ਹਰਿਆਣਾ ਵਿੱਚ ਲਗਾਤਾਰ ਤੀਜੀ ਵਾਰ ਬਣੀ ਭਾਜਪਾ ਸਰਕਾਰ
ਚੰਡੀਗੜ੍ਹ, 8 ਅਕਤੂਬਰ
ਹਰਿਆਣਾ ਵਿਧਾਨ ਸਭਾ ਚੋਣਾਂ ਦੀਆਂ 90 ਸੀਟਾਂ ਦੇ ਨਤੀਜੇ ਆ ਗਏ ਹਨ ਜਿਸ ਵਿਚ ਭਾਜਪਾ ਨੇ ਬਹੁਮਤ ਹਾਸਲ ਕਰਦਿਆਂ 48 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ ਜਦਕਿ ਕਾਂਗਰਸ ਨੇ 37 ਸੀਟਾਂ ’ਤੇ ਜਿੱਤ ਹਾਸਲ ਕੀਤੀ ਹੈ। ਭਾਜਪਾ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ ਦੇ ਮੁਕਾਬਲੇ ਅੱਠ ਸੀਟਾਂ ਦਾ ਫਾਇਦਾ ਹੋਇਆ ਹੈ। ਭਾਜਪਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਲਾਡਵਾ ਤੋਂ ਤੇ ਕਾਂਗਰਸ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਗੜ੍ਹੀ ਸਾਂਪਲਾ ਸੀਟਾਂ ਤੋਂ ਜਿੱਤ ਗਏ ਹਨ। ਕਾਂਗਰਸ ਨੇ ਇਨ੍ਹਾਂ ਨਤੀਜਿਆਂ ਨੂੰ ਹੈਰਾਨੀਜਨਕ ਦੱਸਦਿਆਂ ਕਿਹਾ ਕਿ ਇਹ ਨਤੀਜੇ ਲੋਕਾਂ ਦੀਆਂ ਆਸਾਂ ਮੁਤਾਬਕ ਨਹੀਂ ਆਏ। ਇਹ ਵੀ ਜਾਣਕਾਰੀ ਮਿਲੀ ਹੈ ਕਿ ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ 12 ਅਕਤੂਬਰ ਨੂੰ ਹੋ ਸਕਦਾ ਹੈ। ਇਸ ਤੋਂ ਪਹਿਲਾਂ ਹਰਿਆਣਾ ਦੇ ਮੁੱਖ ਮੰਤਰੀ ਤੇ ਲਾਡਵਾ ਹਲਕੇ ਤੋਂ ਭਾਜਪਾ ਉਮੀਦਵਾਰ ਨਾਇਬ ਸਿੰਘ ਸੈਣੀ ਨੇ ਹਲਕੇ ਤੋਂ 16054 ਵੋਟਾਂ ਦੇ ਫ਼ਰਕ ਨਾਲ ਜਿੱਤ ਦਰਜ ਕੀਤੀ। ਚੋਣ ਕਮਿਸ਼ਨ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਉਨ੍ਹਾਂ ਕਾਂਗਰਸ ਦੇ ਉਮੀਦਵਾਰ ਮੇਵਾ ਸਿੰਘ ਅਤੇ ਆਜ਼ਾਦ ਉਮੀਦਵਾਰ ਵਿਕਰਮਜੀਤ ਸਿੰਘ ਚੀਮਾ ਨੂੰ ਹਰਾਇਆ। ਸੂਬੇ ਵਿਚ ਭਾਜਪਾ ਦੀ ਜਿੱਤ ’ਤੇ ਸ੍ਰੀ ਸੈਣੀ ਨੇ ਹਰਿਆਣਾ ਦੇ 2.80 ਕਰੋੜ ਵਾਸੀਆਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਇਸ ਜਿੱਤ ਦਾ ਸਿਹਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦਿੱਤਾ ਹੈ। ਏਜੰਸੀ