ਸੰਵਿਧਾਨ ’ਤੇ ਹਮਲੇ ਕਰ ਰਹੀ ਹੈ ਭਾਜਪਾ: ਰਾਹੁਲ ਗਾਂਧੀ
ਰਾਂਚੀ, 19 ਅਕਤੂਬਰ
ਕਾਂਗਰਸ ਆਗੂ ਰਾਹੁਲ ਗਾਂਧੀ ਨੇ ਅੱਜ ਦਾਅਵਾ ਕੀਤਾ ਕਿ ਭਾਰਤੀ ਜਨਤਾ ਪਾਰਟੀ ਸੰਵਿਧਾਨ ’ਤੇ ਹਮਲਾ ਕਰ ਰਹੀ ਹੈ। ਉਨ੍ਹਾਂ ਭਾਜਪਾ ’ਤੇ ਚੋਣ ਕਮਿਸ਼ਨ, ਨੌਕਰਸ਼ਾਹੀ ਤੇ ਕੇਂਦਰੀ ਏਜੰਸੀਆਂ ਜਿਹੀਆਂ ਸੰਸਥਾਵਾਂ ਨੂੰ ਕੰਟਰੋਲ ਕਰਨ ਦਾ ਦੋਸ਼ ਲਾਇਆ। ਉਨ੍ਹਾਂ ਕਿਹਾ ਕਿ ਕੋਈ ਵੀ ਤਾਕਤ ਜਾਤੀ ਆਧਾਰਿਤ ਗਣਨਾ ਤੇ ਰਾਖਵਾਂਕਰਨ ’ਤੇ 50 ਫੀਸਦ ਦੀ ਹੱਦ ਹਟਾਉਣ ਤੋਂ ਨਹੀਂ ਰੋਕ ਸਕਦੀ।
ਝਾਰਖੰਡ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਇੱਥੇ ‘ਸੰਵਿਧਾਨ ਸਨਮਾਨ ਸੰਮੇਲਨ’ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਦੋਸ਼ ਲਾਇਆ, ‘ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਸਮੇਤ ਸਾਰੇ ਪਾਸਿਓਂ ਸੰਵਿਧਾਨ ’ਤੇ ਲਗਾਤਾਰ ਹਮਲੇ ਹੋ ਰਹੇ ਹਨ ਅਤੇ ਇਸ ਦੀ ਰਾਖੀ ਕੀਤੇ ਜਾਣ ਦੀ ਲੋੜ ਹੈ।’ ਕਾਂਗਰਸ ਦੇ ਸਾਬਕਾ ਪ੍ਰਧਾਨ ਨੇ ਭਾਜਪਾ ’ਤੇ ਤਿੱਖਾ ਹਮਲਾ ਕਰਦਿਆਂ ਦੋਸ਼ ਲਾਇਆ ਕਿ ਉਹ ‘ਚੋਣ ਕਮਿਸ਼ਨ, ਸੀਬੀਆਈ, ਈਡੀ, ਆਮਦਨ ਕਰ ਵਿਭਾਗ, ਨੌਕਰਸ਼ਾਹੀ ਤੇ ਨਿਆਂਪਾਲਿਕਾ ਨੂੰ ਕੰਟਰੋਲ ਕਰ ਰਹੀ ਹੈ।’ ਉਨ੍ਹਾਂ ਦਾਅਵਾ ਕੀਤਾ, ‘ਭਾਜਪਾ ਫੰਡਾਂ ਤੇ ਸੰਸਥਾਵਾਂ ਨੂੰ ਕਟਰੋਲ ਕਰਦੀ ਹੈ ਪਰ ਸਾਡੇ ਕੋਲ ਇਮਾਨਦਾਰੀ ਹੈ। ਕਾਂਗਰਸ ਨੇ ਬਿਨਾਂ ਪੈਸੇ ਦੇ ਚੋਣਾਂ ਲੜੀਆਂ ਸਨ।’ ਉਨ੍ਹਾਂ ਕਿਹਾ ਕਿ ਜਾਤੀ ਆਧਾਰਿਤ ਜਨਗਣਨਾ ਸਮਾਜਿਕ ‘ਐਕਸ-ਰੇਅ’ ਹਾਸਲ ਕਰਨ ਦਾ ਇੱਕ ਜ਼ਰੀਆ ਹੈ ਪਰ ਪ੍ਰਧਾਨ ਮੰਤਰੀ ਮੋਦੀ ਇਸ ਦਾ ਵਿਰੋਧ ਕਰ ਰਹੇ ਹਨ। ਉਨ੍ਹਾਂ ਕਿਹਾ, ‘ਹਾਲਾਂਕਿ ਮੀਡੀਆ ਤੇ ਨਿਆਂਪਾਲਿਕਾ ਦੀ ਹਮਾਇਤ ਤੋਂ ਬਿਨਾਂ ਕੋਈ ਵੀ ਤਾਕਤ ਜਾਤੀ ਆਧਾਰਿਤ ਜਨਗਣਨਾ ਤੇ ਰਾਖਵਾਂਕਰਨ ’ਤੇ 50 ਫੀਸਦ ਦੀ ਹੱਦ ਹਟਾਉਣ ਤੋਂ ਨਹੀਂ ਰੋਕ ਸਕਦੀ।’ ਵਿਧਾਨ ਸਭਾ ਚੋਣਾਂ ਦਾ ਪ੍ਰੋਗਰਾਮ ਜਾਰੀ ਹੋਣ ਮਗਰੋਂ ਰਾਹੁਲ ਦਾ ਝਾਰਖੰਡ ਦਾ ਪਹਿਲਾ ਦੌਰਾ ਹੈ। -ਪੀਟੀਆਈ