For the best experience, open
https://m.punjabitribuneonline.com
on your mobile browser.
Advertisement

ਰਿਸ਼ਵਤ ਮੰਗਣ ਵਾਲਾ ਸਹਾਇਕ ਸਬ-ਇੰਸਪੈਕਟਰ ਗ੍ਰਿਫ਼ਤਾਰ

08:08 AM Jun 21, 2024 IST
ਰਿਸ਼ਵਤ ਮੰਗਣ ਵਾਲਾ ਸਹਾਇਕ ਸਬ ਇੰਸਪੈਕਟਰ ਗ੍ਰਿਫ਼ਤਾਰ
ਕਾਬੂ ਕੀਤਾ ਗਿਆ ਮੁਲਜ਼ਮ ਵਿਜੀਲੈਂਸ ਅਧਿਕਾਰੀਆਂ ਨਾਲ। -ਫੋਟੋ: ਓਬਰਾਏ
Advertisement

ਪੱਤਰ ਪ੍ਰੇਰਕ
ਦੋਰਾਹਾ, 20 ਜੂਨ
ਪੰਜਾਬ ਵਿਜੀਲੈਂਸ ਬਿਊਰੋ ਨੇ ਥਾਣਾ ਦੋਰਾਹਾ ਵਿੱਚ ਤਾਇਨਾਤ ਸਹਾਇਕ ਸਬ ਇੰਸਪੈਕਟਰ (ਏਐੱਸਆਈ) ਸਿਕੰਦਰ ਰਾਜ ਨੂੰ 18 ਹਜ਼ਾਰ ਰੁਪਏ ਦੀ ਰਿਸ਼ਵਤ ਮੰਗਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ। ਵਿਜੀਲੈਂਸ ਬਿਊਰੋ ਦੇ ਇਕ ਸਰਕਾਰੀ ਬੁਲਾਰੇ ਨੇ ਖੁਲਾਸਾ ਕੀਤਾ ਕਿ ਉਕਤ ਪੁਲੀਸ ਮੁਲਾਜ਼ਮ ਵਿਰੁੱਧ ਚੰਡੀਗੜ੍ਹ ਰੋਡ, ਲੁਧਿਆਣਾ ਦੇ ਵਸਨੀਕ ਰਵਿੰਦਰ ਸਿੰਘ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਅਧਾਰ ’ਤੇ ਕੇਸ ਦਰਜ ਕੀਤਾ ਗਿਆ। ਸ਼ਿਕਾਇਤਕਰਤਾ ਨੇ ਆਪਣਾ ਬਿਆਨ ਦਰਜ ਕਰਵਾਇਆ ਕਿ 13 ਮਾਰਚ 2021 ਨੂੰ ਉਸਦੇ ਡਰਾਈਵਰ ਰਾਜਦੀਪ ਸਿੰਘ ਵਾਸੀ ਖਡੂਰ ਸਾਹਿਬ (ਤਰਨ ਤਾਰਨ) ਅਤੇ ਹੈਲਪਰ ਬਿਰਜੂ ਵਾਸੀ ਸੰਜੈ ਗਾਂਧੀ ਕਲੋਨੀ ਲੁਧਿਆਣਾ ਨੇੜਲੇ ਨੀਲੋਂ ਪੁੱਲ ਸਮਰਾਲਾ ਵਿੱਚ ਇਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਸਨ। ਉਸ ਸਮੇਂ ਥਾਣਾ ਸਮਰਾਲਾ ਵਿੱਚ ਏਐੱਸਆਈ ਸਿਕੰਦਰ ਰਾਜ ਤਾਇਨਾਤ ਸੀ, ਜੋ ਹੋਰ ਪੁਲੀਸ ਮੁਲਾਜ਼ਮਾਂ ਨਾਲ ਮੌਕੇ ’ਤੇ ਪੁੱਜੇ ਅਤੇ ਦੋਵੇਂ ਵਾਹਨਾਂ ਨੂੰ ਥਾਣੇ ਲੈ ਗਏ। ਇਸ ਉਪਰੰਤ ਏਐੱਸਆਈ ਨੇ ਸ਼ਿਕਾਇਤਕਰਤਾ ਤੋਂ ਉਸ ਦੇ ਡਰਾਈਵਰ ਨੂੰ ਜ਼ਮਾਨਤ ਦਿਵਾਉਣ, ਗੱਡੀ ’ਚ ਲੱਦਿਆ ਸਾਮਾਨ ਛੱਡਣ ਤੇ ਡਰਾਈਵਰ ਖਿਲਾਫ਼ ਦਰਜ ਹੋਏ ਹਾਦਸੇ ਦੇ ਕੇਸ ਵਿੱਚੋਂ ਬਰੀ ਕਰਵਾਉਣ ਬਦਲੇ 20 ਹਜ਼ਾਰ ਰੁਪਏ ਰਿਸ਼ਵਤ ਦੀ ਮੰਗ ਕੀਤੀ, ਅੰਤ 18 ਹਜ਼ਾਰ ਵਿੱਚ ਸੌਦਾ ਤੈਅ ਹੋਇਆ। ਇਸ ਦੌਰਾਨ ਸ਼ਿਕਾਇਤਕਰਤਾ ਨੇ ਉਕਤ ਪੁਲੀਸ ਮੁਲਾਜ਼ਮ ਵੱਲੋਂ ਰਿਸ਼ਵਤ ਦੀ ਮੰਗ ਸਬੰਧੀ ਗੱਲਬਾਤ ਰਿਕਾਰਡ ਕਰ ਲਈ ਅਤੇ ਸਬੂਤ ਵਜੋਂ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤੀ। ਜਾਂਚ ਦੌਰਾਨ ਸ਼ਿਕਾਇਤ ਵਿੱਚ ਲਾਏ ਦੋਸ਼ ਸਹੀ ਤੇ ਦਰੁੱਸਤ ਪਾਏ ਗਏ, ਉਪਰੰਤ ਏਐੱਸਆਈ ਸਿਕੰਦਰ ਰਾਜ ਖਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕੇਸ ਦਰਜ ਕੀਤਾ ਗਿਆ ਹੈ। ਉਕਤ ਮੁਲਜ਼ਮ ਨੂੰ ਬਿਉਰੋ ਲੁਧਿਆਣਾ ਰੇਂਜ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ ਹੈ, ਜਿਸ ਨੂੰ ਭਲਕੇ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।

Advertisement

Advertisement
Advertisement
Author Image

joginder kumar

View all posts

Advertisement