ਕੇਂਦਰੀ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ ਭਾਜਪਾ: ਖੜਗੇ
ਬੈਕੁੰਠਪੁਰ, 9 ਨਵੰਬਰ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਦਾਅਵਾ ਕੀਤਾ ਕਿ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਉਨ੍ਹਾਂ ਦੀ ਪਾਰਟੀ ਨੂੰ ਸੱਤਾ ’ਚ ਆਉਣ ਤੋਂ ਰੋਕਣ ਲਈ ਈਡੀ, ਸੀਬੀਆਈ ਤੇ ਇਨਕਮ ਟੈਕਸ ਵਿਭਾਗ ਦੀ ਵਰਤੋਂ ਕਰ ਰਹੀ ਹੈ।
ਛੱਤੀਸਗੜ੍ਹ ਦੇ ਹਲਕਾ ਬੈਕੁੰਠਪੁਰ ਵਿੱਚ ਚੋਣ ਰੈਲੀ ਨੂੰ ਸੰਬੋਧਨ ਕਰਦਿਆਂ ਖੜਗੇ ਨੇ ਦੋਸ਼ ਲਾਇਆ ਕਿ ਭਾਜਪਾ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਆਰਐੱਸਐੱਸ ਵੱਲੋਂ ਸੰਵਿਧਾਨ ’ਚ ਤਬਦੀਲੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਲਈ ਉਨ੍ਹਾਂ ਨੂੰ ਰੋਕਣ ਵਾਸਤੇ ਛੱਤੀਸਗੜ੍ਹ ਸਣੇ ਪੰਜ ਸੂਬਿਆਂ ਦੀਆਂ ਚੋਣਾਂ ਵਿੱਚ ਕਾਂਗਰਸ ਦੀ ਜਿੱਤ ਜ਼ਰੂਰੀ ਹੈ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਕਾਂਗਰਸ ਗਰੀਬਾਂ ਲਈ ਲੜਦੀ ਹੈ, ਜਦੋਂ ਕਿ ਭਾਜਪਾ ਅਡਾਨੀ ਤੇ ਅਮੀਰ ਲੋਕਾਂ ਲਈ ਲੜਦੀ ਹੈ।
ਉਨ੍ਹਾਂ ਕਿਹਾ ਕਿ ਇਹ ਚੋਣ ਦੇਸ਼ ਦਾ ਭਵਿੱਖ ਬਦਲਣ ਜਾ ਰਹੀ ਹੈ ਅਤੇ ਬਹੁਤ ਅਹਿਮ ਵੀ ਹੈ ਕਿਉਂਕਿ ਭਾਜਪਾ ਸਰਕਾਰ, ਮੋਦੀ ਅਤੇ ਆਰਐੱਸਐੱਸ ਵੱਲੋਂ ਸੰਵਿਧਾਨ ’ਚ ਤਬਦੀਲੀ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮਲਿਕਾਰਜੁਨ ਖੜਗੇ ਨੇ ਕਿਹਾ ਕਿ ਉਹ ਉਨ੍ਹਾਂ (ਪ੍ਰਬੰਧਾਂ) ਨੂੰ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੋ ਗਰੀਬ ਲੋਕਾਂ ਦੇ ਹਿੱਤ ਵਿੱਚ ਹਨ। -ਪੀਟੀਆਈ