲ ਵਾਇਨਾਡ ਛੱਡਿਆ’
ਆਪਣੇ ਭਰਾ ਰਾਹੁਲ ਗਾਂਧੀ ਦੇ ਸੀਟ ਛੱਡਣ ਦਾ ਜ਼ਿਕਰ ਕਰਦਿਆਂ ਕਾਂਗਰਸ ਉਮੀਦਵਾਰ ਪ੍ਰਿਯੰਕਾ ਗਾਂਧੀ ਨੇ ਕਿਹਾ ਕਿ ਉਹ ਜਾਣਦੇ ਹਨ ਕਿ ਉਨ੍ਹਾਂ ਵਾਇਨਾਡ ਬਹੁਤ ਭਾਰੇ ਮਨ ਨਾਲ ਛੱਡਿਆ। ਉਨ੍ਹਾਂ ਕਿਹਾ, ‘ਮੈਂ ਜਾਣਦੀ ਹਾਂ ਕਿ ਤੁਸੀਂ ਇੱਥੇ ਮੇਰੇ ਭਰਾ ਦੇ ਪਿਆਰ ਸਦਕਾ ਆਏ ਹੋ। ਉਸ ਦਾ ਤੁਹਾਡੇ ਸਾਰਿਆਂ ਨਾਲ ਡੂੰਘਾ ਰਿਸ਼ਤਾ ਹੈ। ਤੁਸੀਂ ਸਾਰੇ ਉਸ ਦਾ ਪਰਿਵਾਰ ਹੋ। ਅੱਜ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ ਹਾਂ ਅਤੇ ਉਹ (ਰਾਹੁਲ) ਉਸ ਲੜਾਈ ਦੀ ਅਗਵਾਈ ਕਰ ਰਿਹਾ ਹੈ। ਅਸੀਂ ਸਾਰੇ ਉਸ ਦੇ ਨਾਲ ਹਾਂ। ਅਸੀਂ ਆਪਣੇ ਸੰਵਿਧਾਨ ਦੀਆਂ ਕਦਰਾਂ-ਕੀਮਤਾਂ, ਲੋਕਤੰਤਰ ਅਤੇ ਬਰਾਬਰੀ ਲਈ ਲੜ ਰਹੇ ਹਾਂ ਅਤੇ ਤੁਹਾਡੇ ਵਿੱਚੋਂ ਹਰ ਵਿਅਕਤੀ ਇਸ ਲੜਾਈ ਵਿੱਚ ਅਹਿਮ ਹੈ।’ -ਪੀਟੀਆਈ