ਦੇਸ਼ ’ਚ ਭਾਜਪਾ ਕਰ ਰਹੀ ਹੈ ਨਫ਼ਰਤ ਦੀ ਰਾਜਨੀਤੀ: ਡਾ. ਅਮਰ ਸਿੰਘ
ਦੇਵਿੰਦਰ ਸਿੰਘ ਜੱਗੀ
ਪਾਇਲ, 22 ਮਈ
ਲੋਕ ਸਭਾ ਹਲਕਾ ਸ੍ਰੀ ਫਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਨੇ ਪਾਇਲ ਵਿਧਾਨ ਸਭਾ ਹਲਕੇ ਦੇ ਪਿੰਡ ਰਾਮਗੜ੍ਹ ਸਰਦਾਰਾਂ, ਜੋਗੀ ਮਾਜਰਾ, ਜੰਡਾਲੀ, ਧਮੋਟ ਕਲਾਂ, ਘਲੋਟੀ ਸਣੇ ਅੱਧੀ ਦਰਜਨ ਪਿੰਡਾਂ ਵਿੱਚ ਚੋਣ ਜਲਸਿਆਂ ਨੂੰ ਸੰਬੋਧਨ ਕੀਤਾ। ਇਸ ਮੌਕੇ ਹਲਕਾ ਇੰਚਾਰਜ ਲਖਵੀਰ ਸਿੰਘ ਲੱਖਾ ਵੀ ਹਾਜ਼ਰ ਸਨ। ਡਾ. ਅਮਰ ਸਿੰਘ ਨੇ ਭਾਜਪਾ ਉੱਤੇ ਦੇਸ਼ ਵਿੱਚ ਨਫ਼ਰਤ ਦੀ ਰਾਜਨੀਤੀ ਫੈਲਾਉਣ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਸਿਰਫ ਇਕ ਧਰਮ ਨੂੰ ਉਭਾਰ ਕੇ ਭਾਜਪਾ ਦੇਸ਼ ਦੇ ਬਹੁ ਧਰਮੀ ਲੋਕਾਂ ਲਈ ਖ਼ਤਰਾ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਕੋਲ ਸਿਰਫ ਲਾਰੇ ਹਨ, ਜੋ ਕਿ ਪੰਜਾਬ ਦੇ ਲੋਕ ਜਾਣ ਚੁੱਕੇ ਹਨ। ਇਸ ਮੌਕੇ ਕਾਂਗਰਸ ਦੇ ਹਲਕਾ ਇੰਚਾਰਜ ਲਖਵੀਰ ਸਿੰਘ ਲੱਖਾ, ਰਾਮਗੜ੍ਹ ਸਰਦਾਰਾਂ ਤੋਂ ਸਰਪੰਚ ਨਾਹਰ ਸਿੰਘ, ਸਾਬਕਾ ਚੇਅਰਮੈਨ ਸਾਧੂ ਸਿੰਘ, ਬਲਾਕ ਸੰਮਤੀ ਮੈਂਬਰ ਅਵਤਾਰ ਸਿੰਘ ਤਾਰੀ, ਸਰਪੰਚ ਮਲਕੀਤ ਸਿੰਘ, ਜ਼ਿਲ੍ਹਾ ਪ੍ਰੀਸ਼ਦ ਚੇਅਰਮੈਨ ਯਾਦਵਿੰਦਰ ਸਿੰਘ, ਸਰਪੰਚ ਹਰਸ਼ਦੀਪ ਕੌਰ ਜੰਡਾਲੀ ਹਾਜ਼ਰ ਸਨ।
ਕਾਮਿਲ ਵੱਲੋਂ ਪਿਤਾ ਦੇ ਹੱਕ ਵਿੱਚ ਪਿੰਡਾਂ ਵਿੱਚ ਪ੍ਰਚਾਰ
ਗੁਰੂਸਰ ਸੁਧਾਰ (ਸੰਤੋਖ ਗਿੱਲ): ਲੋਕ ਸਭਾ ਹਲਕਾ ਫ਼ਤਿਹਗੜ੍ਹ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਡਾ. ਅਮਰ ਸਿੰਘ ਬੋਪਾਰਾਏ ਦੇ ਚੋਣ ਪ੍ਰਚਾਰ ਦੀ ਕਮਾਨ ਉਨ੍ਹਾਂ ਦੇ ਪੁੱਤਰ ਕਾਮਿਲ ਅਮਰ ਸਿੰਘ ਨੇ ਸੰਭਾਲਦਿਆਂ ਵਿਧਾਨ ਸਭਾ ਹਲਕਾ ਰਾਏਕੋਟ ਦੇ ਪਿੰਡਾਂ ਵਿੱਚ ਆਪਣੀ ਪੂਰੀ ਤਾਕਤ ਝੋਕ ਦਿੱਤੀ ਹੈ। ਪਿੰਡ ਘੁਮਾਣ ਵਿੱਚ ਚੋਣ ਜਲਸੇ ਨੂੰ ਸੰਬੋਧਨ ਕਰਦਿਆਂ ਕਾਮਿਲ ਅਮਰ ਸਿੰਘ ਨੇ ਕਿਹਾ ਕਿ ਜੁਮਲੇਬਾਜ਼ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਭਾਜਪਾ ਸਰਕਾਰ ਨੂੰ ਸੱਤਾ ਤੋਂ ਲਾਂਭੇ ਕਰਨ ਦਾ ਸਮਾਂ ਹੁਣ ਆ ਗਿਆ ਹੈ। ਉਨ੍ਹਾਂ ਪੰਜਾਬ ਦੀ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਵੀ ਭਾਜਪਾ ਦੀ ‘ਬੀ’ ਟੀਮ ਦੱਸਿਆ ਹੈ। ਇਸ ਮੌਕੇ ਬਲਾਕ ਕਾਂਗਰਸ ਪ੍ਰਧਾਨ ਜਗਦੀਪ ਸਿੰਘ ਬਿੱਟੂ, ਜ਼ਿਲ੍ਹਾ ਪ੍ਰੀਸ਼ਦ ਮੈਂਬਰ ਕਮਲਜੀਤ ਕੌਰ ਹਿੱਸੋਵਾਲ, ਕਰਮਜੀਤ ਕੌਰ ਛੰਦੜਾਂ, ਚੇਅਰਮੈਨ ਸੁਖਪਾਲ ਸਿੰਘ ਗੋਂਦਵਾਲ ਹਾਜ਼ਰ ਸਨ।