For the best experience, open
https://m.punjabitribuneonline.com
on your mobile browser.
Advertisement

ਭਾਜਪਾ ਨੇ ਕਿਸਾਨ ਆਗੂਆਂ ਖ਼ਿਲਾਫ਼ ਖੋਲ੍ਹਿਆ ਮੋਰਚਾ

07:47 AM May 29, 2024 IST
ਭਾਜਪਾ ਨੇ ਕਿਸਾਨ ਆਗੂਆਂ ਖ਼ਿਲਾਫ਼ ਖੋਲ੍ਹਿਆ ਮੋਰਚਾ
Advertisement

ਚਰਨਜੀਤ ਭੁੱਲਰ
ਚੰਡੀਗੜ੍ਹ, 28 ਮਈ
ਪੰਜਾਬ ’ਚ ਲੋਕ ਸਭਾ ਚੋਣਾਂ ਦਾ ਮਾਹੌਲ ਹੁਣ ਪੂਰੀ ਤਰ੍ਹਾਂ ਭਖ ਗਿਆ ਹੈ। ਤਲਖ਼ੀ ਤੇ ਰਾਜਸੀ ਗਰਮੀ ਚੋਣ ਮਾਹੌਲ ਨੂੰ ਨਵਾਂ ਮੋੜਾ ਦੇ ਰਹੀ ਹੈ। ਜਿਵੇਂ ਚੋਣ ਪ੍ਰਚਾਰ ਬੰਦ ਹੋਣ ਵਧ ਰਿਹਾ ਹੈ, ਉਵੇਂ ਸਿਆਸੀ ਲੀਡਰਾਂ ਦੀ ਬੋਲ-ਬਾਣੀ ਤੇ ਭਾਸ਼ਾ ’ਚ ਤਿੱਖਾਪਣ ਝਲਕਣ ਲੱਗਾ ਹੈ। ਇੰਜ ਜਾਪਦਾ ਹੈ ਕਿ ਭਾਜਪਾ ਨੇ ਪੇਂਡੂ ਕਿਸਾਨ ਵੋਟ ਬੈਂਕ ਤੋਂ ਝਾਕ ਮੁਕਾ ਲਈ ਹੋਵੇ। ਜਦੋਂ ਚੋਣ ਪ੍ਰਚਾਰ ਸ਼ੁਰੂ ਹੋਇਆ ਸੀ ਤਾਂ ਭਾਜਪਾ ਆਗੂ ਕੇਂਦਰ ਵੱਲੋਂ ਕਿਸਾਨੀ ਲਈ ਚੁੱਕੇ ਕਦਮਾਂ ਦੀ ਸੂਚੀ ਰੱਖਦੇ ਸੀ। ਫਿਰ ਭਾਜਪਾ ਨੇ ਮੋੜਾ ਕਟਦਿਆਂ ਕਿਹਾ ਕਿ ਕਿਸਾਨ ਜਥੇਬੰਦੀਆਂ ’ਚ ਸ਼ਰਾਰਤੀ ਅਨਸਰ ਘੁਸਪੈਠ ਕਰ ਗਏ ਹਨ। ਆਖ਼ਰ ਹੁਣ ਭਾਜਪਾ ਖੁੱਲ੍ਹ ਕੇ ਕਿਸਾਨ ਧਿਰਾਂ ਖ਼ਿਲਾਫ਼ ਆ ਗਈ ਹੈ। ਸਭ ਤੋਂ ਪਹਿਲਾਂ ਫ਼ਰੀਦਕੋਟ ਹਲਕੇ ਤੋਂ ਭਾਜਪਾ ਉਮੀਦਵਾਰ ਹੰਸ ਰਾਜ ਹੰਸ ਕਿਸਾਨਾਂ ਨੂੰ ਧਮਕੀ ਦਿੰਦੇ ਹਨ। ਉਸ ਮਗਰੋਂ ਲੁਧਿਆਣਾ ਤੋਂ ਭਾਜਪਾ ਉਮੀਦਵਾਰ ਰਵਨੀਤ ਬਿੱਟੂ ਕਿਸਾਨ ਆਗੂਆਂ ਨੂੰ ਚਾਰ ਕੁ ਟੋਟਰੂ ਦੱਸਦੇ ਹਨ। ਹੁਣ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਆਖਦੇ ਹਨ ਕਿ ਭਾਜਪਾ ਅਖੌਤੀ ਕਿਸਾਨ ਆਗੂਆਂ ਤੋਂ ਡਰਨ ਵਾਲੀ ਨਹੀਂ। ਉਹ ਆਖਦੇ ਹਨ ਕਿ ਵਪਾਰੀਆਂ ਤੇ ਕਿਸਾਨਾਂ ਵਿਚ ‘ਆਪ’ ਤੇ ਕਾਂਗਰਸ ਦਰਾਰ ਪਾ ਰਹੀ ਹੈ। ਭਾਜਪਾ ਦੇ ਸੰਸਦ ਮੈਂਬਰ ਮਨੋਜ ਤਿਵਾੜੀ ਆਖਦੇ ਹਨ ਕਿ ਉਹ ਪੰਜਾਬ ਵਿਚ ਚੋਣ ਪ੍ਰਚਾਰ ਕਰਨਗੇ, ਦੇਖਦਾ ਹਾਂ ਕਿ ਕੌਣ ਰੋਕਦਾ ਹੈ। ਮਨੋਜ ਤਿਵਾੜੀ ਇਹ ਚੁਣੌਤੀ ਬਿਨਾਂ ਨਾਮ ਲਏ ਸੁਖਪਾਲ ਸਿੰਘ ਖਹਿਰਾ ਨੂੰ ਦੇ ਰਹੇ ਹਨ ਜਿਨ੍ਹਾਂ ਪਿਛਲੇ ਦਿਨੀਂ ਗੈਰ-ਪੰਜਾਬੀਆਂ ਬਾਰੇ ਇੱਕ ਟਿੱਪਣੀ ਕੀਤੀ ਸੀ। ਸੰਯੁਕਤ ਕਿਸਾਨ ਮੋਰਚੇ ਨੇ ਸ਼ੁਰੂ ਵਿੱਚ ਹੀ ਐਲਾਨ ਕੀਤਾ ਸੀ ਕਿ ਪੰਜਾਬ ਵਿੱਚ ਭਾਜਪਾ ਉਮੀਦਵਾਰਾਂ ਦਾ ਵਿਰੋਧ ਕੀਤਾ ਜਾਵੇਗਾ ਅਤੇ ਸੁਆਲ ਪੁੱਛੇ ਜਾਣਗੇ। ਇਹ ਵੀ ਕਿਹਾ ਸੀ ਕਿ ਭਾਜਪਾ ਸਰਕਾਰ ਨੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਅਤੇ ਉਹ ਭਾਜਪਾ ਨੂੰ ਪਿੰਡਾਂ ਵਿਚ ਦਾਖ਼ਲ ਨਹੀਂ ਹੋਣ ਦੇਣਗੇ। ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ਦੇ ਪ੍ਰਤੀਕਰਮ ਵਜੋਂ ਹੁਣ ਭਾਜਪਾ ਨੇਤਾ ਖੁੱਲ੍ਹ ਕੇ ਮੈਦਾਨ ਵਿਚ ਆ ਗਏ ਹਨ। ਸੰਯੁਕਤ ਕਿਸਾਨ ਮੋਰਚਾ (ਗੈਰ ਸਿਆਸੀ) ਦੇ ਸੀਨੀਅਰ ਆਗੂ ਜਗਜੀਤ ਸਿੰਘ ਡੱਲੇਵਾਲ ਤੌਖਲਾ ਜ਼ਾਹਿਰ ਕਰਦੇ ਹਨ ਕਿ ਭਾਜਪਾ ਹੁਣ ਵੋਟਾਂ ਦੇ ਧਰੁਵੀਕਰਨ ਲਈ ਭਾਈਚਾਰੇ ਵਿਚ ਪਾੜਾ ਪਾਏਗੀ ਅਤੇ ਆਉਂਦੇ ਦਿਨਾਂ ’ਚ ਭਾਜਪਾ ਤਲਖ਼ੀ ਵਾਲਾ ਮਾਹੌਲ ਸਿਰਜੇਗੀ। ਉਨ੍ਹਾਂ ਕਿਹਾ ਕਿ ਜਿਸ ਜਾਖੜ ਨੂੰ ਦਿਲੀ ਅੰਦੋਲਨ ਵੇਲੇ ਕਿਸਾਨ ਆਗੂ ਚੰਗੇ ਲੱਗਦੇ ਸਨ, ਅੱਜ ਉਸੇ ਜਾਖੜ ਨੂੰ ਕਿਸਾਨ ਨੇਤਾ ਅਖੌਤੀ ਲੱਗਣ ਲੱਗ ਪਏ ਹਨ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਲੁਧਿਆਣਾ ਵਿਚ ਕਾਫ਼ੀ ਮਾਹੌਲ ਗਰਮਾਇਆ ਅਤੇ ਚੋਣਾਂ ਮਗਰੋਂ ‘ਆਪ’ ਸਰਕਾਰ ਡਿੱਗਣ ਦੀ ਗੱਲ ਵੀ ਕੀਤੀ। ਕੌਮੀ ਲੀਡਰਸ਼ਿਪ ਨੇ ਹਾਲੇ ਕਿਸਾਨ ਧਿਰਾਂ ’ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਐਸਕੇਐੱਮ ਦੇ ਸੀਨੀਅਰ ਆਗੂ ਡਾ. ਦਰਸ਼ਨ ਪਾਲ ਆਖਦੇ ਹਨ ਕਿ ਜਿਸ ਤਰ੍ਹਾਂ ਹੁਣ ਭਾਜਪਾ ਆਗੂ ਕਿਸਾਨ ਧਿਰਾਂ ਬਾਰੇ ਬੋਲ ਰਹੇ ਹਨ, ਉਸ ਤੋਂ ਭਾਜਪਾ ਦੀ ਬੁਖਲਾਹਟ ਸਾਫ਼ ਨਜ਼ਰ ਪੈਂਦੀ ਹੈ। ਉਨ੍ਹਾਂ ਕਿਹਾ ਕਿ ਕੌਮੀ ਲੀਡਰਾਂ ਦਾ ਕਿਸਾਨਾਂ ਨੇ ਵਿਰੋਧ ਜ਼ਾਬਤੇ ਵਿਚ ਰਹਿ ਕੇ ਕੀਤਾ ਹੈ।
ਅੱਜ ਵੀ ਕਿਸਾਨ ਧਿਰਾਂ ਵੱਲੋਂ ਭਾਜਪਾ ਉਮੀਦਵਾਰਾਂ ਦੇ ਘਰਾਂ ਅੱਗੇ ਧਰਨੇ ਮਾਰੇ ਗਏ ਹਨ। ਕਿਰਤੀ ਕਿਸਾਨ ਯੂਨੀਅਨ ਦੇ ਆਗੂ ਰਾਜਿੰਦਰ ਸਿੰਘ ਦੀਪ ਸਿੰਘ ਵਾਲਾ ਆਖਦੇ ਹਨ ਕਿ ਭਾਜਪਾ ਦੇ ਲੀਡਰਾਂ ਦੀ ਕਿਸਾਨ ਆਗੂਆਂ ਪ੍ਰਤੀ ਬੋਲ-ਬਾਣੀ ਇਸ ਗੱਲ ’ਤੇ ਮੋਹਰ ਲਾਉਂਦੀ ਹੈ ਕਿ ਸੰਯੁਕਤ ਕਿਸਾਨ ਮੋਰਚਾ ਆਪਣੇ ਮਿਸ਼ਨ ਵਿੱਚ ਸਫਲ ਰਿਹਾ ਹੈ। ਬੀਕੇਯੂ ਤੋਤੇਵਾਲ ਦੇ ਸੂਬਾ ਪ੍ਰਧਾਨ ਸੁੱਖ ਗਿੱਲ ਆਖਦੇ ਹਨ ਕਿ ਸੁਨੀਲ ਜਾਖੜ ਕਿਸਾਨਾਂ ਬਾਰੇ ਮਾੜਾ ਬੋਲਣਾ ਬੰਦ ਕਰੇ।

