ਗੋਆ ਵਿੱਚ ਫਿਰਕੂ ਤਣਾਅ ਪੈਦਾ ਕਰ ਰਹੀ ਹੈ ਭਾਜਪਾ: ਰਾਹੁਲ
ਨਵੀਂ ਦਿੱਲੀ, 6 ਅਕਤੂਬਰ
ਲੋਕ ਸਭਾ ’ਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਨੇ ਅੱਜ ਭਾਜਪਾ ’ਤੇ ਗੋਆ ਵਿੱਚ ਜਾਣਬੁੱਝ ਕੇ ਫਿਰਕੂ ਤਣਾਅ ਪੈਦਾ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਸੱਤਾਧਾਰੀ ਪਾਰਟੀ ਦੀਆਂ ਕੋਸ਼ਿਸ਼ਾਂ ਨੂੰ ਚੁਣੌਤੀ ਦਿੱਤੀ ਜਾਵੇਗੀ ਕਿਉਂਕਿ ਸੂਬੇ ਅਤੇ ਪੂਰੇ ਭਾਰਤ ’ਚ ਲੋਕ ‘ਇਸ ਫੁੱਟ ਪਾਊ ਏਜੰਡੇ ਨੂੰ ਦੇਖ ਰਹੇ ਹਨ।’ ਰਾਹੁਲ ਨੇ ‘ਐਕਸ’ ’ਤੇ ਕਿਹਾ ਕਿ ਗੋਆ ਦੀ ਖੂਸਬੂਰਤੀ ਇਸ ਦੀ ਕੁਦਰਤੀ ਸੁੰਦਰਤਾ ਅਤੇ ਇਸ ਦੇ ਸਦਭਾਵਨਾ ਵਾਲੇ ਲੋਕਾਂ ਦੀ ਪ੍ਰਾਹੁਣਚਾਰੀ ਵਿਚ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਕਿਹਾ, ‘ਬਦਕਿਸਮਤੀ ਨਾਲ ਭਾਜਪਾ ਦੇ ਸ਼ਾਸਨ ’ਚ ਇਸ ਸਦਭਾਵਨਾ ’ਤੇ ਹਮਲੇ ਹੋ ਰਹੇ ਹਨ। ਭਾਜਪਾ ਜਾਣਬੁੱਝ ਕੇ ਫਿਰਕੂ ਤਣਾਅ ਪੈਦਾ ਕਰ ਰਹੀ ਹੈ, ਜਿਸ ਵਿੱਚ ਆਰਐੱਸਐੱਸ ਦਾ ਇੱਕ ਸਾਬਕਾ ਆਗੂ ਇਸਾਈਆਂ ਅਤੇ ਸੰਘ ਨਾਲ ਜੁੜੇ ਸੰਗਠਨਾਂ ਨੂੰ ਭੜਕਾ ਕੇ ਮੁਸਲਮਾਨਾਂ ਦੇ ਆਰਥਿਕ ਬਾਈਕਾਟ ਦੀ ਮੰਗ ਕਰ ਰਿਹਾ ਹੈ।’ ਉਨ੍ਹਾਂ ਦੋਸ਼ ਲਾਇਆ ਕਿ ਪੂਰੇ ਭਾਰਤ ਵਿੱਚ ਸੰਘ ਪਰਿਵਾਰ ਵੱਲੋਂ ਅਜਿਹੀਆਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਹਨ ਜਿਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਅਤੇ ਉਨ੍ਹਾਂ ਨੂੰ ਉੱਚ ਪੱਧਰ ਤੋਂ ਸਮਰਥਨ ਵੀ ਮਿਲ ਰਿਹਾ ਹੈ। ਰਾਹੁਲ ਗਾਂਧੀ ਨੇ ਕਿਹਾ, ‘ਗੋਆ ਵਿੱਚ ਭਾਜਪਾ ਦੀ ਰਣਨੀਤੀ ਸਪੱਸ਼ਟ ਹੈ। ਇਸ ਵਿੱਚ ਵਾਤਾਵਰਨ ਦੇ ਨਿਯਮਾਂ ਨੂੰ ਨਕਾਰ ਕੇ ਵਾਤਾਵਰਨਕ ਤੌਰ ’ਤੇ ਸੰਵੇਦਨਸ਼ੀਲ ਖੇਤਰਾਂ ਦਾ ਸ਼ੋਸ਼ਣ ਕਰਨਾ ਸ਼ਾਮਲ ਹੈ। ਇਹ ਗੋਆ ਦੀ ਕੁਦਰਤੀ ਅਤੇ ਸਮਾਜਿਕ ਵਿਰਾਸਤ ’ਤੇ ਹਮਲਾ ਹੈ।’ ਇਸ ਦੌਰਾਨ ਰਾਹੁਲ ਗਾਂਧੀ ਨੇ ਅੱਜ ਫੇਸਬੁੱਕ ਪੋਸਟ ਵਿੱਚ ਕਿਹਾ ਕਿ ਸੰਸਦ ਅਤੇ ਵਿਧਾਨ ਸਭਾਵਾਂ ਵਿੱਚ ਔਰਤਾਂ ਦੀ ਵੱਧ ਤੋਂ ਵੱਧ ਹਿੱਸੇਦਾਰੀ ਜ਼ਰੂਰੀ ਹੈ। ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਔਰਤਾਂ ਨੂੰ ਆਪਣੀ ਪਾਰਟੀ ਦੇ ‘ਸ਼ਕਤੀ ਅਭਿਆਨ’ ਵਿੱਚ ਹਿੱਸਾ ਲੈਣ ਦੀ ਅਪੀਲ ਕੀਤੀ, ਜਿਸ ਦਾ ਉਦੇਸ਼ ਸਿਆਸਤ ਵਿੱਚ ਔਰਤਾਂ ਦੀ ਹਿੱਸੇਦਾਰੀ ਵਧਾਉਣਾ ਹੈ। -ਪੀਟੀਆਈ
ਮੋਦੀਨੌਮਿਕਸ ਭਾਰਤੀ ਅਰਥਚਾਰੇ ਲਈ ਸਰਾਪ: ਖੜਗੇ
ਨਵੀਂ ਦਿੱਲੀ: ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਅਰਥਚਾਰੇ ਦੀ ਨਿੱਘਰਦੀ ਹਾਲਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਉਨ੍ਹਾਂ ਦੇ ‘ਘਿਸੇ ਪਿਟੇ ਭਾਸ਼ਣ’ ਉਨ੍ਹਾਂ ਦੀਆਂ ‘ਸਰਾਸਰ ਨਾਕਾਮੀਆਂ’ ਨੂੰ ਨਹੀਂ ਲੁਕਾ ਸਕਦੇ, ਜਿਸ ਨੇ ਦੇਸ਼ ਦੇ ਅਰਥਚਾਰੇ ਦੇ ਹਰੇਕ ਪਹਿਲੂ ਨੂੰ ਅਸਰਅੰਦਾਜ਼ ਕੀਤਾ ਹੈ। ਖੜਗੇ ਨੇ ਐਕਸ ਉੱਤੇ ਘਰੇਲੂ ਕਰਜ਼ਿਆਂ, ਮਹਿੰਗਾਈ ਤੇ ਉਤਪਾਦਨ ਸੈਕਟਰ ਨੂੰ ਦਰਪੇਸ਼ ਮੁਸ਼ਕਲਾਂ ਜਿਹੇ ਮੁੱਦੇ ਉਭਾਰਦਿਆਂ ਕਿਹਾ, ‘‘ਮੋਦੀਨੌਮਿਕਸ ਭਾਰਤੀ ਅਰਥਚਾਰੇ ਲਈ ਸਰਾਪ ਹੈ।’’ ਉਨ੍ਹਾਂ ਦਾਅਵਾ ਕੀਤਾ ਕਿ ‘‘ਇਨ ਇੰਡੀਆ ਬੁਰੀ ਤਰ੍ਹਾਂ ਨਾਕਾਮ ਰਿਹਾ ਹੈ।’’ ਕਾਂਗਰਸ ਪ੍ਰਧਾਨ ਨੇ ਕਿਹਾ, ‘‘ਨਰਿੰਦਰ ਮੋਦੀ ਜੀ, ਤੁਹਾਡੇ ਬੇਹੇ ਭਾਸ਼ਣ ਜਿਨ੍ਹਾਂ ਨੂੰ ਤੁਸੀਂ ਵਾਰ ਵਾਰ ਘੁਮਾਉਂਦੇ ਹੋ, ਨਾਲ ਤੁਹਾਡੀਆਂ ਨਾਕਾਮੀਆਂ ਨਹੀਂ ਲੁਕਣੀਆਂ, ਜਿਸ ਨੇ ਭਾਰਤੀ ਅਰਥਚਾਰੇ ਦੇ ਹਰੇਕ ਪਹਿਲੂ ਨੂੰ ਅਸਰਅੰਦਾਜ਼ ਕੀਤਾ ਹੈ।’’ ਖੜਗੇ ਨੇ ਕਿਹਾ ਕਿ ਘਰੇਲੂ ਕਰਜ਼ਿਆਂ/ਦੇਣਦਾਰੀਆਂ ਵਿਚ 2013-14 ਤੋਂ 2022-23 ਤੱਕ 241 ਫੀਸਦ ਦਾ ਇਜ਼ਾਫ਼ਾ ਹੋਇਆ ਹੈ। ਉਨ੍ਹਾਂ ਕਿਹਾ ਕਿ ਘਰੇਲੂ ਬੱਚਤਾਂ 50 ਸਾਲ ਦੇ ਹੇਠਲੇ ਪੱਧਰ ’ਤੇ ਹਨ ਅਤੇ ਕੋਵਿਡ-19 ਮਹਾਮਾਰੀ ਤੋਂ ਬਾਅਦ ਭਾਰਤੀ ਪਰਿਵਾਰਾਂ ਦੀ ਖਪਤ ਉਨ੍ਹਾਂ ਦੀ ਆਮਦਨ ਨਾਲੋਂ ਵੱਧ ਹੈ।