ਭਗਵਾਨ ਰਾਮ ਦਾ ਨਾਮ ਲੈ ਕੇ ਨੱਥੂਰਾਮ ਦਾ ਏਜੰਡਾ ਵਧਾ ਰਹੀ ਹੈ ਭਾਜਪਾ: ਕਨ੍ਹੱਈਆ ਕੁਮਾਰ
ਨਵੀਂ ਦਿੱਲੀ, 6 ਅਪਰੈਲ
ਕਾਂਗਰਸੀ ਆਗੂ ਕਨ੍ਹੱਈਆ ਕੁਮਾਰ ਨੇ ਭਾਰਤੀ ਜਨਤਾ ਪਾਰਟੀ ’ਤੇ ਭਗਵਾਨ ਰਾਮ ਦਾ ਨਾਮ ਲੈ ਕੇ ਨੱਥੂਰਾਮ ਦੇ ਫਿਰਕੂ ਤੇ ਵੰਡ ਪਾਉਣ ਵਾਲੇ ਏਜੰਡੇ ਨੂੰ ਅੱਗੇ ਵਧਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਦੇਸ਼ ਦੀ ਰਾਜਨੀਤੀ ਵਿੱਚ ‘ਪਰਿਵਾਰਵਾਦ’ ਨਾਲੋਂ ਜ਼ਿਆਦਾ ਖ਼ਤਰਨਾਕ ‘ਵਿਅਕਤੀਵਾਦ’ ਹੈ। ਉਨ੍ਹਾਂ ਇਹ ਦਾਅਵਾ ਵੀ ਕੀਤਾ ਕਿ ਭਾਜਪਾ ਹਿੰਦੂ ਧਰਮ ਦੀ ਮਹਾਨਤਾ ਨੂੰ ਘੱਟ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਕਿਹਾ ਕਿ ਰਾਮ ਦੇ ਸੰਕਲਪ ਵਿੱਚ ਕਿਸੇ ਲਈ ਨਫ਼ਰਤ ਦਾ ਕੋਈ ਸਥਾਨ ਨਹੀਂ ਹੈ। ਕਨ੍ਹੱਈਆ ਇੱਥੇ ਪੀਟੀਆਈ ਹੈੱਡਕੁਆਰਟਰ ਵਿੱਚ ਖ਼ਬਰ ਏਜੰਸੀ ਦੇ ਸੰਪਾਦਕਾਂ ਨਾਲ ਗੱਲਬਾਤ ਕਰ ਰਹੇ ਸਨ।
ਕਾਂਗਰਸੀ ਆਗੂ ਨੇ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਕਿਹਾ ਕਿ ਗਾਂਧੀ ਤੇ ਨਹਿਰੂ ਪਰਿਵਾਰ ਦੇ ਯੋਗਦਾਨ ਨੂੰ ਘੱਟ ਕਰ ਕੇ ਦਿਖਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਦੇਸ਼ ਵਿੱਚ ਰਾਮ ਮੰਦਰ ਲਹਿਰ ਬਾਰੇ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਜੇਕਰ ਰਾਮ ਜੀ ਦੀ ਲਹਿਰ ਹੈ ਤਾਂ ਇਹ ਮਾੜੀ ਗੱਲ ਨਹੀਂ ਹੈ। ਮਾੜਾ ਉਦੋਂ ਹੁੰਦਾ ਜਦੋਂ ਨੱਥੂਰਾਮ (ਮਹਾਤਮਾ ਗਾਂਧੀ ਦੀ ਹੱਤਿਆ ਕਰਨ ਵਾਲਾ ਨੱਥੂਰਾਮ ਗੋਡਸੇ) ਦੀ ਲਹਿਰ ਹੁੰਦੀ। ਉਨ੍ਹਾਂ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਭਾਜਪਾ ਜੋ ਪ੍ਰਚਾਰ ਕਰ ਰਹੀ ਹੈ, ਉਸ ਵਿੱਚ ਉਸ ਦੀ ਕੋਈ ਭੂਮਿਕਾ ਨਹੀਂ ਹੈ। ਰਾਮ ਜੀ ਤਰੇਤਾ ਯੁੱਗ ਵਿੱਚ ਹੋਏ ਸਨ ਤੇ ਭਾਜਪਾ 1980 ਵਿੱਚ ਬਣੀ। ਭਾਜਪਾ ਇਸ ਕੰਮ ਵਿੱਚ ਲੱਗੀ ਹੋਈ ਹੈ ਕਿ ਰਾਮ ਨੂੰ ਮੰਨਣ ਵਾਲੇ ਲੋਕਾਂ ਨੂੰ ਕਿਵੇਂ ਠੱਗਿਆ ਜਾਵੇ, ਇਸ ਵਾਸਤੇ ਨਾਮ ਤਾਂ ਰਾਮ ਦਾ ਲੈਂਦੇ ਹਨ ਪਰ ਕੰਮ ਨੱਥੂਰਾਮ ਵਾਲੇ ਕਰਦੇ ਹਨ। ਇਹ ਜਿਹੜੀ ਖੇਡ ਹੈ ਇਸ ਨਾਲ ਭਾਜਪਾ ਨੂੰ ਫਾਇਦਾ ਹੁੰਦਾ ਹੈ।’’ ਉਨ੍ਹਾਂ ਕਿਹਾ ਕਿ ਇਹ ਦੇਸ਼ ਦੇ ਸਭਿਆਚਾਰ, ਇਤਿਹਾਸ ਅਤੇ ਆਉਣ ਵਾਲੀ ਪੀੜ੍ਹੀ ਦੇ ਖ਼ਿਲਾਫ਼ ਹੈ।
ਕਾਂਗਰਸ ’ਤੇ ਪਰਿਵਾਰਵਾਦੀ ਪਾਰਟੀ ਹੋਣ ਦੇ ਦੋਸ਼ਾਂ ਨਾਲ ਜੁੜੇ ਸਵਾਲ ’ਤੇ ਕਨ੍ਹੱਈਆ ਕੁਮਾਰ ਨੇ ਕਿਹਾ ਕਿ ਜੇਕਰ ਪਰਿਵਾਰਵਾਦ ਵਰਗੀ ਕੋਈ ਚੀਜ਼ ਹੈ ਤਾਂ ਸਾਰੇ ਪਰਿਵਾਰਵਾਦੀ ਹਨ। ਉਨ੍ਹਾਂ ਕਿਹਾ, ‘‘ਇਹ ਇਕ ਜਾਣਬੁੱਝ ਕੇ ਕੀਤੀ ਜਾਣ ਵਾਲੀ ਕੋਸ਼ਿਸ਼ ਹੈ ਕਿ ਕਿਸੇ ਦੀ ਪਛਾਣ ਨੂੰ ਨੀਵਾਂ ਦਿਖਾਇਆ ਜਾਵੇ। ਕਾਂਗਰਸ ਦੇ ਸੰਦਰਭ ਵਿੱਚ ਪਰਿਵਾਰਵਾਦ ਦੀ ਗੱਲ ਹੁੰਦੀ ਹੈ ਤਾਂ ਮੈਂ ਇਹ ਪੁੱਛਦਾ ਹਾਂ ਕਿ ਕੀ ਇਹ ਸਿਰਫ਼ ਗਾਂਧੀ-ਨਹਿਰੂ ਪਰਿਵਾਰ ਤੱਕ ਸੀਮਿਤ ਹੈ ਜਾਂ ਬਾਕੀ ਆਗੂਆਂ ’ਤੇ ਵੀ ਲਾਗੂ ਹੁੰਦੀ ਹੈ? ਜੇਕਰ ਬਾਕੀ ਆਗੂਆਂ ’ਤੇ ਲਾਗੂ ਹੁੰਦੀ ਹੈ ਤਾਂ ਫਿਰ ਅਜਿਹਾ ਕਿਉਂ ਹੈ ਕਿ ਜਦੋਂ ਤੱਕ ਜਯੋਤਿਰਾਦਿੱਤਿਆ ਸਿੰਧੀਆ ਕਾਂਗਰਸ ’ਚ ਸਨ ਉਦੋਂ ਤੱਕ ਪਰਿਵਾਰਵਾਦੀ ਸਨ ਅਤੇ ਜਿਵੇਂ ਹੀ ਭਾਜਪਾ ਵਿੱਚ ਗਏ ਤਾਂ ਰਾਸ਼ਟਰਵਾਦੀ ਤੇ ਸੰਘਵਾਦੀ ਹੋ ਗਏ?’’ ਉਨ੍ਹਾਂ ਰਵੀਸ਼ੰਕਰ ਪ੍ਰਸਾਦ, ਪਿਊਸ਼ ਗੋਇਲ ਅਤੇ ਭਾਜਪਾ ਦੇ ਕੁਝ ਹੋਰ ਆਗੂਆਂ ਦਾ ਜ਼ਿਕਰ ਕਰਦੇ ਹੋਏ ਕਿਹਾ, ‘‘ਜੇਕਰ ਕਾਂਗਰਸ ਦਾ ਪਰਿਵਾਰਵਾਦ ਗ਼ਲਤ ਹੈ ਤਾਂ ਭਾਜਪਾ ਦਾ ਪਰਿਵਾਰਵਾਦ ਵੀ ਗ਼ਲਤ ਹੈ।’’ -ਪੀਟੀਆਈ