For the best experience, open
https://m.punjabitribuneonline.com
on your mobile browser.
Advertisement

ਭਾਜਪਾ ਧਰਮ, ਜਾਤ ਤੇ ਨਸਲ ਦੇ ਆਧਾਰ ’ਤੇ ਵੰਡੀਆਂ ਪਾ ਰਹੀ ਹੈ: ਰਾਹੁਲ

07:50 AM Jan 21, 2024 IST
ਭਾਜਪਾ ਧਰਮ  ਜਾਤ ਤੇ ਨਸਲ ਦੇ ਆਧਾਰ ’ਤੇ ਵੰਡੀਆਂ ਪਾ ਰਹੀ ਹੈ  ਰਾਹੁਲ
ਅਸਾਮ ਵਿੱਚ ਭਾਰਤ ਜੋੜੋ ਨਿਆਏ ਯਾਤਰਾ ਦੌਰਾਨ ਸਮਰਥਕਾਂ ਨੂੰ ਸੰਬੋਧਨ ਕਰਦੇ ਹੋਏ ਰਾਹੁਲ ਗਾਂਧੀ। -ਫੋਟੋ: ਏਐੱਨਆਈ
Advertisement

ਈਟਾਨਗਰ, 20 ਜਨਵਰੀ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਅਰੁਣਾਚਲ ਪ੍ਰਦੇਸ਼ ਦੇ ਦੋਈਮੁਖ ’ਚ ਸੰਬੋਧਨ ਕਰਦਿਆਂ ਕਿਹਾ ਕਿ ਭਾਜਪਾ ਦੇਸ਼ ਨੂੰ ਜਾਤੀ, ਨਸਲ ਤੇ ਧਰਮ ਦੇ ਆਧਾਰ ’ਤੇ ਵੰਡ ਰਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਲੋਕਾਂ ਨੂੰ ਧਰਮ ਤੇ ਭਾਸ਼ਾ ਦੇ ਨਾਂ ’ਤੇ ਆਪਸ ’ਚ ਲੜਾ ਰਹੀ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਚੱਲ ਰਹੀ ਕਾਂਗਰਸ ਦੀ ਭਾਰਤ ਜੋੜੋ ਨਿਆਏ ਯਾਤਰਾ ਅੱਜ ਅਸਾਮ ਤੋਂ ਅਰੁਣਾਚਲ ਪ੍ਰਦੇਸ਼ ’ਚ ਦਾਖਲ ਹੋ ਗਈ ਹੈ। ਅਰੁਣਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨਬਮ ਤੁਟੀ ਨੇ ਪਾਪੁਮ ਪਾਰੇ ਜ਼ਿਲ੍ਹੇ ਦੇ ਗੁਮਤੋ ਚੈੱਕ ਗੇਟ ’ਤੇ ਕਾਂਗਰਸ ਆਗੂਆਂ ਦਾ ਸਵਾਗਤ ਕੀਤਾ ਜਿੱਥੇ ਝੰਡਾ ਸੌਂਪਣ ਦੀ ਰਸਮ ਦੀ ਨਿਭਾਈ ਗਈ ਸੀ। ਇਸ ਤੋਂ ਪਹਿਲਾਂ ਅੱਜ ਸਵੇਰੇ ਅਸਾਮ ਦੇ ਲਖੀਮਪੁਰ ਜ਼ਿਲ੍ਹੇ ਦੇ ਬੋਗੀਨਦੀ ਤੋਂ ਯਾਤਰਾ ਸ਼ੁਰੂ ਕੀਤੀ ਗਈ।
