ਭਾਜਪਾ ਆਪਣੇ ਹੀ ਪਾਰਟੀ ਆਗੂਆਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ: ਅਖਿਲੇਸ਼
ਲਖਨਊ, 22 ਅਕਤੂਬਰ
Akhilesh Yadav on Bahraich violence: ਸਮਾਜਵਾਦੀ ਪਾਰਟੀ ਦੇ ਪ੍ਰਧਾਨ ਅਖਿਲੇਸ਼ ਯਾਦਵ ਨੇ ਮੰਗਲਵਾਰ ਨੂੰ ਦੋਸ਼ ਲਾਇਆ ਕਿ ਇਹ ਗੱਲ ਹੁਣ ਜੱਗਜ਼ਾਹਰ ਹੋ ਗਈ ਹੈ ਕਿ ਭਾਜਪਾ ਆਪਣੇ ਹੀ ਲੋਕਾਂ ਖ਼ਿਲਾਫ਼ ਸਾਜ਼ਿਸ਼ਾਂ ਰਚ ਰਹੀ ਹੈ। ਉਨ੍ਹਾਂ ਇਹ ਗੱਲ ਭਾਜਪਾ ਦੇ ਇਕ ਵਿਧਾਇਕ ਵੱਲੋਂ ਮਹਿਰਾਜਗੰਜ ਹਿੰਸਾ ਮਾਮਲੇ ਵਿਚ ਆਪਣੀ ਪਾਰਟੀ ਦੇ ਹੀ ਇਕ ਆਗੂ ਖ਼ਿਲਾਫ਼ ਐੱਫ਼ਆਈਆਰ ਦਰਜ ਕਰਵਾਏ ਜਾਣ ਦੇ ਹਵਾਲੇ ਨਾਲ ਕਹੀ ਹੈ।
ਯਾਦਵ ਨੇ ਇਸ ਦੇ ਨਾਲ ਹੀ ਭਾਜਪਾ ਦੇ ਬਹਿਰਾਈਚ ਦੇ ਮਹਿਸੀ ਤੋਂ ਵਿਧਾਇਕ ਸੁਰੇਸ਼ਵਰ ਸਿੰੰਘ ਵੱਲੋਂ ਦਰਜ ਕਰਵਾਏ ਗਏ ਕੇਸ ਨਾਲ ਸਬੰਧਤ ਇਕ ਮੀਡੀਆ ਰਿਪੋਰਟ ਵੀ ਆਪਣੇ ‘ਐਕਸ’ ਅਕਾਊਂਟ ਉਤੇ ਨਸ਼ਰ ਕੀਤੀ ਹੈ। ਰਿਪੋਰਟ ਮੁਤਾਬਕ ਇਹ ਐਫ਼ਆਈਆਰ 18 ਅਕਤੂਬਰ ਨੂੰ ਸੱਤ ਨਾਮਜ਼ਦ ਅਤੇ ਵੱਡੀ ਗਿਣਤੀ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਦੰਗੇਬਾਜ਼ੀ ਤੇ ਹੋਰ ਗੰਭੀਰ ਦੋਸ਼ਾਂ ਤਹਿਤ ਦਰਜ ਕੀਤੀ ਗਈ ਹੈ। ਮੁਲਜ਼ਮਾਂ ਵਿਚ ਭਾਰਤੀ ਜਨਤਾ ਯੁਵਾ ਮੋਰਚੇ ਦੇ ਸ਼ਹਿਰੀ ਪ੍ਰਧਾਨ ਅਰਪਿਤ ਸ੍ਰੀਵਾਸਤਵ ਦਾ ਨਾਂ ਵੀ ਸ਼ਾਮਲ ਹੈ।
ਅਖਿਲੇਸ਼ ਯਾਦਵ ਨੇ ਦੋਸ਼ ਲਾਇਆ ਕਿ ਭਾਜਪਾ ਸੱਤਾ ਖ਼ਾਤਰ ਦੰਗੇ ਭੜਕਾਉਣ ਦੀਆਂ ਸਾਜ਼ਿਸ਼ਾਂ ਰਚ ਰਹੀ ਹੈ ਅਤੇ ਦੰਗੇਬਾਜ਼ ਖ਼ੁਦ ਹੀ ਲੁਕਵੇਂ ਕੈਮਰਿਆਂ ਦੇ ਅੱਗੇ ‘ਸੱਚਾਈ ਬਿਆਨ’ ਕਰ ਰਹੇ ਹਨ। ਉਨ੍ਹਾਂ ਆਪਣੀ ਟਵੀਟ ਵਿਚ ਲਿਖਿਆ ਹੈ, ‘‘ਅਜਿਹੀ ਭਾਜਪਾਈ ਸਿਆਸਤ ਅਤੇ ਸੱਤਾ ਦੀ ਭਾਜਪਾਈ ਭੁੱਖ ਉੱਤੇ ਲਾਹਨਤ ਹੈ, ਜਿਹੜੀ ਦੰਗੇ ਕਰਾਉਣ ਲਈ ਸਾਜ਼ਿਸ਼ਾਂ ਰਚਦੀ ਹੈ। ਬਹਿਰਾਈਚ ਹਿੰਸਾ ਦੇ ਮਾਮਲੇ ਵਿਚ ਨਿੱਤ ਨਵੇਂ ਖ਼ੁਲਾਸੇ ਹੋ ਰਹੇ ਹਨ...। ਭਾਜਪਾ ਦੇ ਵਿਧਾਇਕ ਹੀ ਭਾਜਪਾ ਮੈਂਬਰਾਂ ਖ਼ਿਲਾਫ਼ ਸਾਜ਼ਿਸ਼ਾਂ ਦੇ ਦੋਸ਼ ਹੇਠ ਐੱਫ਼ਆਈਆਰਜ਼ ਦਰਜ ਕਰਵਾ ਰਹੇ ਹਨ ਅਤੇ ਦੰਗੇਬਾਜ਼ ਲੁਕਵੇਂ ਕੈਮਰਿਆਂ ਅੱਗੇ ਸੱਚਾਈ ਬਿਆਨ ਕਰ ਰਹੇ ਹਨ।’’
ਉਨ੍ਹਾਂ ਟਵੀਟ ਦੇ ਅਖ਼ੀਰ ਵਿਚ ਲਿਖਿਆ ਹੈ, ‘‘ਯੂਪੀ ਕਹੇ ਆਜ ਕਾ, ਨਹੀਂ ਚਾਹੀਏ ਭਾਜਪਾ।’’ -ਪੀਟੀਆਈ