ਸੂਬੇ ਵਿੱਚ ਮੁੜ ਬਣੇਗੀ ਭਾਜਪਾ ਦੀ ਸਰਕਾਰ: ਬਲਿਆਲਾ
ਪੱਤਰ ਪ੍ਰੇਰਕ
ਰਤੀਆ, 31 ਅਗਸਤ
ਸੂਬੇ ਵਿੱਚ ਕੀਤੇ ਵਿਕਾਸ ਕਾਰਜਾਂ ਦੇ ਬਲਬੂਤੇ ਤੇ ਕੇਂਦਰ ਵਾਂਗ ਹਰਿਆਣਾ ਵਿੱਚ ਵੀ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇਗੀ। ਇਹ ਗੱਲ ਅਨੁਸੂਚਿਤ ਜਾਤੀ ਜਨਜਾਤੀ ਕਮਿਸ਼ਨ ਦੇ ਚੇਅਰਮੈਨ ਸਾਬਕਾ ਵਿਧਾਇਕ ਪ੍ਰੋ. ਰਵਿੰਦਰ ਬਲਿਆਲਾ ਨੇ ਇਲਾਕੇ ਦੇ ਪਿੰਡ ਰੋਝਾਂਵਾਲੀ, ਪਿਲਛੀਆਂ, ਲਥੇੜਾ ਅਤੇ ਰਤੀਆ ਸ਼ਹਿਰ ਵਿੱਚ ਜਨ ਸੰਪਰਕ ਮੁਹਿੰਮ ਦੌਰਾਨ ਲੋਕਾਂ ਨੂੰ ਸੰਬੋਧਨ ਕਰਦਿਆਂ ਕਹੇ। ਇਸ ਮੌਕੇ ਸ੍ਰੀ ਬਲਿਆਲਾ ਨੇ ਕਿਹਾ ਕਿ ਸੂਬੇ ਦੀ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਦੌਰਾਨ ਹਰ ਵਰਗ ਦੇ ਹਿੱਤਾਂ ਨੂੰ ਮੁੱਖ ਰੱਖਦਿਆਂ ਲੋਕਾਂ ਲਈ ਜੋ ਭਲਾਈ ਸਕੀਮਾਂ ਬਣਾਈਆਂ ਗਈਆਂ ਹਨ, ਲੋਕਾਂ ਨੂੰ ਇਸ ਦਾ ਪੂਰਾ ਲਾਭ ਮਿਲਿਆ ਹੈ। ਉਨ੍ਹਾਂ ਕਿਹਾ ਕਿ ਭਾਜਪਾ ਸਰਕਾਰ ਨੇ ਪਿਛਲੇ 10 ਸਾਲਾਂ ’ਚ ਇੰਨੇ ਵਿਕਾਸ ਕਾਰਜ ਕਰਵਾਏ ਹਨ ਕਿ ਅੱਜ ਹਰਿਆਣਾ ਵਿਕਾਸ ਦੇ ਮਾਮਲੇ ’ਚ ਪੂਰੇ ਦੇਸ਼ ਦੇ ਮੋਹਰੀ ਸੂਬਿਆਂ ’ਚੋਂ ਇਕ ਹੈ। ਲੋਕ ਭਾਜਪਾ ਸਰਕਾਰ ਦੇ 10 ਸਾਲਾਂ ਦੇ ਕਾਰਜਕਾਲ ਤੋਂ ਬੇਹੱਦ ਖੁਸ਼ ਹਨ, ਜਿਸ ਕਾਰਨ ਸੂਬੇ ਦੇ ਲੋਕਾਂ ਨੇ ਮਨ ਬਣਾ ਲਿਆ ਹੈ ਕਿ ਕੇਂਦਰ ਵਾਂਗ ਸੂਬੇ ’ਚ ਵੀ ਤੀਜੀ ਵਾਰ ਭਾਜਪਾ ਦੀ ਸਰਕਾਰ ਬਣੇ। ਉਨ੍ਹਾਂ ਕਿਹਾ ਕਿ ਭਾਜਪਾ ਦੀ ਲੋਕਪ੍ਰਿਅਤਾ ਇਸ ਕਦਰ ਹੈ ਕਿ ਕਈ ਨਵੇਂ ਵਰਕਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਹਨ।
ਉਨ੍ਹਾਂ ਕਿਹਾ ਕਿ ਭਾਜਪਾ ਹੀ ਇੱਕ ਅਜਿਹੀ ਪਾਰਟੀ ਹੈ ਜਿਸ ਵਿੱਚ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਂਦਾ ਹੈ। ਪ੍ਰੋਫੈਸਰ ਬਲਿਆਲਾ ਨੇ ਕਿਹਾ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਪੂਰੀ ਬਹੁਮਤ ਨਾਲ ਸੂਬੇ ਵਿੱਚ ਆਪਣੀ ਸਰਕਾਰ ਬਣਾਏਗੀ।