ਰਾਹੁਲ ਗਾਂਧੀ ਨੇ ਕਿਹਾ, ‘ਭਾਜਪਾ ਦੇਸ਼ ਦੇ ਵੱਡੀ ਗਿਣਤੀ ਪ੍ਰੇਸ਼ਾਨ ਲੋਕਾਂ ਲਈ ਨਹੀਂ ਬਲਕਿ ਕੁਝ ਕੁ ਕਾਰੋਬਾਰੀਆਂ ਦੇ ਹਿੱਤਾਂ ਲਈ ਕੰਮ ਕਰ ਰਹੀ ਹੈ। ਦੂਜੇ ਪਾਸੇ ਕਾਂਗਰਸ ਦੇਸ਼ ਦੇ ਲੋਕਾਂ ਨੂੰ ਇਕਜੁੱਟ ਕਰਨ ਤੇ ਉਨ੍ਹਾਂ ਦੀ ਭਲਾਈ ਲਈ ਕੰਮ ਕਰ ਰਹੀ ਹੈ।’ ਉਨ੍ਹਾਂ ਕਿਹਾ ਕਿ ਮਨੀਪੁਰ ਤੋਂ 14 ਜਨਵਰੀ ਨੂੰ ਸ਼ੁਰੂ ਕੀਤੀ ਗਈ 6713 ਕਿਲੋਮੀਟਰ ਲੰਮੀ ਭਾਰਤ ਜੋੜੋ ਨਿਆਏ ਯਾਤਰਾ 20 ਮਾਰਚ ਨੂੰ ਮੁੰਬਈ ’ਚ ਪਹੁੰਚ ਕੇ ਸਮਾਪਤ ਹੋਵੇਗੀ ਤੇ ਯਾਤਰਾ ਦਾ ਮਕਸਦ ਉੱਤਰ-ਪੂਰਬ ਦੇ ਲੋਕਾਂ ਦੀਆਂ ਪ੍ਰੇਸ਼ਾਨੀਆਂ ਨੂੰ ਉਭਾਰਨਾ ਹੈ। ਉਨ੍ਹਾਂ ਕਿਹਾ, ‘ਅਸੀਂ ਅਰੁਣਾਚਲ ਪ੍ਰਦੇਸ਼ ਨੂੰ ਰਾਜ ਦਾ ਦਰਜਾ ਦਿੱਤਾ ਤੇ ਸਾਡੀ ਪਾਰਟੀ ਹਮੇਸ਼ਾ ਗਰੀਬਾਂ ਦੇ ਮਸਲੇ ਚੁੱਕਣ ਤੇ ਨੌਜਵਾਨਾਂ, ਔਰਤਾਂ ਤੇ ਕਮਜ਼ੋਰ ਵਰਗ ਦੇ ਲੋਕਾਂ ਦੀ ਭਲਾਈ ਲਈ ਤਿਆਰ ਹੈ।’ ਉਨ੍ਹਾਂ ਬੇਰੁਜ਼ਗਾਰੀ ਦੇ ਮਸਲੇ ’ਤੇ ਵੀ ਭਾਜਪਾ ਨੂੰ ਘੇਰਿਆ। ਕਾਂਗਰਸ ਆਗੂ ਨੇ ਕਿਹਾ, ‘ਭਾਜਪਾ ਦੇ ਰਾਜ ’ਚ ਨਾ ਤਾਂ ਸਰਕਾਰ ਲੋਕਾਂ ਦੀਆਂ ਸ਼ਿਕਾਇਤਾਂ ਸੁਣਨ ਲਈ ਤਿਆਰ ਹੈ ਅਤੇ ਨਾ ਹੀ ਮੀਡੀਆ ਉਨ੍ਹਾਂ ਦੇ ਮਸਲੇ ਚੁੱਕਦਾ ਹੈ।’ ਇਸੇ ਦੌਰਾਨ ਕਾਂਗਰਸ ਦੇ ਜਨਰਲ ਸਕੱਤਰ ਜੈਰਾਮ ਰਮੇਸ਼ ਨੇ ਚੀਨ ਨਾਲ ਸਰਹੱਦੀ ਵਿਵਾਦ ਦੇ ਮੁੱਦੇ ’ਤੇ ਭਾਜਪਾ ਦੀ ਅਗਵਾਈ ਹੇਠਲੀ ਕੇਂਦਰ ਸਰਕਾਰ ਨੂੰ ਘੇਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾਅਵਾ ਕਰ ਰਹੇ ਹਨ ਕਿ ਕੋਈ ਵੀ ਭਾਰਤੀ ਖੇਤਰ ਅੰਦਰ ਦਾਖਲ ਨਹੀਂ ਹੋਇਆ ਤੇ ਨਾ ਹੀ ਕਿਸੇ ਭਾਰੀ ਚੌਕੀ ’ਤੇ ਕਬਜ਼ਾ ਹੋਇਆ ਹੈ। ਰਮੇਸ਼ ਨੇ ਕਿਹਾ, ‘ਪ੍ਰਧਾਨ ਮੰਤਰੀ ਦਾ ਬਿਆਨ ਨਾ ਸਿਰਫ਼ ਸਾਡੇ 20 ਸ਼ਹੀਦ ਜਵਾਨਾਂ ਦੀ ਬੇਇੱਜ਼ਤੀ ਹੈ ਬਲਕਿ ਉਨ੍ਹਾਂ ਵੱਲੋਂ ਦਿੱਤੀ ਗਈ ਕਲੀਨ ਚਿੱਟ ਕਾਰਨ ਹੀ ਚੀਨ ਲੱਦਾਖ ਤੇ ਅਰੁਣਾਚਲ ਪ੍ਰਦੇਸ਼ ’ਚ ਹਮਲਾਵਰ ਹੋ ਰਿਹਾ ਹੈ। ਰਮੇਸ਼ ਨੇ ਦੱਸਿਆ ਕਿ ਯਾਤਰਾ 25 ਜਨਵਰੀ ਨੂੰ ਪੱਛਮੀ ਬੰਗਾਲ ਵਿੱਚ ਦਾਖਲ ਹੋਵੇਗੀ। -ਪੀਟੀਆਈ