Advertisement

ਨਸ਼ਿਆਂ ਦੇ ਮੁੱਦੇ ਦੀ ਪਈ ਗੂੰਜ

ਪੰਜਾਬ ਦੇ ਚੋਣ ਮਾਹੌਲ ਦੇ ਆਖ਼ਰੀ ਮੋੜ ’ਤੇ ਨਸ਼ੇ ਦੇ ਮੁੱਦੇ ਦੀ ਗੂੰਜ ਪਈ ਹੈ। ਕਾਂਗਰਸ ਪ੍ਰਧਾਨ ਮਲਿਕਾਰੁਜਨ ਖੜਗੇ ਨੇ ਅੱਜ ਪੰਜਾਬ ਵਿੱਚ ਨਸ਼ੇ ਹੋਣ ਦੀ ਗੱਲ ਕਰਦਿਆਂ ਕਿਹਾ ਕਿ ਨਸ਼ੇ ਦੇ ਡਰੋਂ ਪੰਜਾਬ ਦਾ ਨੌਜਵਾਨ ਵਿਦੇਸ਼ ਜਾ ਰਿਹਾ ਹੈ। ਸ਼੍ਰੋਮਣੀ ਅਕਾਲੀ ਦਲ ਆਖ ਰਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਬਣਨ ’ਤੇ ਨਸ਼ਾ ਤਸਕਰਾਂ ਖ਼ਿਲਾਫ਼ ਫਾਂਸੀ ਦੀ ਸਜ਼ਾ ਦਾ ਪ੍ਰਬੰਧ ਕੀਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਧੂਰੀ ਵਿੱਚ ਕਿਹਾ ਕਿ ਪੰਜਾਬ ਦੀ ਧਰਤੀ ਤੋਂ ਨਸ਼ੇ ਬਿਲਕੁਲ ਖ਼ਤਮ ਕੀਤੇ ਜਾਣਗੇ।

Advertisement
Author Image

joginder kumar

View all posts

Advertisement
Advertisement
×