Advertisement

‘ਭਾਰਤ ਜੋੜੋ ਨਿਆਏ ਯਾਤਰਾ’ ਦੇ ਵਾਹਨਾਂ ’ਤੇ ਹਮਲਾ ਕੀਤਾ ਗਿਆ: ਕਾਂਗਰਸ

ਨਵੀਂ ਦਿੱਲੀ: ਕਾਂਗਰਸ ਨੇ ਅੱਜ ਦੋਸ਼ ਲਾਇਆ ਕਿ ਅਸਾਮ ਦੇ ਲਖੀਮਪੁਰ ’ਚ ‘ਭਾਰਤ ਜੋੜੋ ਨਿਆਏ ਯਾਤਰਾ’ ਨਾਲ ਜੁੜੇ ਵਾਹਨਾਂ ਦੀ ਭੰਨਤੋੜ ਕੀਤੀ ਗਈ ਤੇ ਪੋਸਟਰ ਵੀ ਪਾੜੇ ਗਏ ਜਿਸ ਲਈ ਭਾਜਪਾ ਤੇ ਸੂਬੇ ਵਿਚਲੀ ਉਸ ਦੀ ਸਰਕਾਰ ਜ਼ਿੰਮੇਵਾਰ ਹੈ। ਪਾਰਟੀ ਨੇ ਘਟਨਾ ਨਾਲ ਸਬੰਧਤ ਕੁਝ ਵੀਡੀਓ ਜਾਰੀ ਕਰਦਿਆਂ ਦਾਅਵਾ ਵੀ ਕੀਤਾ ਕਿ ਹਮਲਾ ਭਾਜਪਾ ਸਰਕਾਰ ਦੇ ਸਹਿਯੋਗ ਨਾਲ ਕੀਤਾ ਗਿਆ ਤੇ ਇਹ ਮੁੱਖ ਮੰਤਰੀ ਹਿਮੰਤ ਬਿਸਵਾ ਸ਼ਰਮਾ ਤੇ ਭਾਜਪਾ ਦੀ ਘਬਰਾਹਟ ਨੂੰ ਦਰਸਾਉਂਦਾ ਹੈ। ਪਾਰਟੀ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਕਿਹਾ ਕਿ ਅਜਿਹੇ ਹਮਲਿਆਂ ਤੋਂ ਕਾਂਗਰਸ ਤੇ ਰਾਹੁਲ ਗਾਂਧੀ ਡਰਨ ਵਾਲੇ ਨਹੀਂ ਹਨ। -ਪੀਟੀਆਈ

Advertisement

ਰਾਹੁਲ 22 ਨੂੰ ਵੈਸ਼ਨਵ ਸੰਤ ਸ਼ੰਕਰਦੇਵ ਦੇ ਜਨਮ ਅਸਥਾਨ ’ਤੇ ਕਰਨਗੇ ਪੂਜਾ

ਉੱਤਰ ਲਖੀਮਪੁਰ: ਕਾਂਗਰਸ ਆਗੂ ਜੈਰਾਮ ਰਮੇਸ਼ ਨੇ ਕਿਹਾ ਕਿ ਰਾਹੁਲ ਗਾਂਧੀ 22 ਜਨਵਰੀ ਨੂੰ ਅਯੁੱਧਿਆ ’ਚ ਰਾਮ ਮੰਦਰ ਪ੍ਰਾਣ ਪ੍ਰਤਿਸ਼ਠਾ ਸਮਾਗਮ ਵਾਲੇ ਦਿਨ ਅਸਾਮ ਦੇ ਨਗਾਉਂ ਜ਼ਿਲ੍ਹੇ ’ਚ ਵੈਸ਼ਨਵ ਸੰਤ ਸ੍ਰੀਮੰਤ ਸ਼ੰਕਰਦੇਵ ਦੇ ਜਨਮ ਅਸਥਾਨ ’ਤੇ ਪੂਜਾ ਕਰਨਗੇ। ਜ਼ਿਲ੍ਹੇ ਦੇ ਗੋਵਿੰਦਪੁਰ ’ਚ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਜੈਰਾਮ ਰਮੇਸ਼ ਨੇ ਕਿਹਾ,‘‘ਹਰ ਕੋਈ ਪੁੱਛ ਰਿਹਾ ਹੈ ਕਿ 22 ਜਨਵਰੀ ਨੂੰ ਰਾਹੁਲ ਕਿੱਥੇ ਹੋਣਗੇ ਅਤੇ ਯਾਤਰਾ ਕਿਹੜੀ ਥਾਂ ’ਤੇ ਹੋਵੇਗੀ। ਮੈਂ ਦੱਸਣਾ ਚਾਹੁੰਦਾ ਹਾਂ ਕਿ 22 ਜਨਵਰੀ ਦੀ ਸਵੇਰ ਰਾਹੁਲ ਬਟਾਦ੍ਰਵਾ ਥਾਨ ’ਚ ਹੋਣਗੇ ਜੋ ਸ੍ਰੀਮੰਤ ਸ਼ੰਕਰਦੇਵ ਦਾ ਜਨਮ ਅਸਥਾਨ ਹੈ।’’ -ਪੀਟੀਆਈ

Advertisement
Author Image

sukhwinder singh

View all posts

Advertisement